ਪਾਵਰਕੌਮ ਉਪ ਮੰਡਲ ਮਹਿਲਕਲਾਂ ਦਾ ਨੌਜਵਾਨ ਮਿਹਨਤੀ ਕਾਮਾ ਗੁਰਪ੍ਰੀਤ ਸਿੰਘ ਸਹਾਇਕ ਲਾਈਨ ਮੈਨ ਕੱਲ੍ਹ 24 ਮਈ ਨੂੰ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਸਦਾ ਸਦਾ ਲਈ ਬੇਵਕਤੀ ਵਿਛੋੜਾ ਦੇ ਗਿਆ। ਤਿੰਨ ਭੈਣਾਂ ਦਾ ਇਕਲੌਤਾ ਭਰਾ, ਮਾਂ-ਬਾਪ ਦੀ ਬੁਢਾਪੇ ਦੀ ਡੰਗੋਰੀ ਸੀ। ਪੰਜ ਮਹੀਨੇ ਪਹਿਲਾਂ ਸੁਹਾਗ ਚੂੜਾ ਪਹਿਨਕੇ ਆਈ ਗੁਰਪ੍ਰੀਤ ਸਿੰਘ ਦੀ ਪਤਨੀ ਲਈ ਭਰ ਜੁਆਨ ਅਵਸਥਾ ਵਿੱਚ ਆਪਣੇ ਪਤੀ ਦੀ ਮੌਤ ਦਾ ਸੱਲ ਬਰਦਾਸ਼ਤ ਕਰਨਾ ਸੌਖਾ ਨਹੀਂ ਹੈ।
ਇਸ ਕਾਮੇ ਦੀ ਬੇਵਕਤੀ ਮੌਤ ਨੇ ਸਭਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਾਵਰਕੌਮ ਅੰਦਰਲੇ ਉਸ ਦੇ ਸਾਥੀ ਹੀ ਨਹੀਂ, ਪੂਰਾ ਮਹਿਲਕਲਾਂ ਕਸਬਾ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਇਸ ਬੇਵਕਤੀ ਮੌਤ ਕਾਰਨ ਡੂੰਘੇ ਗਮ ਵਿੱਚ ਡੁੱਬੇ ਹੋਏ ਹਨ। ਪ੍ਰੀਵਾਰ ਦੇ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋ ਰਹੇ ਹਨ। ਅਜਿਹਾ ਹੋਣਾ ਵੀ ਚਾਹੀਦਾ ਹੈ। ਇਨ੍ਹਾਂ ਅਣ-ਆਈਆਂ ਮੌਤਾਂ, ਘਰਾਂ ਵਿੱਚ ਵਿਚ ਰਹੇ ਸੱਥਰਾਂ ਬਾਰੇ ਚੇਤੰਨ ਹਿੱਸਿਆਂ ਨੂੰ ਹੋਰ ਵੀ ਵੱਧ ਚਿੰਤਨ ਕਰਨ ਦੀ ਲੋੜ ਹੈ। ਗੁਰਪ੍ਰੀਤ ਸਿੰਘ ਦੀ ਬੇਵਕਤੀ ਮੌਤ ਪਹਿਲੀ ਜਾਂ ਆਖ਼ਰੀ ਨਹੀਂ ਹੈ। ਇਹ ਪੂਰਾ ਵਰਤਾਰਾ ਹੈ। ਆਖਿਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਪਿੱਛੇ ਕੀ ਕਾਰਨ ਹਨ? ਪੈਂਦੇ ਵੈਣਾਂ ਨੂੰ ਕਿਵੇਂ ਰੋਕ ਸਕਾਂਗੇ?
