ਅੱਜ ਕੌਮੀ ਇੰਜੀਨੀਅਰਜ਼ ਦਿਵਸ ’ਤੇ ਵਿਸ਼ੇਸ਼
ਇੰਜੀਨੀਅਰ: ਸਮਾਜ ਦੀ ਤਰੱਕੀ ਦੇ ਸਿਰਜਣਹਾਰ- *ਮਨਮੋਹਨ ਸਿੰਘ*
ਲੋਕ ਸੰਪਰਕ ਸਲਾਹਕਾਰ
ਉਪ ਸਕੱਤਰ ਲੋਕ ਸੰਪਰਕ (ਸੇਵਾ ਮੁਕਤ)ਪਾਵਰਕਾਮ
ਫੋਨ: 8437725172
ਕਿਸੇ ਨੇ ਇੱਕ ਇੰਜੀਨੀਅਰ ਨੂੰ ਪੁੱਛਿਆ ਕਿ ਤੁਹਾਨੂੰ ਇੰਜੀਨੀਅਰ ਹੋਣ ’ਤੇ ਆਪਣੇ ਆਪ ’ਤੇ ਮਾਣ ਕਿਉਂ ਮਹਿਸੂਸ ਹੁੰਦਾ ਹੈ ? ਇੰਜੀਨੀਅਰ ਨੇ ਇਸ ਸਵਾਲ ਦਾ ਬੜਾ ਦਿਲ ਨੂੰ ਛੂਹ ਲੈਣ ਵਾਲਾ ਜਵਾਬ ਦਿੰਦਿਆਂ ਕਿਹਾ ਕਿ ਕਾਨੂੰਨੀ ਖੇਤਰ ਨਾਲ ਜੁੜੇ ਵਕੀਲਾਂ ਦੀ ਜ਼ਿੰਮੇਂਵਾਰੀ ਨਾਗਰਿਕਾਂ ਨੂੰ ਕਾਨੂੰਨੀ ਪ੍ਰਣਾਲੀ ਰਾਹੀਂ ਨਿਆਂ ਦਿਵਾਉਣ ਨਾਲ ਜੁੜੀ ਹੋਈ ਹੈ ਅਤੇ ਸਿਹਤ ਸੇਵਾਵਾਂ ਦੇ ਵਰਗੇ ਵਿਆਪਕ ਖੇਤਰ ਵਿੱਚ ਕੰਮ ਕਰਦੇ ਡਾਕਟਰਾਂ ਦੀ ਜ਼ਿੰਮੇਂਵਾਰੀ ਲੋਕਾਂ ਨੂੰ ਸਿਹਤਮੰਦ ਰੱਖਣ ਅਤੇ ਬਿਮਾਰੀਆਂ ਦਾ ਇਲਾਜ ਕਰਨ ਨਾਲ ਸਬੰਧਤ ਹੈ,ਪਰ ਇੰਜੀਨੀਅਰ ਇਕ ਅਜਿਹੇ ਖੇਤਰ ਦੀ ਪ੍ਰਤੀਨਿਧਤਾ ਕਰਦਾ ਹੈ ਜਿਸ ਦਾ ਦੇਸ਼, ਸਮਾਜ ਅਤੇ ਕੌਮ ਦੀ ਤਰੱਕੀ ਅਤੇ ਖੁਸ਼ਹਾਲੀ ਨਾਲ ਸਿੱਧਾ ਸਬੰਧ ਹੁੰਦਾ ਹੈ।
ਉਸ ਨੇ ਅੱਗੇ ਕਿਹਾ ਕਿ ਇੱਕ ਇੰਜੀਨੀਅਰ ਦੀ ਸੋਚ ਸਿਰਫ਼ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਤੱਕ ਸੀਮਤ ਨਹੀਂ ਹੁੰਦੀ ਬਲਕਿ ਇੰਜੀਨੀਅਰ ਦਿਨ ਪ੍ਰਤੀ ਦਿਨ ਸਮਾਜ ਨੂੰ ਲੋੜੀਦੀਆਂ ਨਵੀਆਂ ਜਰੂਰਤਾਵਾਂ ਨੂੰ ਸਮਝ ਕੇ ਉਨ੍ਹਾਂ ਦੇ ਹੱਲ ਲੱਭਣ, ਨਵੀਆਂ ਤਕਨੀਕਾਂ ਨੂੰ ਵਿਕਸਤ ਕਰਨ ਅਤੇ ਮਨੁੱਖੀ ਜੀਵਨ ਨੂੰ ਹੋਰ ਸੁਖਾਲਾ ਬਣਾਉਣ ਲਈ ਲਗਾਤਾਰ ਯਤਨਸ਼ੀਲ ਰਹਿੰਦਾ ਹੈ। ਇਸੇ ਕਰਕੇ ਮੈਨੂੰ ਮਾਣ ਹੈ ਕਿ ਮੈਂ ਵੀ ਇੰਜੀਨੀਅਰਿੰਗ ਦੇ ਇਸ ਮਾਣਮੱਤੇ ਵਰਗ ਦਾ ਹਿੱਸਾ ਹਾਂ।
