9/11 ਹਮਲਿਆਂ ਦੇ 25 ਸਾਲ: ਅਮਰੀਕਾ ’ਚ ਸਿੱਖ ਪਛਾਣ, ਚੁਣੌਤੀਆਂ, ਜਾਗਰੂਕਤਾ, ਸੇਵਾ ਅਤੇ ਸਾਂਝ ਦਾ ਸਫ਼ਰ
ਲੇਖਕ: ਸਮੀਪ ਸਿੰਘ ਗੁਮਟਾਲਾ
11 ਸਤੰਬਰ 2001 ਨੂੰ ਅਮਰੀਕਾ ਦੀ ਧਰਤੀ ’ਤੇ ਹੋਏ ਦਹਿਸ਼ਤਗਰਦੀ ਹਮਲਿਆਂ ਦੀ ਇਸ ਸਾਲ 25ਵੀਂ ਵਰ੍ਹੇਗੰਢ ਹੈ। ਇਸ ਦਿਨ ਅਲ-ਕਾਇਦਾ ਨਾਲ ਜੁੜੇ 19 ਦਹਿਸ਼ਤਗਰਦਾਂ ਨੇ ਚਾਰ ਯਾਤਰੀ ਜਹਾਜ਼ ਹਾਈਜੈਕ ਕੀਤੇ। ਦੋ ਜਹਾਜ਼ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਦੇ ਟਵਿਨ ਟਾਵਰਾਂ ਨਾਲ ਟਕਰਾਏ, ਇੱਕ ਜਹਾਜ਼ ਵਾਸ਼ਿੰਗਟਨ ਡੀਸੀ ਦੇ ਨੇੜੇ ਅਮਰੀਕਾ ਦੇ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਨਾਲ ਟਕਰਾਇਆ ਅਤੇ ਚੌਥਾ ਜਹਾਜ਼ ਪੈਨਸਿਲਵੇਨੀਆ ਸੂਬੇ ਵਿੱਚ ਡਿੱਗਿਆ। ਇਨ੍ਹਾਂ ਹਮਲਿਆਂ ਵਿੱਚ 2,977 ਲੋਕਾਂ ਦੀ ਜਾਨ ਗਈ। ਇਹੀ ਘਟਨਾ ਦੁਨੀਆ ਭਰ ਵਿੱਚ “9/11” ਦੇ ਨਾਮ ਨਾਲ ਜਾਣੀ ਜਾਂਦੀ ਹੈ।
ਸਿੱਖ ਪਛਾਣ ‘ਤੇ ਸ਼ੱਕ ਦੀ ਨਜ਼ਰ
ਇਸ ਘਟਨਾ ਨੇ ਅਮਰੀਕਾ ਹੀ ਨਹੀਂ, ਪੂਰੀ ਦੁਨੀਆ ਨੂੰ ਬਦਲ ਦਿੱਤਾ। ਪਰ ਅਮਰੀਕਾ ਵਿੱਚ ਵੱਸਦੇ ਸਿੱਖਾਂ ਲਈ 9/11 ਦਾ ਇੱਕ ਹੋਰ ਪੱਖ ਵੀ ਸੀ। ਦਸਤਾਰ ਅਤੇ ਦਾੜ੍ਹੀ, ਜੋ ਸਾਡੀ ਸਿੱਖ ਪਛਾਣ ਦਾ ਮਾਣ ਸਨ, ਅਚਾਨਕ ਕੁਝ ਲੋਕਾਂ ਦੀਆਂ ਨਜ਼ਰਾਂ ਵਿੱਚ ਸ਼ੱਕ ਅਤੇ ਨਫ਼ਰਤ ਦਾ ਕਾਰਨ ਬਣ ਗਏ।