ਮਸਲੇ ਦੀ ਜੜ ਇਹ ਹੈ ਕਿ ਜਨਤਕ ਖੇਤਰ ਦੇ ਇਸ ਅਦਾਰੇ ਦਾ 16 ਅਪ੍ਰੈਲ 2010 ਨੂੰ ਵਿਸ਼ਵ ਵਪਾਰ ਸੰਸਥਾ ਦੀਆਂ ਇੱਛਾਵਾਂ ਤਹਿਤ ਬਿਜਲੀ ਬਿੱਲ-2003 ਰਾਹੀਂ ਭੋਗ ਪਾਕੇ ਦੋ ਭਾਗਾਂ ਪਾਵਰਕੌਮ ਅਤੇ ਟਰਾਂਸਕੋ ਵਿੱਚ ਵੰਡ ਦਿੱਤਾ ਸੀ। ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਮਿੰਦਰ ਸਾਹਿਬ ਵੱਲ ਹੱਥ ਕਰਕੇ ਕੋਈ ਤਬਦੀਲੀ ਨਾਂ ਕਰਦਿਆਂ ਬਿਹਤਰ ਅਤੇ ਮਿਆਰੀ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। 15 ਸਾਲਾਂ ਬਾਅਦ ਬਿਜਲੀ ਬੋਰਡ ਦਾ ਇਹ ਅਦਾਰਾ ਆਪਣੀ ਹੋਣੀ ਨੂੰ ਤਰਸ ਰਿਹਾ ਹੈ। ਉਸ ਤੋਂ ਬਾਅਦ ਪੱਕੀ ਭਰਤੀ ਦੀ ਥਾਂ ਕਿਰਤ ਦੀ ਤਿੱਖੀ ਲੁੱਟ ਕਰਨ ਲਈ ਠੇਕੇਦਾਰੀ ਅਤੇ ਆਊਟਸੋਰਸ ਦਾ ਦੌਰ ਸ਼ੁਰੂ ਹੋ ਗਿਆ। ਪੱਕੀਆਂ ਅਸਾਮੀਆਂ ਵਿਰੁੱਧ ਮਾਮੂਲੀ ਭਰਤੀ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਯਾਰਡ ਸਟਿੱਕ ਅਨੁਸਾਰ ਹਜ਼ਾਰਾਂ ਦੀ ਗਿਣਤੀ ਵਿੱਚ ਜੇਈ, ਲਾਈਨ ਮੈਨ, ਸਹਾਇਕ ਲਾਈਨ ਮੈਨ, ਐਸ ਐਸ ਏ ਤਕਨੀਕੀ ਅਸਾਮੀਆਂ ਖ਼ਾਲੀ ਪਈਆਂ ਹਨ। ਕਾਰਪੋਰੇਸ਼ਨ ਬਣਨ ਤੋਂ ਪਹਿਲਾਂ ਸਾਲ 1989-90 ਦੌਰਾਨ ਬਿਜਲੀ ਬੋਰਡ ਅੰਦਰ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਉੱਪਰ ਸੀ ਜੋ ਕਿ 2010-11 ਵਿੱਚ 55,547 ਅਤੇ 2014-15 ਵਿੱਚ 43,123 ਰਹਿ ਗਈ ਸੀ। ਹੁਣ ਦੇ ਤਾਜ਼ਾ ਅਧਿਕਾਰਤ ਅੰਕੜੇ ਉਪਲਬਧ ਨਹੀਂ ਹਨ, ਪਰ ਇੱਕ ਅੰਦਾਜ਼ੇ ਅਨੁਸਾਰ ਹੁਣ ਇਹ ਗਿਣਤੀ 25 ਹਜ਼ਾਰ ਤੋਂ ਵੱਧ ਨਹੀਂ ਹੈ। ਦੂਜੇ ਪਾਸੇ ਕਨੈਕਸ਼ਨਾਂ ਦੀ ਗਿਣਤੀ ਜੋ ਕਿ 2010-11 ਵਿੱਚ ਲੱਗਭੱਗ 30 ਲੱਖ ਸੀ, ਉਹ 2022- 23 ਵਿੱਚ 1,05,13,750 ਹੋ ਗਈ ਸੀ। ਹੁਣ ਦੇ ਅੰਦਾਜ਼ੇ ਅਨੁਸਾਰ ਇਹ ਘੱਟੋ ਘੱਟ ਇੱਕ ਕਰੋੜ 15 ਲੱਖ ਦੇ ਲਗਭਗ ਹੈ।
ਸੋ ਮੁਲਾਜ਼ਮਾਂ ਦੀ ਗਿਣਤੀ 2010-11 ਦੇ ਮੁਕਾਬਲੇ ਅੱਧ ਤੋਂ ਵੀ ਘੱਟ ਰਹਿ ਗਈ ਹੈ, ਜਦੋਂ ਕਿ ਕੁਨੈਕਸ਼ਨਾਂ ਦੀ ਗਿਣਤੀ ਲੱਗਭੱਗ ਚਾਰ ਗੁਣਾ ਹੋ ਗਈ ਹੈ। ਇਹ ਵੀ ਵਰਨਣ ਯੋਗ ਹੈ ਕਿ ਕਈ ਸਾਲ ਪਹਿਲਾਂ ਆਈਟੀਆਈ ਅਪਰੈਂਟਸ਼ਿਪ ਕਰਨ ਵਾਲੇ ਨੂੰ ਲਾਈਨ ਮੈਨ ਦੀ ਪੱਕੀ ਰੈਗੂਲਰ ਪੋਸਟ ਤੇ ਭਰਤੀ ਕੀਤਾ ਜਾਂਦਾ ਸੀ ਜਦੋਂ ਕਿ ਹੁਣ ਆਈਟੀਆਈ ਅਪਰੈਂਟਸ਼ਿਪ ਪਾਸ ਨੂੰ ਸਹਾਇਕ ਲਾਈਨਮੈਨ ਰੱਖਿਆ ਜਾਂਦਾ ਹੈ ਉਹ ਵੀ ਕਿਤੇ ਕੰਟਰੈਕਟ ਤੇ ਅਤੇ ਕਦੇ ਤਿੰਨ ਸਾਲ ਦੇ ਪ੍ਰੋਬੇਸ਼ਨਰੀ ਪੀਰੀਅਡ ਤੇ। 2004 ਤੋਂ ਬਾਅਦ ਭਰਤੀ ਹੋਣ ਵਾਲਿਆਂ ਦੇ ਤਾਂ ਪੈਨਸ਼ਨ ਅਤੇ ਹੋਰ ਲਾਭ ਬੁਰੀ ਤਰਾਂ ਖੋਹ ਲਏ ਗਏ ਹਨ। ਇਸ ਤਰਾਂ ਨਿਗੂਣੀਆਂ ਤਨਖਾਹਾਂ ਤੇ ਜਾਨ ਜੋਖਮ ਵਿੱਚ ਪਾ ਕੇ ਕੰਮ ਕਰਨ ਵਾਲੇ ਇਹ ਕਾਮੇ ਆਪਣੀਆਂ ਕਬੀਲਦਾਰੀਆਂ ਦੇ ਬੋਝ ਹੇਠ ਪੂਰੀ ਤਰ੍ਹਾਂ ਨਪੀੜੇ ਜਾਂਦੇ ਹਨ ਅਤੇ ਇਸ ਮਾਨਸਿਕ ਬੋਝ ਕਾਰਨ ਦੁਰਘਟਨਾਵਾਂ ਹੋਣ ਦੀ ਦਰ ਵਿੱਚ ਵੱਡਾ ਵਾਧਾ ਹੋ ਜਾਂਦਾ ਹੈ।