ਭਾਰਤ ਭਰ ਵਿੱਚ ਹਰ ਸਾਲ 15 ਸਤੰਬਰ ਨੂੰ ਕੌਮੀ ਇੰਜੀਨੀਅਰਜ਼ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਦੇਸ਼ ਅਤੇ ਸੰਸਾਰ ਭਰ ਵਿੱਚ ਇੰਜੀਨੀਅਰਿੰਗ ਦੇ ਖੇਤਰ ਵਿੱਚ ਆਪਣੀ ਕਾਬਲੀਅਤ, ਸੂਝ-ਬੂਝ ਅਤੇ ਮਿਹਨਤ ਦਾ ਲੋਹਾ ਮਨਵਾਉਣ ਵਾਲੇ ਇੰਜੀਨੀਅਰਾਂ ਦੀਆਂ ਸੇਵਾਵਾਂ ਨੂੰ ਸਨਮਾਨ ਦੇਣ ਦਾ ਮੌਕਾ ਹੈ। ਇੰਜੀਨੀਅਰਿੰਗ ਨੇ ਆਧੁਨਿਕ ਸਮਾਜ ਦੀ ਤਸਵੀਰ ਬਦਲਣ ਵਿੱਚ ਬਹੁਤ ਵਡਮੁੱਲਾ ਯੋਗਦਾਨ ਪਾਇਆ ਹੈ।
ਭਾਰਤ ਵਿੱਚ ਕੌਮੀ ਇੰਜੀਨੀਅਰਜ਼ ਦਿਵਸ ਮਹਾਨ ਇੰਜੀਨੀਅਰ ਅਤੇ ਭਾਰਤ ਰਤਨ ਨਾਲ ਸਨਮਾਨਿਤ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰੱਯਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰੱਯਾ ਨੂੰ ਭਾਰਤ ਦੇ ਨਿਰਮਾਣ ਅਤੇ ਵਿਕਾਸ ਵਿੱਚ ਬੇਮਿਸਾਲ ਯੋਗਦਾਨ ਪਾਇਆ। ਸਿੰਚਾਈ, ਜਲ ਪ੍ਰਬੰਧਨ, ਡੈਮਾਂ ਦੇ ਨਿਰਮਾਣ ਅਤੇ ਉਦਯੋਗਿਕ ਵਿਕਾਸ ਦੇ ਖੇਤਰ ਵਿੱਚ ਉਨ੍ਹਾਂ ਦੀ ਦੂਰਦਰਸ਼ੀ ਸੋਚ ਅੱਜ ਵੀ ਪ੍ਰੇਰਣਾ ਦਾ ਸਰੋਤ ਹੈ। ਕ੍ਰਿਸ਼ਨਰਾਜ ਸਾਗਰ ਡੈਮ ਸਮੇਤ ਕਈ ਮਹੱਤਵਪੂਰਨ ਜਲ ਪ੍ਰੋਜੈਕਟਾਂ ਨਾਲ ਉਨ੍ਹਾਂ ਦਾ ਨਾਮ ਵਿਸ਼ੇਸ਼ ਯੋਗਦਾਨ ਲਈ ਜੁੜਿਆ ਹੋਇਆ ਹੈ।
ਵਿਸ਼ਵੇਸ਼ਵਰੱਯਾ ਨੇ ਸਿਰਫ਼ ਇੰਜੀਨੀਅਰਿੰਗ ਪ੍ਰੋਜੈਕਟਾਂ ਤੱਕ ਆਪਣੇ ਆਪ ਨੂੰ ਸੀਮਤ ਨਹੀਂ ਰੱਖਿਆ, ਸਗੋਂ ਸਿੱਖਿਆ, ਉਦਯੋਗ ਅਤੇ ਪ੍ਰਸ਼ਾਸਨ ਦੇ ਖੇਤਰਾਂ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਮੈਸੂਰ ਰਿਆਸਤ ਦੇ ਵਿਕਾਸ ਵਿੱਚ ਉਨ੍ਹਾਂ ਦਾ ਯੋਗਦਾਨ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਦੇਸ਼ ਪ੍ਰਤੀ ਸਮਰਪਣ ਨੂੰ ਮਾਨਤਾ ਦਿੰਦਿਆਂ ਸਾਲ 1955 ਵਿੱਚ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।
