ਸੰਗਤ ਦੀ ਸੇਵਾ ਲਈ ਆਧਾਰ ਹਾਊਸਿੰਗ ਫਾਈਨਾਂਸ ਵੱਲੋਂ ਵਡਮੁੱਲਾ ਉਪਰਾਲਾ: ਕਾਲਕਾ, ਕਾਹਲੋਂ
ਮਨਮੋਹਨ ਸਿੰਘ
ਨਵੀਂ ਦਿੱਲੀ, 19 ਅਕਤੂਬਰ () ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਮੁਹਈਆ ਕਰਵਾਉਣ ਅਤੇ ਗੁਰੂ ਸਾਹਿਬਾਨ ਦੇ ਦਰਸਾਏ ਸੇਵਾ ਤੇ ਸਰਬੱਤ ਦੇ ਭਲੇ ਦੇ ਮਾਰਗ ’ਤੇ ਚੱਲਣ ਦੇ ਉਪਰਾਲਿਆਂ ਸਦਕਾ ਸੰਗਤਾਂ ਵਿੱਚ ਗੁਰੂ ਘਰ ਪ੍ਰਤੀ ਸ਼ਰਧਾ ਅਤੇ ਸੇਵਾ ਦੀ ਭਾਵਨਾ ਹੋਰ ਮਜ਼ਬੂਤ ਹੋ ਰਹੀ ਹੈ। ਇਸੇ ਭਾਵਨਾ ਤਹਿਤ ਸੰਗਤਾਂ ਆਪਣੀ ਕਿਰਤ-ਕਮਾਈ ਵਿੱਚੋਂ ਦਸਵੰਧ ਕੱਢ ਕੇ ਗੁਰੂ ਘਰ ਦੀਆਂ ਸੇਵਾਵਾਂ ਵਿੱਚ ਯੋਗਦਾਨ ਪਾ ਰਹੀਆਂ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਇੱਥੇ ਆਧਾਰ ਹਾਊਸਿੰਗ ਫਾਈਨਾਂਸ ਲਿਮਟਿਡ ਵੱਲੋਂ ਗੁਰੂ ਘਰ ਦੀ ਸੇਵਾ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕੀਤਾ।
ਸਰਦਾਰ ਕਾਲਕਾ ਅਤੇ ਕਾਹਲੋਂ ਨੇ ਦੱਸਿਆ ਕਿ ਆਧਾਰ ਹਾਊਸਿੰਗ ਫਾਈਨਾਂਸ ਲਿਮਟਿਡ ਦੇ ਸੀ.ਈ.ਓ. ਸ੍ਰੀ ਰਿਸ਼ੀ ਆਨੰਦ ਵੱਲੋਂ ਅੰਮ੍ਰਿਤ ਸੰਚਾਰ ਦੀ ਸੇਵਾ ਨੂੰ ਹੋਰ ਸੁਚਾਰੂ ਬਣਾਉਣ ਲਈ ਇੱਕ ਵਿੰਗਰ ਗੱਡੀ ਭੇਂਟ ਕੀਤੀ ਗਈ ਹੈ। ਇਸ ਗੱਡੀ ਰਾਹੀਂ ਵੱਖ-ਵੱਖ ਥਾਵਾਂ ’ਤੇ ਜਾ ਕੇ ਸੰਗਤਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਦਾਨ ਕਰਨ ਦੀ ਸੇਵਾ ਨਿਭਾਉਣ ਵਾਲੇ ਸਿੰਘ ਸਾਹਿਬਾਨ ਨੂੰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤ ਸੰਚਾਰ ਸਿੱਖ ਧਰਮ ਦੀ ਵਡਮੁਲੀ ਮਰਯਾਦਾ ਹੈ ਅਤੇ ਇਸ ਸੇਵਾ ਨੂੰ ਸਮਰਪਿਤ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ।
ਦੋਵੇਂ ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੰਜ ਪਿਆਰੇ ਸਾਹਿਬਾਨ ਦੀ ਸੇਵਾ ਲਈ ਮਹਿੰਦਰਾ ਬੋਲੇਰੋ ਗੱਡੀ ਮੁਹੱਈਆ ਕਰਵਾਈ ਗਈ ਸੀ। ਇਹ ਸੇਵਾਵਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਤੀ ਸੰਗਤਾਂ ਦੀ ਅਥਾਹ ਸ਼ਰਧਾ ਅਤੇ ਗੁਰੂ ਘਰ ਲਈ ਕੁਝ ਕਰਨ ਦੀ ਭਾਵਨਾ ਦਾ ਪ੍ਰਤੀਕ ਹਨ।