ਜਿੱਥੇ ਇਹ ਹਾਦਸਾ ਵਾਪਰਿਆ ਉੱਥੇ ਹਾਸਲ ਜਾਣਕਾਰੀ ਅਨੁਸਾਰ ਜੇਈ ਦੀਆਂ 7 ਅਸਾਮੀਆਂ ਵਿੱਚੋਂ ਸਿਰਫ 3 ਭਰੀਆਂ ਹੋਈਆਂ 4 ਖਾਲੀ, ਲਾਈਨ ਮੈਨ ਦੀਆਂ 26 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ ਸਿਰਫ 4 ਭਰੀਆਂ ਹੋਈਆਂ 22 ਖ਼ਾਲੀ, ਸਹਾਇਕ ਲਾਈਨ ਮੈਨ ਦੀਆਂ 52 ਮਨਜ਼ੂਰ ਸ਼ੁਦਾ ਅਸਾਮੀਆਂ ਵਿੱਚੋਂ ਸਿਰਫ਼ 23 ਭਰੀਆਂ ਹੋਈਆਂ ਅਤੇ 29 ਖ਼ਾਲੀ ਪਈਆਂ ਹਨ। ਔਸਤ 75% ਤੱਕ ਟੈਕਨੀਕਲ ਅਸਾਮੀਆਂ ਖਾਲੀ ਪਈਆਂ ਹਨ। ਦੂਜਾ ਅਹਿਮ ਪੱਖ ਇਹ ਹੈ ਕਿ ਬਿਜਲੀ ਮੁਲਾਜ਼ਮਾਂ ਦਾ ਕੰਮ ਬਹੁਤ ਖ਼ਤਰਨਾਕ ਹੁੰਦਾ ਹੈ ਇਸ ਲਈ ਕੰਮ ਕਰਦੇ ਸਮੇਂ ਉਹਨਾਂ ਨੂੰ ਐਕਸੀਡੈਂਟ ਤੋਂ ਬਚਾਉਣ ਲਈ ਬਕਾਇਦਾ ਨਿਯਮ ਬਣੇ ਹੋਏ ਹਨ। ਬਿਜਲੀ ਕਾਮਿਆਂ ਲਈ ਟੂਲ ਕਿੱਟਾਂ, ਪੌੜੀਆਂ, ਉੱਚੀਆਂ ਥਾਵਾਂ ਤੇ ਕੰਮ ਕਰਨ ਲਈ ਸੇਫਟੀ ਬੈਲਟਾਂ ਅਤੇ ਲੋੜੀਂਦੇ ਉਪਕਰਨ ਮੁੱਹਈਆ ਕਰਵਾਏ ਜਾਣੇ ਚਾਹੀਦੇ ਹਨ। ਉੰਝ ਤਾਂ ਐਕਸੀਡੈਂਟਾਂ ਤੋਂ ਬਚਾਉਣ ਵਾਲਾ ਇਹ ਜ਼ਰੂਰੀ ਸਮਾਨ ਪਾਵਰ ਕੌਮ ਵੱਲੋਂ ਵੀ ਕਦੇ ਤਸੱਲੀ ਬਖਸ਼ ਢੰਗ ਨਾਲ ਮੁਲਾਜਮਾਂ ਨੂੰ ਜਾਰੀ ਨਹੀਂ ਕੀਤਾ ਗਿਆ ਪਰ ਹੁਣ ਤਾਂ ਠੇਕੇਦਾਰੀ ਸਿਸਟਮ ਆ ਜਾਣ ਕਾਰਨ ਰੱਬ ਹੀ ਰਾਖਾ ਹੈ। ਠੇਕੇਦਾਰ ਵੱਧ ਤੋਂ ਵੱਧ ਪੈਸਾ ਬਚਾਉਣ ਦੇ ਚੱਕਰ ਵਿੱਚ ਕਾਮਿਆਂ ਤੋਂ ਵੱਧ ਤੋਂ ਵੱਧ ਕੰਮ ਲੈਂਦੇ ਹਨ ਅਤੇ ਸਹੂਲਤਾਂ ਦੇਣ ਤੋਂ ਆਨਾ ਕਾਨੀ ਕਰਦੇ ਹਨ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਗੁਰਪ੍ਰੀਤ ਸਿੰਘ ਦੀ ਇਹ ਦੁਖਦਾਈ ਮੌਤ ਕਿਸੇ ਕਿਸਮਤ ਜਾਂ ਰੱਬ ਦੇ ਭਾਣੇ ਕਾਰਨ ਨਹੀਂ ਸਗੋਂ ਕਾਰਪੋਰੇਟ ਪੱਖੀ ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਗਿਆ ਕਤਲ ਹੈ।