ਕੌਮੀ ਇੰਜੀਨੀਅਰਜ਼ ਦਿਵਸ ਸਿਰਫ਼ ਇੱਕ ਮਹਾਨ ਇੰਜੀਨੀਅਰ ਨੂੰ ਯਾਦ ਕਰਨ ਦਾ ਦਿਨ ਨਹੀਂ, ਬਲਕਿ ਉਨ੍ਹਾਂ ਸਾਰੇ ਇੰਜੀਨੀਅਰਾਂ ਨੂੰ ਸਨਮਾਨ ਦੇਣ ਦਾ ਮੌਕਾ ਹੈ, ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ, ਲਗਨ, ਕਾਬਲੀਅਤ ਅਤੇ ਸਮਰਪਿਤ ਸੇਵਾਵਾਂ ਨਾਲ ਦੇਸ਼ ਦੀ ਤਰੱਕੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਦੇਸ਼ ਦੀਆਂ ਸੜਕਾਂ, ਪੁਲਾਂ, ਇਮਾਰਤਾਂ, ਬਿਜਲੀ ਪ੍ਰੋਜੈਕਟਾਂ, ਸਿੰਚਾਈ ਪ੍ਰਣਾਲੀਆਂ, ਸੰਚਾਰ ਸਾਧਨਾਂ, ਉਦਯੋਗਾਂ ਅਤੇ ਆਧੁਨਿਕ ਤਕਨੀਕੀ ਢਾਂਚੇ ਦੇ ਪਿੱਛੇ ਇੰਜੀਨੀਅਰਾਂ ਦੀ ਸੋਚ ਅਤੇ ਮਿਹਨਤ ਦੀ ਵੱਡੀ ਭੂਮਿਕਾ ਹੈ।
ਅੱਜ ਮਕੈਨੀਕਲ, ਸਿਵਲ, ਇਲੈਕਟ੍ਰਿਕਲ, ਦੂਰਸੰਚਾਰ, ਕੈਮੀਕਲ, ਸਿਹਤ ਸੇਵਾਵਾਂ, ਕੰਪਿਊਟਰ, ਸੂਚਨਾ ਤਕਨਾਲੋਜੀ ਅਤੇ ਹੋਰ ਆਦਿ ਕਈ ਇੰਜੀਨੀਅਰਿੰਗ ਖੇਤਰ ਤੇਜ਼ੀ ਨਾਲ ਵਿਕਸਤ ਹੋ ਰਹੇ ਹਨ। ਇਨ੍ਹਾਂ ਖੇਤਰਾਂ ਵਿੱਚ ਹੋ ਰਹੀ ਤਰੱਕੀ ਨੇ ਮਨੁੱਖੀ ਜੀਵਨ ਨੂੰ ਪਹਿਲਾਂ ਨਾਲੋਂ ਵਧੇਰੇ ਸੁਖਾਲਾ, ਤੇਜ਼ ਅਤੇ ਸੁਖਦਾਇਕ ਬਣਾਇਆ ਹੈ। ਉਦਯੋਗਿਕ ਤਰੱਕੀ ਤੋਂ ਲੈ ਕੇ ਖੇਤੀਬਾੜੀ ਦੇ ਆਧੁਨਿਕੀਕਰਨ ਤੱਕ, ਇੰਜੀਨੀਅਰਾਂ ਨੇ ਹਰ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ।