ਸਰਦਾਰ ਕਾਲਕਾ ਅਤੇ ਕਾਹਲੋਂ ਨੇ ਆਧਾਰ ਹਾਊਸਿੰਗ ਫਾਈਨਾਂਸ ਲਿਮਟਿਡ ਦੇ ਸੀ.ਈ.ਓ. ਸ੍ਰੀ ਰਿਸ਼ੀ ਆਨੰਦ ਅਤੇ ਉਨ੍ਹਾਂ ਦੀ ਸਮੁੱਚੀ ਟੀਮ, ਵਿਸ਼ੇਸ਼ ਤੌਰ ’ਤੇ ਸ੍ਰੀ ਜਸਪਾਲ ਸਿੰਘ, ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਹਮੇਸ਼ਾ ਇਸ ਗੱਲ ਲਈ ਯਤਨਸ਼ੀਲ ਰਹਿੰਦੀ ਹੈ ਕਿ ਸੰਗਤਾਂ ਵੱਲੋਂ ਸ਼ਰਧਾ ਅਤੇ ਵਿਸ਼ਵਾਸ ਨਾਲ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਗੁਰੂ ਘਰ ਦੀਆਂ ਲੋੜਾਂ ਅਤੇ ਸੰਗਤਾਂ ਦੀ ਭਲਾਈ ਲਈ ਸੁਚੱਜੇ ਢੰਗ ਨਾਲ ਵਰਤਿਆ ਜਾਵੇ। ਉਨ੍ਹਾਂ ਆਸ ਪ੍ਰਗਟਾਈ ਕਿ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਸੇਵਾ ਦੀ ਇਹ ਭਾਵਨਾ ਹੋਰ ਪ੍ਰਬਲ ਹੋਵੇਗੀ ਅਤੇ ਸੇਵਾ ਕਰਨ ਵਾਲੇ ਪਰਿਵਾਰਾਂ ਨੂੰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ।
ਇਸ ਮੌਕੇ ਉਨ੍ਹਾਂ ਆਧਾਰ ਹਾਊਸਿੰਗ ਫਾਈਨਾਂਸ ਲਿਮਟਿਡ ਵੱਲੋਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਵਿੱਚ ਸਹਾਇਤਾ ਲਈ ਕੀਤੇ ਗਏ ਉਪਰਾਲੇ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਲਈ ਲਗਭਗ 400 ਸਕੂਲੀ ਬੈਗ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜਿਓਮੈਟਰੀ ਬਾਕਸ ਅਤੇ ਪੜ੍ਹਾਈ ਲਈ ਲੋੜੀਂਦੀਆਂ ਹੋਰ ਵਸਤਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਹ ਬੈਗ ਉਨ੍ਹਾਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਹੱਈਆ ਕਰਵਾਏ ਜਾਣਗੇ, ਜਿਨ੍ਹਾਂ ਨੂੰ ਸਕੂਲੀ ਸਾਮਾਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਾਪਤ ਸਿੱਖਿਆ ਕਾਊਂਟਰ ਤੋਂ ਇਹ ਸਾਮਾਨ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿੱਖਿਆ ਲਈ ਸਹਾਇਤਾ ਦੇਣਾ ਸਮਾਜ ਪ੍ਰਤੀ ਆਪਣੀ ਜ਼ਿੰਮੇਂਵਾਰੀ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਉਸਾਰੀ ਵਿੱਚ ਯੋਗਦਾਨ ਪਾਉਣ ਦੇ ਬਰਾਬਰ ਹੈ।
ਸਰਦਾਰ ਕਾਲਕਾ ਅਤੇ ਕਾਹਲੋ ਨੇ ਕਿਹਾ ਕਿ ਧਾਰਮਿਕ ਸੇਵਾਵਾਂ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਅਤੇ ਬੱਚਿਆਂ ਦੀ ਮਦਦ ਲਈ ਕੀਤੇ ਜਾ ਰਹੇ ਅਜਿਹੇ ਉਪਰਾਲੇ ਸਮਾਜ ਵਿੱਚ ਸੇਵਾ, ਸਾਂਝ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਆਧਾਰ ਹਾਊਸਿੰਗ ਫਾਈਨਾਂਸ ਲਿਮਟਿਡ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਲੋਕ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ।
- Download Babushahi App
-
-