ਮੈਂ ਇਸ ਤਬਦੀਲੀ ਨੂੰ ਬਹੁਤ ਨੇੜਿਓਂ ਮਹਿਸੂਸ ਕੀਤਾ। ਮੈਂ ਅਗਸਤ 2000 ਵਿੱਚ ਅੰਮ੍ਰਿਤਸਰ ਤੋਂ ਡੇਟਨ, ਓਹਾਇਓ ਦੀ ਰਾਈਟ ਸਟੇਟ ਯੂਨੀਵਰਸਿਟੀ ਵਿੱਚ ਇਲੈਕਟ੍ਰਿਕਲ ਇੰਜੀਨੀਅਰਿੰਗ ਦੀ ਮਾਸਟਰਜ਼ ਡਿਗਰੀ ਕਰਨ ਅਮਰੀਕਾ ਆਇਆ ਸੀ। ਅਸੀਂ ਯੂਨੀਵਰਸਿਟੀ ਕੈਂਪਸ ਦੇ ਨੇੜੇ ਰਹਿੰਦੇ ਸੀ ਅਤੇ ਕਈ ਵਾਰ ਰਾਤ ਨੂੰ ਵੀ ਪੈਦਲ ਬਿਨਾਂ ਕਿਸੇ ਡਰ ਦੇ ਆਉਣਾ ਜਾਣਾ ਹੁੰਦਾ ਸੀ। ਕਦੇ ਇਹ ਨਹੀਂ ਲੱਗਿਆ ਕਿ ਮੇਰੇ ਕੇਸ, ਦਾੜ੍ਹੀ ਜਾਂ ਦਸਤਾਰ ਮੈਨੂੰ ਅਸੁਰੱਖਿਅਤ ਬਣਾ ਸਕਦੇ ਹਨ।
ਪਰ ਇੱਕ ਸਾਲ ਬਾਅਦ ਇਹ ਸਭ ਲਗਭਗ ਇੱਕ ਰਾਤ ਵਿੱਚ ਬਦਲ ਗਿਆ। ਹਮਲਿਆਂ ਤੋਂ ਬਾਅਦ ਟੈਲੀਵਿਜ਼ਨ ਅਤੇ ਅਖਬਾਰਾਂ ਵਿੱਚ ਓਸਾਮਾ ਬਿਨ ਲਾਦੇਨ ਦੀ ਦਾੜ੍ਹੀ ਅਤੇ ਸਿਰ ‘ਤੇ ਪੱਗੜੀ ਵਾਲੀਆਂ ਤਸਵੀਰਾਂ ਵਾਰ-ਵਾਰ ਦਿਖਾਈਆਂ ਜਾ ਰਹੀਆਂ ਸਨ। ਸਿੱਖ ਧਰਮ ਅਤੇ ਸਿੱਖ ਪਛਾਣ ਤੋਂ ਅਣਜਾਣ ਕਈ ਲੋਕਾਂ ਨੇ ਦਾੜ੍ਹੀ ਅਤੇ ਦਸਤਾਰ ਵਾਲੇ ਸਿੱਖਾਂ ਨੂੰ ਵੀ ਉਸੇ ਦਿੱਖ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ, ਜੋ ਦਸਤਾਰ ਸਾਡੀ ਸਿੱਖ ਪਛਾਣ ਦੀ ਨਿਸ਼ਾਨੀ ਸੀ, ਉਹੀ ਕੁਝ ਲੋਕਾਂ ਦੇ ਗੁੱਸੇ, ਸ਼ੱਕ ਅਤੇ ਬਦਲੇ ਦਾ ਨਿਸ਼ਾਨਾ ਬਣ ਗਈ।
ਉਸ ਸਮੇਂ ਪਰਿਵਾਰਾਂ ਵਿੱਚ ਸੁਰੱਖਿਆ ਦੀ ਚਿੰਤਾ ਵਧ ਗਈ। ਸਲਾਹ ਮਿਲਦੀ ਕਿ ਬਿਨਾਂ ਲੋੜ ਬਾਹਰ ਨਾ ਜਾਓ। ਕਈ ਸਿੱਖਾਂ ਨੂੰ “ਓਸਾਮਾ”ਜਾਂ “ਟੈਰਰਿਸਟ”ਵਰਗੇ ਸ਼ਬਦ ਸੁਣਣੇ ਪਏ। ਕੁਝ ਘਰਾਂ ਵਿੱਚ ਇਹ ਗੱਲ ਵੀ ਚੱਲੀ ਕਿ ਦਸਤਾਰ ਦੀ ਥਾਂ ਟੋਪੀ ਪਾ ਲਈ ਜਾਵੇ ਜਾਂ ਕੇਸ ਕਟਵਾ ਲਏ ਜਾਣ। ਡਰ ਅਸਲੀ ਸੀ, ਪਰ ਸਵਾਲ ਵੀ ਵੱਡਾ ਸੀ: ਕੀ ਆਪਣੀ ਜਾਨ ਬਚਾਉਣ ਦੀ ਚਿੰਤਾ ਸਾਨੂੰ ਆਪਣੀ ਪਛਾਣ ਲੁਕਾਉਣ ਵੱਲ ਧੱਕ ਦੇਵੇ?
