ਮਾਨ ਸਰਕਾਰ ਵੱਲੋਂ ਰਾਜਪੁਰਾ ਵਾਸੀਆਂ ਲਈ ਪੀਣ ਵਾਲੇ ਸਾਫ਼ ਪਾਣੀ ਦਾ ਵੱਡਾ ਤੋਹਫ਼ਾ
- ਮੰਤਰੀ ਡਾ. ਰਵਜੋਤ ਸਿੰਘ ਨੇ ਵਿਧਾਇਕ ਨੀਨਾ ਮਿੱਤਲ ਦੀ ਮੌਜੂਦਗੀ 'ਚ 33.66 ਕਰੋੜ ਰੁਪਏ ਦੇ ਪਾਈਪਲਾਈਨ ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
- ਪੰਜਾਬ ਦੇ ਸਾਰੇ ਸ਼ਹਿਰਾਂ 'ਚ ਲੋਕਾਂ ਨੂੰ ਮਿਲੇਗਾ ਪੀਣ ਵਾਲਾ ਸਾਫ਼ ਪਾਣੀ-ਡਾ. ਰਵਜੋਤ ਸਿੰਘ
- ਪਿਛਲੀਆਂ ਸਰਕਾਰਾਂ ਨੇ 50 ਸਾਲਾਂ ਤੋਂ ਲੋਕਾਂ ਦੀ ਪੀਣ ਵਾਲੀ ਸਮੱਸਿਆ ਵੱਲ ਨਹੀਂ ਦਿੱਤਾ ਕਦੇ ਧਿਆਨ-ਨੀਨਾ ਮਿੱਤਲ
- 57.30 ਕਿਲੋਮੀਟਰ ਨਵੀਂ ਪਾਈਪਲਾਈਨ ਨਾਲ 10 ਹਜ਼ਾਰ ਘਰਾਂ ਤੇ 50 ਹਜ਼ਾਰ ਆਬਾਦੀ ਨੂੰ ਸਾਫ ਪਾਣੀ ਦਾ ਲਾਭ ਮਿਲੇਗਾ
ਚੰਡੀਗੜ੍ਹ, 26 ਮਈ 2025 - ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਡਾ ਰਵਜੋਤ ਸਿੰਘ ਨੇ ਅੱਜ ਹਲਕਾ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ ਦੇ ਯਤਨਾਂ ਸਦਕਾ ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪੁਰਾਣਾ ਰਾਜਪੁਰਾ ਵਿਖੇ ਅੰਮਰੁਤ-2 ਅਧੀਨ 33.66 ਕਰੋੜ ਰੁਪਏ ਦੇ ਪਾਈਪਲਾਈਨ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਦੇ ਹੋਏ ਲੋਕਾਂ ਨੂੰ ਰੋਸ਼ਨ ਤੇ ਸਾਫ ਸੁਥਰਾ ਪੰਜਾਬ ਦੇਣ ਲਈ ਅੱਗੇ ਵੱਧ ਰਹੀ ਹੈ। ਪੀਣ ਵਾਲੇ ਪਾਣੀ ਦੀ ਪਾਈਪਲਾਈਨ ਪ੍ਰਾਜੈਕਟ ਦੀ ਸ਼ੁਰੂਆਤ ਲਈ ਰਾਜਪੁਰਾ ਵਾਸੀਆਂ ਨੂੰ ਵਧਾਈ ਦਿੰਦਿਆਂ ਤੇ ਵਿਧਾਇਕ ਨੀਨਾ ਮਿੱਤਲ ਦਾ ਧੰਨਵਾਦ ਕਰਦਿਆਂ ਡਾ. ਰਵਜੋਤ ਸਿੰਘ ਨੇ ਆਖਿਆ ਕਿ ਜੇਕਰ ਅਸੀਂ ਹੁਣ ਵੀ ਲੋਕਾਂ ਪੀਣ ਵਾਲਾ ਸਾਫ ਪਾਣੀ ਵੀ ਨਾ ਦੇ ਸਕੇ ਤਾਂ ਅਸੀਂ ਖੁਦ ਨੂੰ ਮੁਆਫ ਨਹੀਂ ਕਰ ਸਕਾਂਗੇ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ।
ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਨੀਨਾ ਮਿੱਤਲ ਵੱਲੋਂ ਚੁੱਕੇ ਗਏ ਮੁੱਦੇ ਦੇ ਸਨਮੁੱਖ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੰਗ ਨੂੰ ਤੁਰੰਤ ਮਨਜੂਰ ਕਰਦਿਆਂ 33.66 ਕਰੋੜ ਰੁਪਏ ਦੇ ਪਾਈਪਲਾਈਨ ਜਲ ਸਪਲਾਈ ਪ੍ਰੋਜੈਕਟ ਅੰਮਰੁਤ-2 ਅਧੀਨ ਪਾਸ ਕੀਤਾ।
ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਮੌਜੂਦ ਸਰਕਾਰ ਰਾਜ ਦੀ ਅਜਿਹੀ ਪਹਿਲੀ ਸਰਕਾਰ ਹੈ ਜਿਸ ਨੇ ਕਦੇ ਨਹੀਂ ਕਿਹਾ ਕਿ ਸਾਡਾ ਖ਼ਜ਼ਾਨਾ ਖਾਲੀ ਹੈ।ਉਨ੍ਹਾਂ ਦੱਸਿਆ ਕਿ ਸਾਰੇ ਪੰਜਾਬ ਵਿੱਚ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਪੰਜਾਹ ਸਾਲਾਂ ਤੋਂ ਸਾਫ ਪਾਣੀ ਦੇਣ ਲਈ ਸਰਕਾਰਾਂ ਪਿਛਲੀਆਂ ਨੇ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ ਪਰੰਤੂ ਮੌਜੂਦਾ ਸਰਕਾਰ ਨੇ ਰਾਜਪੁਰਾ ਵਾਸੀਆਂ ਨੂੰ ਇਹ ਅਹਿਮ ਤੋਹਫ਼ਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਡਿਸਟ੍ਰੀਬਯੂਸ਼ਨ ਪਾਇਪ ਨੈਟਵਰਕ ਨੂੰ ਮਜ਼ਬੂਤ ਕਰਕੇ ਇਸ ਪ੍ਰੋਜੈਕਟਅਧੀਨ ਪੁਰਾਣਾ ਰਾਜਪੁਰਾ ਅਤੇ ਰਾਜਪੁਰਾ ਟਾਊਨ ਵਿੱਚ 57.30 ਕਿਲੋਮੀਟਰ ਨਵੀਂ ਪਾਈਪਲਾਈਨ ਪਾਈ ਜਾਣੀ ਹੈ, ਇਸ ਨਾਲ ਕਰੀਬ 10 ਹਜ਼ਾਰ ਘਰਾਂ ਦੀ 50 ਹਜ਼ਾਰ ਦੀ ਆਬਾਦੀ ਨੂੰ ਸਾਫ ਪਾਣੀ ਦਾ ਲਾਭ ਮਿਲੇਗਾ।
ਨੀਨਾ ਮਿੱਤਲ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਗੇਟਵੇ ਆਫ ਪੰਜਾਬ ਰਾਜਪੁਰਾ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਹੁਣ ਰੰਗਲਾ ਪੰਜਾਬ ਬਣਾਉਣ ਲਈ ਤਤਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਦੀਆਂ ਮੁਢਲੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾ ਰਵਜੋਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੂੰ ਹੁਣ ਪਾਣੀ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ।