ਵਿਗਿਆਨ ਵੱਲੋਂ ਕੀਤੀਆਂ ਖੋਜਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਨੂੰ ਅਮਲੀ ਰੂਪ ਦੇਣ ਵਿੱਚ ਵੀ ਇੰਜੀਨੀਅਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਸਾਇੰਸ ਨਵੀਂ ਜਾਣਕਾਰੀ ਅਤੇ ਸਿਧਾਂਤ ਪ੍ਰਦਾਨ ਕਰਦਾ ਹੈ, ਜਦ ਕਿ ਇੰਜੀਨੀਅਰਿੰਗ ਉਨ੍ਹਾਂ ਵਿਚਾਰਾਂ ਨੂੰ ਅਮਲੀ ਰੂਪ ਦੇ ਕੇ ਮਨੁੱਖੀ ਜੀਵਨ ਲਈ ਲਾਭਦਾਇਕ ਬਣਾਉਂਦੀ ਹੈ। ਇਸ ਲਈ ਆਧੁਨਿਕ ਯੁੱਗ ਦੀਆਂ ਬਹੁਤ ਸਾਰੀਆਂ ਸਹੂਲਤਾਂਵਾਂ ਦੀ ਕਲਪਨਾ ਇੰਜੀਨੀਅਰਿੰਗ ਤੋਂ ਬਿਨਾਂ ਕਰਨਾ ਮੁਸ਼ਕਲ ਹੈ।
ਪੰਜਾਬ ਦੀ ਸਰਵਪੱਖੀ ਤਰੱਕੀ ਵਿੱਚ ਵੀ ਇੰਜੀਨੀਅਰਿੰਗ ਵਰਗ ਦਾ ਵਡਮੁੱਲਾ ਯੋਗਦਾਨ ਹੈ । ਵਿਸ਼ੇਸ਼ ਕਰਕੇ ਬਿਜਲੀ ਖੇਤਰ ਨੇ ਪੰਜਾਬ ਦੀ ਖੇਤੀਬਾੜੀ, ਉਦਯੋਗ ਅਤੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨਾਲ ਜੁੜੇ ਇੰਜੀਨੀਅਰਾਂ ਨੇ ਬਿਜਲੀ ਉਤਪਾਦਨ, ਸੰਚਾਲਣ, ਬਿਜਲੀ ਦੀ ਟਰਾਂਸਮਿਸ਼ਨ ਅਤੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਪਾਏਦਾਰ ਬਿਜਲੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਮਿਹਨਤ ਕੀਤੀ ਹੈ। ਬਿਜਲੀ ਪ੍ਰਣਾਲੀ ਦੇ ਵਿਸ਼ਾਲ ਢਾਂਚੇ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਆਪਣੇ ਆਪ ਵਿੱਚ ਇੱਕ ਵੱਡੀ ਤਕਨੀਕੀ ਜ਼ਿੰਮੇਂਵਾਰੀ ਹੈ,ਜਿਸ ਦੀ ਇਕ ਬੇਮਿਸਾਲ ਵਿਉਂਤਬੰਦੀ ਉਲੀਕੀ ਜਾਂਦੀ ਹੈ ਜਿਸ ਦਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਪੰਜਾਬ ਦੇ ਬਿਜਲੀ ਖੇਤਰ ਨੂੰ ਮਜ਼ਬੂਤ ਬਣਾਉਣ ਵਿੱਚ ਕਈ ਯੋਗ ਅਤੇ ਦੂਰਦਰਸ਼ੀ ਇੰਜੀਨੀਅਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਇਨ੍ਹਾਂ ਵਿੱਚ ਇੰਜ: ਐੱਚ. ਐੱਸ. ਭਾਟੀਆ, ਨਵਾਬ ਸਿੰਘ, ਇੰਜੀ. ਐੱਸ. ਗਿੱਲ, ਇੰਜ: ਹਰਬੰਸ ਸਿੰਘ, ਇੰਜ: ਵੀ. ਡੀ. ਸੂਦ, ਇੰਜ: ਐੱਨ. ਐੱਸ. ਵਸੰਤ, ਇੰਜ: ਕੇ. ਡੀ. ਚੌਧਰੀ, ਇੰਜ:ਪਦਮਜੀਤ ਸਿੰਘ, ਇੰਜ:ਪੀ. ਐੱਸ. ਸਤਨਾਮ, ਇੰਜ: ਬਲਦੇਵ ਸਿੰਘ ਸਰਾਂ,ਇੰਜ: ਪਰਮਜੀਤ ਸਿੰਘ,ਇੰਜ:ਡੀ.