ਜਸਵੀਰ ਸਿੰਘ ਗੜ੍ਹੀ ਕੌਮੀ ਵੱਲੋਂ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ
ਚੰਡੀਗੜ੍ਹ, 26 ਮਈ, 2025 – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਨਵੀਂ ਦਿੱਲੀ ਵਿਖੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨਾਲ ਮੁਲਾਕਾਤ ਕੀਤੀ ਗਈ। ਸ੍ਰੀ ਮਕਵਾਨਾ ਨੇ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਸ੍ਰੀ ਗੜ੍ਹੀ ਨੂੰ ਦਿੱਲੀ ਵਿਖੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਫ਼ਤਰ ਆਉਣ ਦਾ ਸੱਦਾ ਦਿੱਤਾ ਸੀ।
ਇਸ ਮੁਲਾਕਾਤ ਦੌਰਾਨ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਕਿਸ਼ੋਰ ਮਕਵਾਨਾ ਨੂੰ ਜਾਣੂ ਕਰਵਾਇਆ ਗਿਆ।
ਇਸ ਮੁਲਾਕਾਤ ਦੌਰਾਨ ਸ੍ਰੀ ਗੜ੍ਹੀ ਨੇ ਸ੍ਰੀ ਮਕਵਾਨਾ ਨੂੰ ਅਪੀਲ ਕੀਤੀ ਕਿ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਦੇ ਅਨੂਸੁਚਿਤ ਜਾਤੀਆਂ ਕਮਿਸ਼ਨ ਵਿੱਚ ਬਿਹਤਰ ਤਾਲਮੇਲ ਬਨਾਉਣ ਲਈ ਈ.ਗਵਰਨੈਸ ਰਾਹੀਂ ਕੋਈ ਸਿਸਟਮ ਵਿਕਸਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕੌਮੀ ਕਮਿਸ਼ਨ ਵਲੋਂ ਅਨੂਸੁਚਿਤ ਜਾਤੀਆਂ ਦੇ ਲੋਕਾਂ ਦੀ ਭਲਾਈ ਲਈ ਕੀਤੇ ਗਏ ਫੈਸਲਿਆਂ ਤੋਂ ਸੇਧ ਲੈ ਕੇ ਮਿਲਦੇ ਜੁਲਦੇ ਮਾਮਲਿਆਂ ਵਿੱਚ ਜਲਦ ਫੈਸਲਾ ਸੁਣਾਇਆ ਜਾ ਸਕੇ।
ਸ੍ਰੀ ਗੜ੍ਹੀ ਨੇ ਕੌਮੀ ਕਮਿਸ਼ਨ ਦੇ ਚੇਅਰਮੈਨ ਨੂੰ ਸੂਚਨਾ ਤਕਨਾਲੋਜੀ ‘ਤੇ ਅਧਾਰਤ ਸਿਸਟਮ ਸਥਾਪਤ ਕਰਨ ਦੀ ਅਪੀਲ ਕੀਤੀ ਤਾਂ ਜੋ ਅਨੂਸੁਚਿਤ ਜਾਤੀਆਂ ਦੇ ਲੋਕਾਂ ਵੱਲੋਂ ਕਈ ਵਾਰ ਇੱਕ ਹੀ ਮਾਮਲੇ ਵਿੱਚ ਇਨਸਾਫ਼ ਲੈਣ ਲਈ ਕੌਮੀ ਕਮਿਸ਼ਨ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਅਪੀਲ ਦਾਇਰ ਕਰ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਦੇ ਮਾਮਲਿਆਂ ਨੂੰ ਸਾਂਝੇ ਤੌਰ ਤੇ ਨਜਿੱਠਣ ਅਤੇ ਕਮਿਸ਼ਨ ਦੇ ਕੰਮਕਾਜ ਵਿਚ ਇਕਸਾਰਤਾ ਲਿਆਉਣ ਲਈ ਵੀ ਕੌਮੀ ਕਮਿਸ਼ਨ ਨੂੰ ਪਹਿਲ ਕਰਨੀ ਚਾਹੀਦੀ ਹੈ।
ਆਪਣੀ ਇਸ ਫੇਰੀ ਦੌਰਾਨ ਸ੍ਰੀ ਗੜ੍ਹੀ ਨੇ ਕੌਮੀ ਕਮਿਸ਼ਨ ਦੇ ਕੰਮਕਾਜ ਦੇ ਢੰਗ ਨੂੰ ਨਜਦੀਕ ਤੋਂ ਵਾਚਿਆ ਅਤੇ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਭਾਰਤੀ ਸੰਵਿਧਾਨ ਵੱਲੋਂ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਨੂੰ ਕਾਰਗਰ ਢੰਗ ਨਾਲ ਕਰਨ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।