ਨੀਨਾ ਮਿੱਤਲ ਨੇ ਦੱਸਿਆ ਕਿ ਰਾਜਪੁਰਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਵਿੱਚ ਮਿਕਸਿੰਗ ਦੀ ਇੱਕ ਗੰਭੀਰ ਸਮੱਸਿਆ ਹੈ ਜਿਸ ਕਰਕੇ ਪੁਰਾਣਾ ਰਾਜਪੁਰਾ ਦੇ ਮੁਹੱਲੇ, ਭਾਰਤ ਕਲੋਨੀ, ਧਰਮਪੁਰਾ ਕਲੋਨੀ, ਛੱਜੂਮਾਜਰੀ, ਗਰਗ ਕਲੋਨੀ, ਨਵਯੁੱਗ ਕਲੋਨੀ, ਰੋਸ਼ਨ ਕਲੋਨੀ, ਅਮਰ ਚੰਦ ਕਲੋਨੀ, ਠਾਕਰਪੁਰੀ, ਜੱਟਾਂ ਵਾਲਾ ਮੋਹੱਲਾ, ਗੁਜ਼ਰਾਂ ਵਾਲਾ ਮੋਹੱਲਾ ਆਦਿ ਅਤੇ ਰਾਜਪੁਰਾ ਟਾਊਨ ਵਿੱਚ ਡਾਲਿਮਾ ਵਿਹਾਰ, ਕਨਿਕਾ ਗਾਰਡਨ, ਸ਼ਾਮ ਨਗਰ, ਮਹਿੰਦਰਗੰਜ਼, ਮਿਰਚ ਮੰਡੀ, ਗੁਰੁ ਨਾਨਕ ਕਲੋਨੀ ਅਤੇ ਹੋਰ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਵਾਟਰ ਸਪਲਾਈ ਲਾਈਨਾਂ ਸਮੇਤ ਘਰੇਲੂ ਕੁਨੇਕਸ਼ਨਾਂ ਨੂੰ ਬਦਲਣ ਦੀ ਤਜ਼ਵੀਜ਼ ਇੱਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਵਿਧਾਇਕ ਨੇ ਦੱਸਿਆ ਕਿ ਅਮਰੁਤ ਪ੍ਰੋਜੇਕਟ ਦੇ ਸਕੋਪ ਦੇ ਪਹਿਲੇ ਹਿੱਸੇ ਵਿੱਚ ਰਾਜਪੁਰਾ ਸ਼ਹਿਰ ਵਾਸੀਆਂ ਲਈ ਮੇਨ ਰਾਈਜਿੰਗਮੇਨ ਲਾਈਨਾਂ, ਡਿਸਟ੍ਰੀਬਿਊਸ਼ਨ ਲਾਈਨਾਂ ਅਤੇ ਸਥਾਨਕ ਨਿਵਾਸੀਆਂ ਲਈ ਘਰੇਲੂ ਕੁਨੈਕਸ਼ਨ ਸ਼ਾਮਲ ਕੀਤੇ ਗਏ ਤਾਂ ਜੋ ਲਗਾਤਾਰ ਹੋ ਰਹੀ ਪੀਣ ਵਾਲੇ ਪਾਣੀ ਵਿੱਚ ਪੁਰਾਣੀ ਪਾਈਪਲਾਈਨਾਂ ਸਮੇਤ ਘਰੇਲੂ ਕੁਨੈਕਸ਼ਨ ਬਦਲਦੇ ਹੋਏ ਇਲਾਕਾ ਨਿਵਾਸੀਆਂ ਨੂੰ ਸਾਫ ਪਾਣੀ ਮਿਲ ਸਕੇ। ਪੁਰਾਣਾ ਰਾਜਪੁਰਾ ਲਈ ਵਾਟਰ ਵਰਕਸ ਤੋਂ ਸਿੱਧੀ ਰਾਇਜ਼ਿੰਗਮੈਨ (ਹਾਟਲਾਈਨ) ਪਾਈ ਜਾਵੇਗੀ।
ਇਸ ਮੌਕੇ ਪੰਜਾਬ ਰਾਜ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ ਸੰਨੀ ਸਿੰਘ ਆਹਲੂਵਾਲੀਆ ਸਮੇਤ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ, ਐਸਡੀਐਮ ਅਵਿਕੇਸ਼ ਗੁਪਤਾ, ਈ ਓ ਅਵਤਾਰ ਚੰਦ, ਐਮ ਐਲ ਏ ਕੋਆਰਡੀਨੇਟਰ ਰਿਤੇਸ਼ ਬਾਂਸਲ ਅਤੇ ਸਥਾਨਕ ਲੋਕ ਵੀ ਮੌਜੂਦ ਸਨ।