ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਤਕਨੀਕ ਅਪਨਾਉਣ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫ਼ਸਰ
- ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਮਿਲੇਗੀ 1500/- ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ
ਰੋਹਿਤ ਗੁਪਤਾ
ਬਟਾਲਾ :27 ਮਈ 2025 - ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਲਗਾਤਾਰ ਗਿਰਾਵਟ ਤੋਂ ਚਿੰਤਿਤ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਕਾਸ਼ਤ ਦੇ ਰਵਾਇਤੀ ਕੱਦੂ ਵਾਲੇ ਝੋਨੇ ਦੀ ਬਿਜਾਏ ਕਿਸਾਨਾਂ ਨੂੰ ਝੋਨੇ ਦੀਆ ਅਜਿਹੀਆਂ ਤਕਨੀਕਾਂ ਅਪਨਉਣ ਦੀ ਜ਼ਰੂਰਤ ਹੈ ,ਜਿਸ ਨਾਲ ਪਾਣੀ ਦੀ ਘੱਟ ਖਪਤ ਹੋਵੇ ਅਤੇ ਖੇਤੀ ਲਾਗਤ ਖਰਚੇ ਵੀ ਘੱਟ ਹੋਣ।
ਇਹ ਵਿਚਾਰ ਮੁੱਖ ਖੇਤੀਬਾੜੀ ਅਫ਼ਸਰ ਡਾ.ਅਮਰੀਕ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਬਾਰੇ ਜਾਣਕਾਰੀ ਦਿੰਦਿਆ ਕਹੇ।
ਡਾ.ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਦੇ ਨਾਲ ਨਾਲ ਜ਼ਿਲਾ ਗੁਰਦਾਸਪੁਰ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਦਿਨ ਬ ਦਿਨ ਹੇਠਾਂ ਜਾ ਰਿਹਾ ਹੈ ਜਿਸ ਕਾਰਨ ਭਵਿੱਖ ਦੀ ਖੇਤੀ ਖਤਰੇ ਵਿੱਚ ਪੈ ਗਈ ਹੈ।ਉਨਾਂ ਕਿਹਾ ਕਿ ਜੇਕਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਜ਼ਰੂਰੀ ਹੈ ਕਿ ਕਿ ਝੋਨੇ ਦੀ ਰਵਾਇਤੀ ਕੱਦੂ ਕਰਨ ਦੀ ਤਕਨੀਕ ਦੀ ਬਜਾਏ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ। ਉਨਾਂ ਦੱਸਿਆ ਕਿ ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 20-25 ਫੀਸਦੀ ਮਜ਼ਦੂਰੀ ਅਤੇ 15-20% ਪਾਣੀ ਦੀ ਬੱਚਤ ਹੁੰਦੀ ਹੈ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੂੰ 1500/- ਰੁਪਏ ਪ੍ਰਤੀ ਏਕੜ ਪ੍ਰੋਤਸ਼ਾਹਨ ਰਕਮ ਵੱਜੋਂ ਦਿੱਤੇ ਜਾਣਗੇ ਜੋ ਤਸਦੀਕ ਕਰਨ ਉਪਰੰਤ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਏ ਜਾਣਗੇ।
ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਅਜਿਹੀ ਤਕਨੀਕ ਹੈ ਜਿਸ ਨਾਲ ਪਾਣੀ ਦੀ ਘੱਟ ਖਪਤ ਕਰਕੇ ਮਿਆਰੀ ਝੋਨੇ ਦੀ ਪੈਦਾਵਾਰ ਲਈ ਜਾ ਸਕਦੀ ਹੈ ।
ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲਾ ਗੁਰਦਾਸਪੁਰ ਵਿਚ 25000 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੁੰ ਝੋਨੇ ਦੀ ਬਿਜਾਈ ਤਕਨੀਕ ਵਰਤ ਕੇ ਝੋਨੇ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ।
ਉਨਾਂ ਦੱਸਿਆ ਕਿ ਸ਼ੋਸ਼ਲ ਮੀਡੀਆਂ ਰਾਹੀ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਤੱਕ ਸਿੱਧੀ ਬਿਜਾਈ ਤਕਨੀਕ ਪਹੁੰਚਾਉਣ ਲਈ ਯੂ ਟਿਊਬ ਚੈਨਲ “ਉੱਤਮ ਖੇਤੀ ,ਪੰਜਾਬ ” ਸ਼ੁਰੂ ਕੀਤਾ ਗਿਆ ਹੈ ,ਇਸ ਤੋਂ ਇਲਾਵਾ ਫੇਸਬੁੱਕ, ਵਟਸ ਐਪ ਅਤੇ ਪ੍ਰਿੰਟ ਮੀਡੀਆ ਰਾਹੀਂ ਕਿਸਾਨਾਂ ਤਕ ਪਹੁੰਚ ਕੀਤੀ ਜਾ ਰਹੀ ਹੈਂ।
ਉਨਾਂ ਸਮੂਹ ਸਰਪੰਚ ਸਹਿਬਾਨ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਪਿੰਡ ਵਿੱਚ ਕੋਈ ਕਿਸਾਨ ਬੇਹਤਰ ਕੰਮ ਕਰ ਰਿਹਾ ਹੈ ,ਉਸ ਬਾਰੇ ਸੰਬੰਧਤ ਖੇਤੀਬਾੜੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸੂਚਿਤ ਕਰਨ ਤਾਂ ਜੋ ਉਸ ਕਿਸਾਨ ਦੀ ਸਫਲ ਕਹਾਣੀ ਵੀਡੀਓ ਦੇ ਰੂਪ ਵਿੱਚ ਯੂ ਟਿਊਬ ਚੈਨਲ ਤੇ ਪ੍ਰਸਾਰਤ ਕੀਤੀ ਜਾ ਸਕੇ।