ਇਸ ਨਫਰਤ ਦੀ ਸਭ ਤੋਂ ਦਰਦਨਾਕ ਮਿਸਾਲ ਹਮਲਿਆਂ ਤੋਂ ਸਿਰਫ਼ ਚਾਰ ਦਿਨ ਬਾਅਦ ਸਾਹਮਣੇ ਆਈ। ਅਰੀਜ਼ੋਨਾ ਦੇ ਮੇਸਾ ਸ਼ਹਿਰ ਵਿੱਚ ਬਲਬੀਰ ਸਿੰਘ ਸੋਢੀ ਨੂੰ ਆਪਣੇ ਗੈਸ ਸਟੇਸ਼ਨ ਦੇ ਬਾਹਰ ਫੁੱਲਾਂ ਨੂੰ ਪਾਣੀ ਦਿੰਦਿਆਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲ 9/11 ਦਾ ਬਦਲਾ ਲੈਣਾ ਚਾਹੁੰਦਾ ਸੀ ਅਤੇ ਉਸ ਨੇ ਸੋਢੀ ਦੀ ਦਸਤਾਰ ਅਤੇ ਦਾੜ੍ਹੀ ਨੂੰ ਦੁਸ਼ਮਣ ਦੀ ਪਛਾਣ ਸਮਝ ਲਿਆ। ਅਮਰੀਕਾ ਵਿੱਚ ਵੱਸਦੇ ਸਿੱਖਾਂ ਲਈ ਇਹ ਸਿਰਫ਼ ਇੱਕ ਕਤਲ ਨਹੀਂ ਸੀ, ਇਹ ਚੇਤਾਵਨੀ ਸੀ ਕਿ ਜਿਸ ਦਸਤਾਰ ਨੂੰ ਅਸੀਂ ਆਪਣੀ ਪਛਾਣ, ਸਨਮਾਨ ਅਤੇ ਜ਼ਿੰਮੇਵਾਰੀ ਨਾਲ ਜੋੜਦੇ ਹਾਂ, ਉਹੀ ਕਿਸੇ ਦੀ ਨਫ਼ਰਤ ਦਾ ਨਿਸ਼ਾਨਾ ਬਣ ਸਕਦੀ ਹੈ।
ਇਸੇ ਕਰਕੇ “ਮਿਸਟੇਕਨ ਆਈਡੈਂਟਿਟੀ”ਵਾਲੀ ਗੱਲ ਨੂੰ ਵੀ ਸਾਵਧਾਨੀ ਨਾਲ ਸਮਝਣ ਦੀ ਲੋੜ ਹੈ। ਸਿੱਖਾਂ ’ਤੇ ਹਮਲਾ ਇਸ ਲਈ ਗਲਤ ਨਹੀਂ ਸੀ ਕਿ ਉਹ ਮੁਸਲਮਾਨ ਨਹੀਂ ਸਨ। ਮੁਸਲਮਾਨਾਂ, ਅਰਬ ਮੂਲ ਦੇ ਲੋਕਾਂ, ਦੱਖਣੀ ਏਸ਼ੀਆਈਆਂ ਜਾਂ ਕਿਸੇ ਹੋਰ ਬੇਗੁਨਾਹ ਵਿਅਕਤੀ ’ਤੇ ਹਮਲਾ ਵੀ ਉਤਨਾ ਹੀ ਗਲਤ ਸੀ। ਕਿਸੇ ਵਿਅਕਤੀ ਜਾਂ ਸਮੂਹ ਦੇ ਅਪਰਾਧ ਦਾ ਦੋਸ਼ ਉਸ ਨਾਲ ਮਿਲਦੀ-ਜੁਲਦੀ ਦਿੱਖ, ਧਰਮ ਜਾਂ ਪਿਛੋਕੜ ਵਾਲੇ ਬੇਗੁਨਾਹ ਲੋਕਾਂ ’ਤੇ ਨਹੀਂ ਲਾਇਆ ਜਾ ਸਕਦਾ।
ਨਫ਼ਰਤ ਦਾ ਜਵਾਬ: ਸੇਵਾ ਅਤੇ ਚੜ੍ਹਦੀ ਕਲਾ
ਪਰ 9/11 ਤੋਂ ਬਾਅਦ ਸਿੱਖਾਂ ਦੇ ਤਜਰਬੇ ਸਿਰਫ਼ ਡਰ ਅਤੇ ਨਫ਼ਰਤ ਤੱਕ ਸੀਮਤ ਨਹੀਂ ਸਨ। ਸੇਵਾ ਅਤੇ ਮਨੁੱਖਤਾ ਦਾ ਇੱਕ ਹੋਰ ਪੱਖ ਵੀ ਸਾਹਮਣੇ ਆਇਆ। ਡਾ. ਨਵਿੰਦਰਦੀਪ ਸਿੰਘ ਨਿੱਝਰ ਉਸ ਵੇਲੇ ਬਰੁਕਲਿਨ, ਨਿਊਯਾਰਕ ਵਿੱਚ ਸਰਜਰੀ ਦੇ ਰੈਜ਼ੀਡੈਂਟ ਸਨ। ਰਾਤ ਦੀ ਹਸਪਤਾਲ ਡਿਊਟੀ ਤੋਂ ਬਾਅਦ ਉਹ ਵਰਲਡ ਟਰੇਡ ਸੈਂਟਰ ਦੇ ਮਲਬੇ ਵਾਲੀ ਥਾਂ (ਗਰਾਊਂਡ ਜ਼ੀਰੋ) ’ਤੇ ਸੇਵਾ ਕਰਨ ਲਈ ਪਹੁੰਚੇ। ਉਨ੍ਹਾਂ ਨੇ ਜ਼ਖ਼ਮੀਆਂ ਦੀ ਮੁੱਢਲੀ ਜਾਂਚ ਅਤੇ ਇਲਾਜ ਲਈ ਕੇਂਦਰ ਬਣਾਉਣ ਵਿੱਚ ਸਹਾਇਤਾ ਕੀਤੀ ਅਤੇ ਜ਼ਖ਼ਮੀ ਫਾਇਰਫਾਈਟਰਾਂ ਦੀ ਦੇਖਭਾਲ ਵਿੱਚ ਵੀ ਹਿੱਸਾ ਪਾਇਆ। ਪਰ ਬਾਅਦ ਵਿੱਚ ਉਨ੍ਹਾਂ ਨੂੰ ਵੀ ਅਜਿਹੇ ਲੋਕਾਂ ਦੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੇ ਉਨ੍ਹਾਂ ਦੀ ਦਸਤਾਰ ਅਤੇ ਦਾੜ੍ਹੀ ਦੇਖ ਕੇ ਉਨ੍ਹਾਂ ਨੂੰ ਹਮਲਾਵਰਾਂ ਨਾਲ ਜੋੜ ਦਿੱਤਾ। ਇੱਕ ਦਸਤਾਰਧਾਰੀ ਸਿੱਖ ਡਾਕਟਰ ਅਮਰੀਕਾ ਦੇ ਸਭ ਤੋਂ ਔਖੇ ਪਲਾਂ ਵਿੱਚ ਲੋਕਾਂ ਦੀ ਸੇਵਾ ਕਰ ਰਿਹਾ ਸੀ, ਪਰ ਉਹੀ ਦਸਤਾਰ ਕਿਸੇ ਹੋਰ ਲਈ ਸ਼ੱਕ ਦਾ ਕਾਰਨ ਸੀ।
ਡਾ. ਨਿੱਝਰ ਦੀ ਸੇਵਾ ਸਿੱਖੀ ਦੇ ਇੱਕ ਬੁਨਿਆਦੀ ਅਸੂਲ ਨੂੰ ਦਰਸਾਉਂਦੀ ਹੈ। ਸੇਵਾ ਕਿਸੇ ਦਾ ਧਰਮ, ਰੰਗ ਜਾਂ ਕੌਮੀਅਤ ਨਹੀਂ ਪੁੱਛਦੀ ਅਤੇ ਲੰਗਰ ਅਮੀਰ ਤੇ ਗਰੀਬ ਵਿੱਚ ਫ਼ਰਕ ਨਹੀਂ ਕਰਦਾ। ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਹਜ਼ਾਰਾਂ ਲੋਕ ਬਿਨਾਂ ਕਿਸੇ ਭੇਦਭਾਵ ਦੇ ਲੰਗਰ ਛਕਦੇ ਹਨ। ਚੜ੍ਹਦੀ ਕਲਾ ਸਾਨੂੰ ਔਖੇ ਸਮੇਂ ਵਿੱਚ ਹੌਸਲਾ ਦਿੰਦੀ ਹੈ ਅਤੇ ਸਰਬੱਤ ਦਾ ਭਲਾ ਸਾਰੀ ਮਨੁੱਖਤਾ ਦੀ ਭਲਾਈ ਲਈ ਅਰਦਾਸ ਕਰਨੀ ਸਿਖਾਉਂਦਾ ਹੈ।
ਇਸੇ ਲਈ 11 ਸਤੰਬਰ ਤੋਂ ਬਾਅਦ ਸਿੱਖਾਂ ਦਾ ਜਵਾਬ ਸਿਰਫ਼ ਇਹ ਕਹਿਣ ਤੱਕ ਸੀਮਤ ਨਹੀਂ ਰਹਿ ਸਕਦਾ ਸੀ ਕਿ “ਤੁਸੀਂ ਸਾਨੂੰ ਕੋਈ ਹੋਰ ਸਮਝ ਕੇ ਨਫ਼ਰਤ ਕਰ ਰਹੇ ਹੋ।” ਅਮਰੀਕਾ ਭਰ ਵਿੱਚ ਕਈ ਗੁਰਦੁਆਰਿਆਂ ਨੇ ਗੁਆਂਢੀਆਂ ਲਈ ਦਰਵਾਜ਼ੇ ਖੋਲ੍ਹੇ, ਲੰਗਰ ਲਗਾਏ, ਵੱਖ-ਵੱਖ ਧਰਮਾਂ ਦੇ ਇੰਟਰਫੇਥ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਨਾਲ ਵੀ ਖੜ੍ਹੇ ਹੋਏ ਜੋ ਵਿਤਕਰੇ ਦਾ ਸਾਹਮਣਾ ਕਰ ਰਹੇ ਸਨ।
ਜਾਗਰੂਕਤਾ ਤੋਂ ਸੰਗਠਿਤ ਆਵਾਜ਼ ਤੱਕ
ਇਸ ਨਾਲ ਇੱਕ ਹੋਰ ਗੱਲ ਵੀ ਸਪੱਸ਼ਟ ਹੋਈ। ਸਿਰਫ਼ ਸੇਵਾ ਅਤੇ ਸਦਭਾਵਨਾ ਕਾਫ਼ੀ ਨਹੀਂ ਸੀ। ਭਾਈਚਾਰੇ ਨੂੰ ਅਜਿਹੀਆਂ ਸੰਸਥਾਵਾਂ ਦੀ ਵੀ ਲੋੜ ਸੀ ਜੋ ਨਫ਼ਰਤ ਦੇ ਅਪਰਾਧ, ਸਕੂਲ ਬੁਲਿੰਗ, ਨੌਕਰੀ ‘ਤੇ ਵਿਤਕਰੇ ਅਤੇ ਧਾਰਮਿਕ ਆਜ਼ਾਦੀ ਨਾਲ ਜੁੜੀਆਂ ਚੁਣੌਤੀਆਂ ਦਾ ਜਵਾਬ ਦੇ ਸਕਣ। ਸਿੱਖ ਕੋਅਲੀਸ਼ਨ, ਸਾਲਡੈਫ਼, ਯੂਨਾਈਟਡ ਸਿੱਖਸ ਅਤੇ ਹੋਰ ਸੰਸਥਾਵਾਂ ਨੇ ਇਸ ਕੰਮ ਵਿੱਚ ਅਹਿਮ ਭੂਮਿਕਾ ਨਿਭਾਈ। ਇੱਕ ਤਰ੍ਹਾਂ ਨਾਲ 9/11 ਤੋਂ ਬਾਅਦ ਦੇ ਹਾਲਾਤਾਂ ਨੇ ਅਮਰੀਕਾ ਦੇ ਸਿੱਖਾਂ ਨੂੰ ਹੋਰ ਸੰਗਠਿਤ ਅਤੇ ਸਰਗਰਮ ਹੋਣ ਲਈ ਵੀ ਪ੍ਰੇਰਿਆ।
ਮੈਂ ਇਹ ਤਬਦੀਲੀ ਡੇਟਨ ਵਿੱਚ ਆਪਣੀ ਅੱਖੀਂ ਵੇਖੀ। 9/11 ਤੋਂ ਬਾਅਦ ਮੇਰੇ ਰਿਸ਼ਤੇਦਾਰਾਂ, ਹੋਰ ਸਿੱਖ ਵਿਦਿਆਰਥੀਆਂ ਅਤੇ ਸਥਾਨਕ ਪਰਿਵਾਰਾਂ ਨਾਲ ਮਿਲ ਕੇ ਮੈਂ ਵੀ ਰਾਈਟ ਸਟੇਟ ਯੂਨੀਵਰਸਿਟੀ ਵਿੱਚ ਲੋਕਾਂ ਨਾਲ ਹੋਰ ਸਰਗਰਮੀ ਨਾਲ ਸੰਪਰਕ ਕਰਨ ਲੱਗਾ। ਸਿੱਖ ਸਟੂਡੈਂਟ ਐਸੋਸੀਏਸ਼ਨ ਰਾਹੀਂ ਅਸੀਂ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਸਿੱਖ ਇਤਿਹਾਸ ਤੇ ਪਛਾਣ ਬਾਰੇ ਪ੍ਰਦਰਸ਼ਨੀਆਂ ਲਗਾਈਆਂ। 2004 ਦੀ ਵਿਸਾਖੀ ਦੇ ਇੱਕ ਪ੍ਰੋਗਰਾਮ ਵਿੱਚ ਲਗਭਗ 350 ਵਿਦਿਆਰਥੀ, ਪ੍ਰੋਫੈਸਰ, ਸਟਾਫ ਅਤੇ ਹੋਰ ਲੋਕ ਸ਼ਾਮਲ ਹੋਏ ਜਿਸ ਵਿੱਚ ਕਈ ਮਹਿਮਾਨਾਂ ਦੇ ਸਿਰਾਂ ’ਤੇ ਦਸਤਾਰਾਂ ਵੀ ਸਜਾਈਆਂ ਗਈਆਂ। ਇਹ ਪ੍ਰੋਗਰਾਮ ਇੰਨਾ ਸਫਲ ਰਿਹਾ ਕਿ ਕਈ ਅਮਰੀਕੀ ਵਿਦਿਆਰਥੀ ਦਸਤਾਰ ਸਜਾ ਕੇ ਆਪਣੀਆਂ ਕਲਾਸਾਂ ਵਿੱਚ ਵੀ ਗਏ।
ਜਦੋਂ ਵੀ ਯੂਨੀਵਰਸਿਟੀ ਜਾਂ ਲੋਕਲ ਮੀਡੀਆ ਵਿੱਚ ਦਸਤਾਰ ਅਤੇ ਦਾੜ੍ਹੀ ਨੂੰ ਅੱਤਵਾਦ ਨਾਲ ਜੋੜਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ, ਅਸੀਂ ਪੱਤਰਕਾਰਾਂ ਨਾਲ ਗੱਲ ਕਰਕੇ ਸਮਝਾਉਂਦੇ ਕਿ ਇਹ ਦਸਤਾਰਧਾਰੀ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀਆਂ ਹਨ।
