ਕਾਰ ਨਾਲ ਦਰਦਨਾਕ ਹਾਦਸੇ ਦੋਰਾਨ ਤਿੰਨ ਸਾਲ ਦੇ ਮਾਸੂਮ ਬੱਚੇ ਦੀ ਮੌਤ
ਖੰਨਾ, ਰਵਿੰਦਰ ਢਿੱਲੋਂ
ਪਿੰਡ ਭਾਦਲਾ ਦੀ ਬਾਜ਼ੀਗਰ ਬਸਤੀ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਤਿੰਨ ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਤਿੰਨ ਸਾਲਾ ਮਾਸੂਮ ਪਰਮਵੀਰ ਬੱਚਿਆਂ ਨਾਲ ਖੇਡ ਰਿਹਾ ਸੀ ਕਿ ਅਚਾਨਕ ਗੁਆਂਢੀ ਨੇ ਕਿਆ (Kia) ਕਾਰ ਨਾਲ ਬੱਚੇ ਨੂੰ ਕੁਚਲ ਦਿੱਤਾ। ਕਾਰ ਦੀ ਲਪੇਟ ਵਿੱਚ ਆਉਣ ਕਾਰਨ ਬੱਚੇ ਦਾ ਸਿਰ ਕੁਚਲਿਆ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਚੇ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਦੇ ਲੋਕ ਬੇਸੁੱਧ ਹਨ। ਹਾਲਾਂਕਿ ਹਾਦਸੇ ਤੋਂ ਬਾਅਦ ਮੁਲਜ਼ਮ ਕਾਰ ਚਾਲਕ ਅਤੇ ਪਰਿਵਾਰਕ ਮੈਂਬਰ ਬੱਚੇ ਨੂੰ ਹਸਪਤਾਲ ਲੈ ਕੇ ਪਹੁੰਚੇ ਸਨ, ਪਰ ਉੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।
ਬੱਚੇ ਦੇ ਪਿਤਾ ਨੇ ਰੋਂਦੇ ਹੋਏ ਦੋਸ਼ ਲਾਇਆ ਕਿ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਕਾਰ ਚਾਲਕ ਨੇ ਲਾਪਰਵਾਹੀ ਨਾਲ ਕਾਰ ਚਲਾਉਂਦੇ ਹੋਏ ਉਸ ਦੇ ਪੁੱਤਰ ਨੂੰ ਮਾਰ ਦਿੱਤਾ ਹੈ, ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਰਿਸ਼ਤੇਦਾਰ ਟਿੰਕੂ ਅਤੇ ਪ੍ਰਿੰਸ ਨੇ ਦੱਸਿਆ ਕਿ ਕਾਰ ਚਾਲਕ ਅਕਸਰ ਕਾਰ ਤੇਜ਼ ਚਲਾਉਂਦਾ ਸੀ। ਉਸ ਨੂੰ ਕਈ ਵਾਰ ਸਮਝਾਇਆ ਗਿਆ ਸੀ ਕਿ ਕਾਰ ਹੌਲੀ ਚਲਾਇਆ ਕਰੇ, ਪਰ ਉਲਟਾ ਉਹ ਉਨ੍ਹਾਂ ਨਾਲ ਹੀ ਉਲਝ ਪੈਂਦਾ ਸੀ। ਅੱਜ ਉਸ ਨੇ ਘਰ ਦੇ ਬਾਹਰ ਖੇਡਦੇ ਮਾਸੂਮ ਨੂੰ ਕੁਚਲ ਕੇ ਮਾਰ ਦਿੱਤਾ ਹੈ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।
ਦੂਜੇ ਪਾਸੇ, ਐੱਸ.ਐੱਚ.ਓ. ਵਿਜੇਪਾਲ ਸਿੰਘ ਗਰੇਵਾਲ ਦੱਸਿਆ ਕਿ ਕਾਰ ਚਾਲਕ ਨੇ ਬੱਚੇ ਨੂੰ ਕੁਚਲ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
- Download Babushahi App
-
-