ਸਮਾਜ ਸੇਵੀ ਸੰਸਥਾਵਾਂ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕ ਭਲਾਈ ’ਚ ਪਾ ਰਹੀਆਂ ਨੇ ਅਹਿਮ ਯੋਗਦਾਨ : ਬਾਲ ਮੁਕੰਦ ਸ਼ਰਮਾ
ਪਿੰਡ ਟੁਰਨਾ ਵਿਖੇ ‘ਮੇਰਾ ਪਿੰਡ 360 ਸੈਂਟਰ’ ਦੀ ਸ਼ੁਰੂਆਤ
ਲੋਹੀਆਂ (ਜਲੰਧਰ), 28 ਜੁਲਾਈ : ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਅੱਜ ਪਿੰਡ ਟੁਰਨਾ ਵਿਖੇ ‘ਮੇਰਾ ਪਿੰਡ 360 ਸੈਂਟਰ’ ਦੀ ਸ਼ੁਰੂਆਤ ਮੌਕੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਭਲਾਈ ਲਈ ਸ਼ਲਾਘਾਯੋਗ ਭੂਮਿਕਾ ਨਿਭਾਈ ਜਾ ਰਹੀ ਹੈ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਸੰਸਥਾ ਵੱਲੋਂ ਪਿੰਡ ਦੇ ਜੰਮਪਲ ਪਰਿਵਾਰ ਦੇ ਸਹਿਯੋਗ ਨਾਲ ਕੀਤੇ ਗਏ ਇਸ ਉਪਰਾਲੇ ਤਹਿਤ ਪਿੰਡ ਵਿੱਚ ਲਾਇਬ੍ਰੇਰੀ ਖੋਲ੍ਹੀ ਜਾਵੇਗੀ, ਜਿਸ ਦੇ ਲਈ ਕਿਤਾਬਾਂ ਪਹਿਲਾਂ ਹੀ ਪਹੁੰਚ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੀ ਸਹੂਲਤ ਨਾਲ ਨੌਜਵਾਨਾਂ ਵਿੱਚ ਪੜ੍ਹਨ ਦੀ ਰੁਚੀ ਵਧੇਗੀ ਅਤੇ ਉਹ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਵੀ ਦੂਰ ਰਹਿਣ ਲਈ ਪ੍ਰੇਰਿਤ ਹੋਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਕੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਗਤੀਵਿਧੀਆਂ ਵਿੱਚ ਲਾਉਣਾ ਸਮੇਂ ਦੀ ਮੁੱਖ ਲੋੜ ਹੈ, ਜਿਸ ਵਿੱਚ ਇਹ ਲਾਇਬ੍ਰੇਰੀ ਮਦਦਗਾਰ ਸਾਬਿਤ ਹੋਵੇਗੀ। ਇਸ ਮੌਕੇ ਐਸ.ਡੀ.ਐਮ. ਸ਼ਾਹਕੋਟ ਆਦਿਤਿਆ ਗੁਪਤਾ ਵੀ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਹਾਂਡਾ ਪਰਿਵਾਰ ਦੀ ਸਰੂਚੀ ਹਾਂਡਾ ਪਤਨੀ ਆਜ਼ਾਦ ਐਸ. ਹਾਂਡਾ (ਆਸਟ੍ਰੇਲੀਆ) ਦੇ ਪਰਿਵਾਰ ਵੱਲੋਂ ‘ਮੇਰਾ ਪਿੰਡ 360 ਫਾਊਂਡੇਸ਼ਨ’ ਨੂੰ ਆਪਣਾ ਜੱਦੀ ਘਰ ਸਮਾਜ ਸੇਵੀ ਕਾਰਜਾਂ ਲਈ ਦਿੱਤਾ ਗਿਆ ਹੈ। ਉਨ੍ਹਾਂ ਸੰਸਥਾ ਦੇ ਫਾਊਂਡਰ ਭੁਪਿੰਦਰ ਸਿੰਘ ਹੁੰਦਲ ਵੱਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਸ਼੍ਰੀ ਸ਼ਰਮਾ ਨੇ ਸਮਾਜ ਦੇ ਹੋਰਨਾਂ ਲੋਕਾਂ ਅਤੇ ਸੰਸਥਾਵਾਂ ਨੂੰ ਵੀ ਸਮਾਜ ਸੇਵਾ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਂਝੇ ਯਤਨਾਂ ਨਾਲ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿੱਖਿਆ, ਸਿਹਤ, ਨੌਜਵਾਨਾਂ ਦੀ ਭਲਾਈ ਅਤੇ ਹੋਰ ਲੋਕ-ਭਲਾਈ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾ ਸਕਦਾ ਹੈ।
ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ।
- Download Babushahi App
-
-