ਅਗਲੀ ਪੀੜ੍ਹੀ ਅਤੇ ਆਪਣੇਪਣ ਦਾ ਅਹਿਸਾਸ
2007 ਵਿੱਚ ਜਦੋਂ ਮੈਂ ਪਿਤਾ ਬਣਿਆ ਤਾਂ ਇਹ ਮਸਲਾ ਹੋਰ ਨਿੱਜੀ ਹੋ ਗਿਆ। ਜਦੋਂ ਮੇਰਾ ਪੁੱਤਰ ਕੇਸਾਂ ਦਾ ਜੂੜਾ ਕਰਕੇ, ਪਟਕਾ ਬੰਨ੍ਹ ਕੇ ਸਕੂਲ ਜਾਣ ਲੱਗਾ ਤਾਂ ਮੈਂ ਉਸ ਦੇ ਟੀਚਰਾਂ ਨਾਲ ਗੱਲ ਕੀਤੀ ਅਤੇ ਕਈ ਵਾਰ ਕਲਾਸ ਵਿੱਚ ਜਾ ਕੇ ਬੱਚਿਆਂ ਨੂੰ ਉਸ ਦੇ ਕੇਸ, ਪਟਕੇ ਅਤੇ ਕੜੇ ਬਾਰੇ ਦੱਸਿਆ। ਛੋਟੇ ਬੱਚਿਆਂ ਦੇ ਸਵਾਲ ਸਿੱਧੇ ਅਤੇ ਮਾਸੂਮ ਸਨ। “ਉਸ ਦੇ ਵਾਲ ਉੱਪਰ ਕਿਉਂ ਬੰਨੇ ਹਨ?”, “ਪਟਕਾ ਕਿਵੇਂ ਬੰਨ੍ਹਦੇ ਹੋ?”, “ਕੜਾ ਕਿਉਂ ਪਾਉਂਦਾ ਹੈ?” ਉਹਨਾਂ ਸਵਾਲਾਂ ਨੇ ਮੈਨੂੰ ਇੱਕ ਮਹੱਤਵਪੂਰਨ ਗੱਲ ਸਿਖਾਈ। ਅਣਜਾਣਤਾ ਹਰ ਵਾਰ ਪੱਖਪਾਤ ਜਾਂ ਨਫਰਤ ਨਹੀਂ ਹੁੰਦੀ। ਉਹ ਆਪਣੇ ਨਾਲ ਪੜ੍ਹਦੇ ਇਸ ਵੱਖਰੀ ਦਿੱਖ ਵਾਲੇ ਸਾਥੀ ਨੂੰ ਸਮਝਣਾ ਚਾਹੁੰਦੇ ਸਨ। ਕਈ ਵਾਰ ਇੱਕ ਮਾਸੂਮ ਸਵਾਲ ਹੀ ਸਮਝ ਦੀ ਸ਼ੁਰੂਆਤ ਹੁੰਦਾ ਹੈ।
ਇੱਕ ਦਿਨ ਸਕੂਲ ਵਿੱਚ ਮੇਰੇ ਪੁੱਤਰ ਦਾ ਪਟਕਾ ਥੋੜ੍ਹਾ ਖੁੱਲ੍ਹ ਗਿਆ। ਉਸ ਦੀ ਟੀਚਰ ਨੇ ਪਟਕਾ ਠੀਕ ਕਰਕੇ ਮੁੜ ਬੰਨ੍ਹ ਦਿੱਤਾ। ਇਹ ਛੋਟੀ ਜਿਹੀ ਘਟਨਾ ਅੱਜ ਵੀ ਮੇਰੇ ਲਈ ਭਾਵਨਾਤਮਕ ਯਾਦ ਹੈ। ਉਸ ਅਧਿਆਪਕਾ ਨੇ ਆਪਣੇ ਇਸ ਛੋਟੇ ਜਿਹੇ ਕੰਮ ਨਾਲ ਇੱਕ ਸਿੱਖ ਬੱਚੇ ਨੂੰ ਅਹਿਸਾਸ ਕਰਵਾਇਆ ਕਿ ਉਸ ਦੀ ਪਛਾਣ ਕੋਈ ਸਮੱਸਿਆ ਨਹੀਂ ਸੀ। ਅਸੀਂ ਅਕਸਰ ਉਹਨਾਂ ਲੋਕਾਂ ਨੂੰ ਯਾਦ ਰੱਖਦੇ ਹਾਂ ਜਿਨ੍ਹਾਂ ਨੇ ਸਾਨੂੰ ਦੁੱਖ ਦਿੱਤਾ ਜਾਂ ਅਪਮਾਨਿਤ ਕੀਤਾ। ਪਰ ਉਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਦੀ ਸਮਝ, ਪਿਆਰ ਅਤੇ ਛੋਟੇ-ਛੋਟੇ ਕੰਮ ਸਾਨੂੰ ਆਪਣੇਪਣ ਦਾ ਅਹਿਸਾਸ ਦਿੰਦੇ ਹਨ।