ਇਹ ਦੁਖਦਾਈ ਘਟਨਾ ਸਿਰਫ ਗੁਰਪ੍ਰੀਤ ਸਿੰਘ ਦੀ ਮੌਤ ਦਾ ਸਵਾਲ ਨਹੀਂ ਹੈ, ਹਰ ਰੋਜ਼ ਬਿਜਲੀ ਕਰੰਟ ਨਾਲ ਵਾਪਰਦੇ ਹਾਦਸੇ ਗੰਭੀਰ ਚਿੰਤਨ ਦਾ ਵਿਸ਼ਾ ਹੈ। ਅਜਿਹੇ ਵਰਤਾਰਿਆਂ ਨੂੰ ਰੋਕਣ ਲਈ ਇੱਕ ਜੁਟ ਸਾਂਝੇ ਤਰਥੱਲ ਪਾਊ ਸੰਘਰਸ਼ ਦੀ ਲੋੜ ਹੈ। ਪਾਵਰਕੌਮ ਦੇ ਅਦਾਰੇ ਅੰਦਰ ਮੁਲਾਜ਼ਮਾਂ ਦੀ ਵੱਡੀ ਘਾਟ ਹੈ ਅਤੇ ਉਹ ਕਈ ਜਥੇਬੰਦੀਆਂ ਵਿੱਚ ਵੰਡੇ ਹੋਏ ਹਨ। ਇਹਨਾਂ ਜਥੇਬੰਦੀਆਂ ਨੂੰ ਪਾਵਰਕੌਮ ਅਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਖ਼ਿਲਾਫ਼ ਚੇਤੰਨ ਦ੍ਰਿੜ ਸੰਘਰਸ਼ ਲਾਮਬੰਦ ਕਰਨ ਲਈ ਸੁਚੇਤ ਯਤਨਾਂ ਦੀ ਲੋੜ ਹੈ।
ਇਹ ਵੀ ਗੌਰ ਕਰਨ ਯੋਗ ਹੈ ਕਿ ਹਰ ਸਾਲ ਰੈਗੂਲਰ ਬਿਜਲੀ ਮੁਲਾਜ਼ਮਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਨ ਵਾਲੇ ਕਾਮਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹਨਾਂ ਸਾਰੇ ਪੱਕੇ ਮੁਲਾਜ਼ਮਾਂ ਅਤੇ ਠੇਕੇਦਾਰਾਂ ਦੇ ਵਰਕਰਾਂ ਦਾ ਭਵਿੱਖ ਸਾਂਝਾ ਹੈ। ਇਹਨਾਂ ਸਾਰਿਆਂ ਨੂੰ ਇੱਕ ਦੂਜੇ ਨਾਲ ਜੋਟੀ ਪਾ ਕੇ ਸਾਂਝੇ ਸੰਘਰਸ਼ਾਂ ਨੂੰ ਮਘਾਉਣਾ ਚਾਹੀਦਾ ਹੈ ਤਾਂ ਕਿ ਆਪਣੇ ਰੁਜ਼ਗਾਰ ਦੀ ਰਾਖੀ ਦੇ ਨਾਲ ਨਾਲ ਉਹ ਆਪਣੀਆਂ ਕੀਮਤੀ ਜਾਨਾਂ ਦੀ ਰਾਖੀ ਵੀ ਕਰ ਸਕਣ।

-
ਨਰਾਇਣ ਦੱਤ , ਲੇਖਕ
ndutt2011@gmail.com
8427511770
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.