ਹਰਮੀਤ ਸਿੰਘ ਖੁੱਡੀਆਂ ਦਾ ਫਰਿਜ਼ਨੋ ਪਹੁੰਚਣ ’ਤੇ ਨਿੱਘਾ ਸਵਾਗਤ
ਕੈਨੇਡੀਅਨ ਸੰਸਦ ਮੈਂਬਰ ਸੁੱਖਮਨ ਗਿੱਲ ਦੇ ਪਿਤਾ ਰਾਜਾ ਬੁੱਕਣਵਾਲਾ ਸਮੇਤ ਸੋਨੀ ਸਿੱਧੂ, ਗੁਰਜੀਤ ਸੰਧੂ ਤੇ ਹਰਦੇਵ ਗਰੇਵਾਲ ਨੂੰ ਵੀ ਆਖਿਆ ਜੀ ਆਇਆਂ
ਪੰਜਾਬ ਦੇ ਸਿਆਸੀ ਹਾਲਾਤ ਅਤੇ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਦੇ ਮੌਜੂਦਾ ਹਾਲਾਤ ਬਾਰੇ ਹੋਈ ਖੁੱਲ੍ਹ ਕੇ ਵਿਚਾਰ-ਚਰਚਾ
ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
ਫਰਿਜ਼ਨੋ (ਕੈਲੀਫੋਰਨੀਆ) 18 October 2026 : ਪੰਜਾਬ ਦੀ ਸਿਆਸਤ ਵਿੱਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਸਵਰਗੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਛੋਟੇ ਭਰਾ ਹਰਮੀਤ ਸਿੰਘ ਖੁੱਡੀਆਂ ਦੇ ਫਰਿਜ਼ਨੋ ਪਹੁੰਚਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਗੁਰਭੇਜ ਸਿੰਘ ਵਾਂਦਰ ਦੇ ਗ੍ਰਹਿ ਵਿਖੇ ਇੱਕ ਸਾਦੇ ਪਰ ਬੇਹੱਦ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਫਰਿਜ਼ਨੋ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਕੈਨੇਡੀਅਨ ਸੰਸਦ ਮੈਂਬਰ ਸੁੱਖਮਨ ਗਿੱਲ ਦੇ ਪਿਤਾ ਰਾਜਾ ਬੁੱਕਣਵਾਲਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਉਨ੍ਹਾਂ ਦੇ ਨਾਲ ਉੱਘੇ ਕਾਰੋਬਾਰੀ ਸੋਨੀ ਸਿੱਧੂ, ਗੁਰਜੀਤ ਸੰਧੂ ਅਤੇ ਹਰਦੇਵ ਗਰੇਵਾਲ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਰੌਣਕਾਂ ਨੂੰ ਚਾਰ ਚੰਨ ਲਾਏ। ਮੇਜ਼ਬਾਨਾਂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਆਖਦਿਆਂ ਉਨ੍ਹਾਂ ਦਾ ਮਾਣ-ਸਤਿਕਾਰ ਕੀਤਾ ਗਿਆ।
ਇਸ ਮਿਲਣੀ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ, ਬਦਲ ਰਹੇ ਰਾਜਨੀਤਿਕ ਸਮੀਕਰਨਾਂ ਅਤੇ ਪੰਜਾਬ ਦੇ ਭਵਿੱਖ ਨਾਲ ਜੁੜੇ ਵੱਖ-ਵੱਖ ਮੁੱਦਿਆਂ ਉੱਪਰ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੋਇਆ। ਇਸ ਦੇ ਨਾਲ ਹੀ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਦੇ ਤਾਜ਼ਾ ਹਾਲਾਤ, ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਪਰਵਾਸੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਮਸਲਿਆਂ ਬਾਰੇ ਵੀ ਭਰਪੂਰ ਚਰਚਾ ਕੀਤੀ ਗਈ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਆਪਸੀ ਸਾਂਝ, ਭਾਈਚਾਰਕ ਸਦਭਾਵਨਾ ਅਤੇ ਪੰਜਾਬ ਨਾਲ ਜੁੜੇ ਰਹਿਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।
ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਰਾਜੂ ਪੱਤੋ, ਲਵ ਥਿੰਦ, ਸੀਰਾ ਚੂਹੜਚੱਕ, ਸੰਦੀਪ ਬੱਸੀਆਂ, ਮਨਦੀਪ ਐੱਮ.ਡੀ.ਕੇ., ਉਪਕਾਰ, ਧਰਮਪ੍ਰੀਤ ਅਤੇ ਸੁਖਵੀਰ ਗਰੇਵਾਲ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਇਨ੍ਹਾਂ ਸਾਰੇ ਸੱਜਣਾਂ ਦੀ ਮਿਹਨਤ ਅਤੇ ਸਹਿਯੋਗ ਸਦਕਾ ਇਹ ਮਿਲਣੀ ਯਾਦਗਾਰੀ ਹੋ ਨਿੱਬੜੀ।
ਸਮਾਗਮ ਦੌਰਾਨ ਸੰਗੀਤਕ ਮਹਿਫ਼ਲ ਵੀ ਖੂਬ ਸਜੀ। ਪ੍ਰਸਿੱਧ ਪੰਜਾਬੀ ਗਾਇਕ ਗੁਰਦੀਪ ਧਾਲੀਵਾਲ, ਧਰਮਵੀਰ ਥਾਂਦੀ ਅਤੇ ਬਹਾਦਰ ਸਿੱਧੂ ਨੇ ਆਪਣੇ ਸੁਰੀਲੇ ਗੀਤਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਅਤੇ ਮਹਿਫ਼ਲ ਵਿੱਚ ਖੂਬ ਰੰਗ ਬੰਨ੍ਹਿਆ।
ਅੰਤ ਵਿੱਚ ਮੇਜ਼ਬਾਨ ਗੁਰਭੇਜ ਸਿੰਘ ਵਾਂਦਰ ਅਤੇ ਸਹਿਯੋਗੀ ਸੱਜਣਾਂ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਪਿਆਰ, ਸਤਿਕਾਰ, ਆਪਸੀ ਸਾਂਝ ਅਤੇ ਪੰਜਾਬੀਅਤ ਦੇ ਰੰਗਾਂ ਵਿੱਚ ਰੰਗਿਆ ਇਹ ਸਮਾਗਮ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਫ਼ਲਤਾਪੂਰਵਕ ਸੰਪੰਨ ਹੋਇਆ।
- Download Babushahi App
-
-