2012 ਵਿੱਚ ਵਿਸਕਾਂਸਿਨ ਦੇ ਓਕ ਕ੍ਰੀਕ ਗੁਰਦੁਆਰੇ ਵਿੱਚ ਹੋਏ ਕਤਲੇਆਮ ਨੇ ਫਿਰ ਯਾਦ ਕਰਵਾਇਆ ਕਿ ਜਾਗਰੂਕਤਾ ਦੇ ਯਤਨਾਂ ਦੇ ਬਾਵਜੂਦ ਨਫ਼ਰਤ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਫਿਰ ਵੀ ਸਿੱਖਾਂ ਦਾ ਜਵਾਬ ਪਿੱਛੇ ਹਟਣਾ ਨਹੀਂ ਸੀ। ਸੇਵਾ, ਚੜ੍ਹਦੀ ਕਲਾ, ਏਕਤਾ ਅਤੇ ਸਮਾਜ ਵਿੱਚ ਹੋਰ ਸਰਗਰਮ ਹਿੱਸੇਦਾਰੀ ਜਾਰੀ ਰਹੀ।
ਸਮੇਂ ਦੇ ਨਾਲ ਇਹ ਹਿੱਸੇਦਾਰੀ ਯੂਨੀਵਰਸਿਟੀ ਦੇ ਕੈਂਪਸ ਤੋਂ ਬਾਹਰ ਵੀ ਵਧੀ। ਸਾਡੇ ਵਰਗੇ ਸਿੱਖ ਪਰਿਵਾਰ ਕਲਚਰ ਫੈਸਟੀਵਲਾਂ, ਮੈਮੋਰੀਅਲ ਡੇ ਤੇ ਇੰਡੀਪੈਂਡੈਂਸ ਡੇ ਪਰੇਡ, ਇੰਟਰਫੇਥ ਅਤੇ ਹੋਰ ਕਮਿਊਨਿਟੀ ਸਮਾਗਮਾਂ ਵਿੱਚ ਹਿੱਸਾ ਲੈਂਦੇ ਰਹੇ। ਮਕਸਦ ਸਿਰਫ਼ ਇਹ ਦੱਸਣਾ ਨਹੀਂ ਸੀ ਕਿ ਸਿੱਖ ਕੌਣ ਹਨ। ਇਹ ਵੀ ਅਹਿਸਾਸ ਸੀ ਕਿ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ, ਉਸ ਦੇ ਦੁੱਖ-ਸੁੱਖ, ਯਾਦਾਂ ਅਤੇ ਜਨਤਕ ਜੀਵਨ ਵਿੱਚ ਸਾਡੀ ਹਿੱਸੇਦਾਰੀ ਵੀ ਹੋਣੀ ਚਾਹੀਦੀ ਹੈ।
ਅੱਜ, 25 ਸਾਲ ਬਾਅਦ, ਅਮਰੀਕਾ ਵਿੱਚ ਸਿੱਖ ਪਹਿਲਾਂ ਨਾਲੋਂ ਵਧੇਰੇ ਸੰਗਠਿਤ ਤੇ ਸਰਗਰਮ ਹਨ ਅਤੇ ਆਪਣੇ ਅਧਿਕਾਰਾਂ ਦੀ ਵਕਾਲਤ ਕਰਨ ਲਈ ਤਿਆਰ ਵੀ ਹਨ। ਇਹ ਤਬਦੀਲੀ ਅਗਲੀ ਪੀੜ੍ਹੀ ਵਿੱਚ ਵੀ ਦਿਖਾਈ ਦਿੰਦੀ ਹੈ। ਅੱਜ ਸਿੱਖ ਨੌਜਵਾਨ, ਦਸਤਾਰਧਾਰੀ ਬੀਬੀਆਂ ਸਮੇਤ, ਆਪਣੀ ਦਿੱਖ ਅਤੇ ਪਛਾਣ ਨੂੰ ਕਾਇਮ ਰੱਖਦਿਆਂ ਸਕੂਲਾਂ, ਯੂਨੀਵਰਸਿਟੀਆਂ, ਵੱਖ-ਵੱਖ ਪੇਸ਼ਿਆਂ ਅਤੇ ਜਨਤਕ ਜੀਵਨ ਵਿੱਚ ਪੂਰੇ ਹੱਕ ਨਾਲ ਅੱਗੇ ਵਧਣ ਦੀ ਉਮੀਦ ਰੱਖਦੇ ਹਨ।
ਪਛਾਣ ਲੁਕਾਉਣ ਦੀ ਨਹੀਂ, ਨਿਡਰ ਹੋ ਕੇ ਜੀਉਣ ਦੀ ਲੋੜ
