12 ਸਾਲਾਂ ਤੋਂ ਪੁਲਿਸ ਨੂੰ ਚਕਮਾ ਦੇ ਕੇ ਬਚਦਾ ਆ ਰਿਹਾ ਸੀ ਟਰੈਵਲ ਏਜੰਟ, ਆ ਗਿਆ ਕਾਬੂ
- ਵੱਖ-ਵੱਖ ਸ਼ਹਿਰਾਂ ਵਿੱਚ ਠੱਗੀ ਦੇ 23 ਮਾਮਲੇ ਹਨ ਦਰਜ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 26 ਮਈ 2025 - ਪਿਛਲੇ 12 ਸਾਲਾਂ ਤੋਂ ਉਹ ਪੁਲਿਸ ਨੂੰ ਚਕਮਾ ਦੇ ਕੇ ਬਚਦਾ ਆ ਰਿਹਾ ਫਰਜੀ ਟਰੈਵਲ ਏਜੰਟ ਆਖਰ ਸ਼੍ਰੀ ਹਰਗੋਬਿੰਦਪੁਰ ਥਾਣੇ ਦੀ ਪੁਲਿਸ ਨੇ ਕਾਬੂ ਕਰ ਹੀ ਲਿਆ। ਦੱਸਿਆ ਗਿਆ ਹੈ ਕਿ ਇਸ ਏਜੰਟ ਖਿਲਾਫ ਵੱਖ-ਵੱਖ ਸ਼ਹਿਰਾਂ ਵਿੱਚ 23 ਮੁਕਦਮੇ ਦਰਜ ਹਨ ਅਤੇ ਮਾਨਯੋਗ ਅਦਾਲਤ ਵੱਲੋਂ ਇਸ ਨੂੰ ਭਗੋੜਾ ਵੀ ਕਰਾਰ ਦਿੱਤਾ ਹੋਇਆ ਹੈ। ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਸਬਜ ਬਾਗ ਦਿਖਾ ਕੇ ਇਹ ਟਰੈਵਲ ਏਜੰਟ ਉਹਨਾਂ ਕੋਲੋਂ ਪੈਸੇ ਲੈ ਕੇ ਫਰਾਰ ਹੋ ਜਾਂਦਾ ਸੀ ।ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਨੇ ਦਫਤਰ ਖੋਲ ਕੇ ਲੋਕਾਂ ਨਾਲ ਠੱਗੀ ਮਾਰਦਾ ਸੀ। ਇਸ ਨੂੰ ਪੰਚਕੁੱਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਬਟਾਲਾ ਪੁਲਿਸ ਦੇ ਐਸਪੀ ਜੀ ਐਸ ਸਹੋਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਰੀਬ 12 ਸਾਲ ਤੋਂ ਵੱਧ ਦੇ ਸਮੇਂ ਤੋ ਪੁਲਿਸ ਨੂੰ ਇਸ ਦੀ ਭਾਲ ਸੀ ।ਸਾਡੀ ਪੁਲਿਸ ਨੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਜਾਂਚ ਕਰਾਂਗੇ ਕਿ ਇਹ ਕਿੱਥੇ ਕਿੱਥੇ ਲੁਕਿਆ ਰਿਹਾ ਹੈ ਕਿਸ ਨੇ ਇਸ ਦੀ ਮਦਦ ਕੀਤੀ ਹੈ। ਉਹਨਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਜੋ ਪਤਾ ਲੱਗਿਆ ਹੈ ਕਿ ਇਹ ਅੱਜ ਕੱਲ ਬਟਾਲਾ ਵਿਖੇ ਕਿਸੇ ਹੋਟਲ ਨੂੰ ਚਲਾ ਰਿਹਾ ਸੀ ਉਸ ਦੀ ਵੀ ਜਾਂਚ ਕਰਾਂਗੇ।