ਆਈ.ਐਸ. ਗਰੇਵਾਲ,ਇੰਜ:ਪੀ.ਐਸ ਖਾਂਬਾ,ਇੰਜ:ਐਸਆਰ ਵਸ਼ਿਸ਼ਟ ਅਤੇ ਇੰਜ: ਰਵਿੰਦਰ ਸਿੰਘ ਸੈਣੀ ਵਰਤਮਾਨ ਮੈਂਬਰ ਪੰਜਾਬ ਸਟੇਟ ਇਲੈਕਟੀਸਿਟੀ ਰੈਗੂਲੇਟਰੀ ਕਮਿਸ਼ਨ ਅਤੇ ਸਾਬਕਾ ਡਾਇਰੈਕਟਰ ਵਣਜ਼ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਆਦਿ ਦੇ ਨਾਮ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹਨ।
ਕੌਮੀ ਇੰਜੀਨੀਅਰਜ਼ ਦਿਵਸ ਦੇ ਮੌਕੇ ’ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਇੰਜੀਨੀਅਰ ਸੰਚਾਲਣ ਦੱਖਣ ਜ਼ੋਨ ਇੰਜ: ਰਤਨ ਕੁਮਾਰ ਮਿੱਤਲ, ਮੁੱਖ ਇੰਜੀਨੀਅਰ ਸੰਚਾਲਣ ਈਸਟ ਜ਼ੋਨ ਇੰਜ. ਮੋਹਿਤ ਸੂਦ, ਇੰਜ: ਸੁਖਵਿੰਦਰ ਸਿੰਘ ਮੁੱਖ ਇੰਜੀਨੀਅਰ ਸੀਜੀਆਰਐਫ, ਉਪ ਮੁੱਖ ਇੰਜੀਨੀਅਰ ਸੰਚਾਲਨ ਜਲੰਧਰ ਸਰਕਲ ਇੰਜ: ਗੁਲਸ਼ਨ ਚੁਟਾਨੀ, ਇੰਜ: ਹਰੀਸ਼ ਗੋਠਵਾਲ ਉਪ ਮੁੱਖ ਇੰਜੀਨੀਅਰ ਸੰਚਾਲਣ ਸਰਕਲ ਬਠਿੰਡਾ,ਉਪ ਮੁੱਖ ਇੰਜੀਨੀਅਰ ਰੋਪੜ ਸਰਕਲ ਇੰਜ: ਸਤਵਿੰਦਰ ਸਿੰਘ ਸੈਂਬੀ ,ਇੰਜ: ਹਰਪ੍ਰੀਤ ਸਿੰਘ ਉਬਰਾਏ ਉਪ ਮੁੱਖ ਇੰਜੀਨੀਅਰ ਸੰਚਾਲਣ ਮੌਹਾਲੀ ਸਰਕਲ,ਇੰਜ: ਹਰਪ੍ਰੀਤ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਸੰਚਾਲਣ ਦਿਹਾਤੀ ਡਵੀਜ਼ਨ ਪਟਿਆਲਾ,ਇੰਜ: ਗੁਰਵਿੰਦਰ ਸਿੰਘ ਐਕਸੀਅਨ ਸੰਚਾਲਣ ਈਸਟ ਡਵੀਜ਼ਨ ਪਟਿਆਲਾ,ਇੰਜ: ਅਮਨਦੀਪ ਸਿੰਘ ਢੀਂਡਸਾ ਐਕਸੀਅਨ ਸੰਚਾਲਣ ਸਰਹਿੰਦ ਡਵੀਜ਼ਨ,ਇੰਜ: ਜਤਿੰਦਰ ਸਿੰਘ ਕੰਡਾ ਸ਼ਿਫਟ ਐਕਸੀਅਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ, ਇੰਜ: ਸ਼ਮਿੰਦਰ ਸਿੰਘ ਸਿੱਧੂ ਸੀਨੀਅਰ ਐਕਸੀਅਨ ਐਰੋਂ ਸਿਟੀ ਡਵੀਜ਼ਨ ਮੌਹਾਲੀ,ਇੰਜ: ਸੁਖਜੀਤ ਕੁਮਾਰ ਐਕਸੀਅਨ ਸੰਚਾਲਣ ਕੁਰਾਲੀ ਡਵੀਜ਼ਨ,ਇੰਜ: ਰਜਿੰਦਰ ਕੌਰ ਗਿੱਲ ਵਧੀਕ ਨਿਗਰਾਨ ਇੰਜੀਨੀਅਰ,ਇੰਜ: ਮਨਦੀਪ ਕੋਰ ਨਿਗਰਾਨ ਇੰਜੀਨੀਅਰ,ਇੰਜ:ਜਗਮੋਹਨ ਸਿੰਘ ਨਿਰਮਾਨ ਐਕਸੀਅਨ ਵੈਸਟ ਡਵੀਜ਼ਨ ਪਟਿਆਲਾ,ਇੰਜ: ਸੁਖਚੈਨ ਕੌਰ ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾਲਣ ਮਾਡਲ ਟਾਊਨ ਡਵੀਜ਼ਨ ਪਟਿਆਲਾ ਅਤੇ ਇੰਜ: ਯਾਮਨੀ ਸਹਾਇਕ ਕਾਰਜਕਾਰੀ ਇੰਜੀਨੀਅਰ ਕਮਰਸ਼ੀਲ ਡਵੀਜ਼ਨ ਮੌਹਾਲੀ ਨੇ ਸਮੂੰਹ ਦੇਸ਼ ਦੇ ਇੰਜੀਨੀਅਰਾਂ ਨੂੰ ਇੰਜੀਨੀਅਰਜ਼ ਦਿਵਸ ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।
ਇਹ ਕਹਿਣਾ ਉਚਿਤ ਹੋਵੇਗਾ ਕਿ ਇੰਜੀਨੀਅਰਜ਼ ਦਿਵਸ ਸਿਰਫ਼ ਇੱਕ ਪੇਸ਼ੇ ਨਾਲ ਜੁੜੇ ਵਰਗ ਨੂੰ ਵਧਾਈ ਦੇਣ ਦਾ ਦਿਨ ਨਹੀਂ, ਸਗੋਂ ਸਿਰਜਣਾਤਮਕ ਸੋਚ, ਤਕਨੀਕੀ ਗਿਆਨ, ਅਣਥੱਕ ਮਿਹਨਤ ਅਤੇ ਦੇਸ਼ ਨਿਰਮਾਣ ਪ੍ਰਤੀ ਸਮਰਪਣ ਨੂੰ ਸਲਾਮ ਕਰਨ ਦਾ ਦਿਨ ਹੈ। ਸਮਾਜ ਦੀ ਖੁਸ਼ਹਾਲੀ, ਦੇਸ਼ ਦੀ ਤਰੱਕੀ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਹੱਲ ਲੱਭਣ ਵਿੱਚ ਇੰਜੀਨੀਅਰਾਂ ਦੀ ਭੂਮਿਕਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਹੱਤਵਪੂਰਨ ਹੋਵੇਗੀ।

-
ਮਨਮੋਹਨ ਸਿੰਘ, ਲੋਕ ਸੰਪਰਕ ਸਲਾਹਕਾਰ
iopspcl@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.