ਪਰ ਇਹ ਸਫ਼ਰ ਇੱਥੇ ਮੁੱਕਦਾ ਨਹੀਂ। ਪਿਛਲੇ 25 ਸਾਲਾਂ ਵਿੱਚ ਬਹੁਤ ਕੁਝ ਬਦਲਿਆ ਹੈ ਅਤੇ ਅੱਜ ਪਹਿਲਾਂ ਨਾਲੋਂ ਵੱਧ ਅਮਰੀਕੀ ਲੋਕ ਸਿੱਖਾਂ ਬਾਰੇ ਜਾਣਦੇ ਹਨ। ਫਿਰ ਵੀ ਕਦੇ-ਕਦੇ ਨਫ਼ਰਤ ਜਾਂ ਵਿਤਕਰੇ ਦੀਆਂ ਘਟਨਾਵਾਂ ਯਾਦ ਕਰਵਾਉਂਦੀਆਂ ਹਨ ਕਿ ਲੋਕਾਂ ਨਾਲ ਸੰਪਰਕ ਅਤੇ ਜਾਗਰੂਕਤਾ ਦਾ ਕੰਮ ਜਾਰੀ ਰੱਖਣਾ ਜ਼ਰੂਰੀ ਹੈ। ਸਿੱਖਾਂ ਨੂੰ ਵੀ ਸਕੂਲਾਂ, ਯੂਨੀਵਰਸਿਟੀਆਂ, ਇੰਟਰਫੇਥ ਅਤੇ ਕਮਿਊਨਿਟੀ ਪ੍ਰੋਗਰਾਮਾਂ, ਪਰੇਡ ਅਤੇ ਸੇਵਾ ਦੇ ਕੰਮਾਂ ਵਿੱਚ ਸਰਗਰਮ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ।
ਪਿਛਲੇ 25 ਸਾਲਾਂ ਦਾ ਸਭ ਤੋਂ ਵੱਡਾ ਸਬਕ ਮੇਰੇ ਲਈ ਇਹੀ ਹੈ ਕਿ ਡਰ ਕਰਕੇ ਆਪਣੀ ਸਿੱਖ ਪਛਾਣ ਲੁਕਾਉਣਾ ਹੱਲ ਨਹੀਂ। ਆਪਣੀ ਪਛਾਣ ਨਾਲ ਨਿਡਰ ਹੋ ਕੇ ਜੀਉਣਾ, ਸੇਵਾ ਕਰਨੀ, ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਆਵਾਜ਼ ਉਠਾਉਣੀ ਅਤੇ ਸਮਾਜ ਦਾ ਚੰਗਾ ਤੇ ਸਰਗਰਮ ਹਿੱਸਾ ਬਣਨਾ ਹੀ ਅੱਗੇ ਦਾ ਰਾਹ ਹੈ।
ਸਿੱਖ ਅਰਦਾਸ ਦੇ ਅੰਤਲੇ ਸ਼ਬਦ, ਜੋ ਪੰਜਾਬ ਤੋਂ ਲੈ ਕੇ ਦੁਨੀਆ ਭਰ ਵਿੱਚ ਸਿੱਖਾਂ ਦੀ ਅਰਦਾਸ ਦਾ ਹਿੱਸਾ ਹਨ, ਅੱਜ ਵੀ ਉਤਨੇ ਹੀ ਅਰਥਪੂਰਨ ਹਨ: “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ,” ਜਿਸ ਵਿੱਚ ਚੜ੍ਹਦੀ ਕਲਾ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਦੀ ਕਾਮਨਾ ਹੈ।
ਲੇਖਕ ਬਾਰੇ:
ਸਮੀਪ ਸਿੰਘ ਗੁਮਟਾਲਾ ਪੇਸ਼ੇ ਵਜੋਂ ਇੰਜੀਨੀਅਰ ਹਨ ਅਤੇ ਡੇਟਨ, ਓਹਾਇਓ ਵਿੱਚ ਰਹਿੰਦੇ ਹਨ। ਉਹ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਿੱਖ ਜਾਗਰੂਕਤਾ, ਇੰਟਰਫੇਥ ਅਤੇ ਵੱਖ-ਵੱਖ ਭਾਈਚਾਰਕ ਪਹਿਲਕਦਮੀਆਂ ਵਿੱਚ ਸਰਗਰਮ ਹਨ।

-
ਸਮੀਪ ਸਿੰਘ ਗੁਮਟਾਲਾ, ਲੇਖਕ
asd
123
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.