ਸਿੱਧਵਾਂ ਬੇਟ ਖੇਤਰ 'ਚ ਸਤਲੁਜ ਦੇ ਵੱਧਦੇ ਜਲ ਪੱਧਰ ਨੇ ਵਧਾਈ ਚਿੰਤਾ, ਸਥਾਨਕ ਲੋਕਾਂ ਨੇ ਫਲੱਡ ਤਿਆਰੀਆਂ 'ਤੇ ਉਠਾਏ ਸਵਾਲ
ਪ੍ਰਸ਼ਾਸਨ ਨੇ ਤਿਆਰੀਆਂ ਜਾਰੀ ਹੋਣ ਦਾ ਕੀਤਾ ਦਾਅਵਾ; ਸਥਾਨਕ ਲੋਕਾਂ ਵੱਲੋਂ ਐਮਰਜੈਂਸੀ ਪ੍ਰਬੰਧਾਂ ਅਤੇ ਕਮਜ਼ੋਰ ਬੰਨ੍ਹਾਂ ਬਾਰੇ ਚਿੰਤਾ ਪ੍ਰਗਟ
ਜਗਰਾਉਂ (ਦੀਪਕ ਜੈਨ)
ਮਾਨਸੂਨ ਦੌਰਾਨ ਸਤਲੁਜ ਕੰਢੇ ਵੱਸਦੇ ਪਿੰਡਾਂ ਵਿੱਚ ਹੜ੍ਹ ਦੇ ਖਤਰੇ ਨੂੰ ਲੈ ਕੇ ਚੌਕਸੀ ਦੀ ਮੰਗ ਸਿੱਧਵਾਂ ਬੇਟ, ਮਾਨਸੂਨ ਦੌਰਾਨ ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਬਰਸਾਤ ਕਾਰਨ ਸਤਲੁਜ ਦਰਿਆ ਦੇ ਜਲ ਪੱਧਰ ਵਿੱਚ ਵਾਧੇ ਦੀ ਸੰਭਾਵਨਾ ਨੂੰ ਲੈ ਕੇ ਸਿੱਧਵਾਂ ਬੇਟ ਖੇਤਰ ਦੇ ਲੋਕਾਂ ਵਿੱਚ ਚਿੰਤਾ ਬਣੀ ਹੋਈ ਹੈ। ਸਥਾਨਕ ਵਸਨੀਕਾਂ ਨੇ ਦਾਅਵਾ ਕੀਤਾ ਹੈ ਕਿ ਦਰਿਆ ਕੰਢੇ ਵੱਸਦੇ ਕਈ ਪਿੰਡਾਂ ਵਿੱਚ ਸੰਭਾਵਿਤ ਹੜ੍ਹ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧਾਂ ਬਾਰੇ ਉਨ੍ਹਾਂ ਨੂੰ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟੀਮਾਂ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ ਅਤੇ ਲੋੜੀਂਦੇ ਉਪਰਾਲੇ ਜਾਰੀ ਹਨ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਨਸੂਨ ਦੌਰਾਨ ਪਹਾੜੀ ਇਲਾਕਿਆਂ ਵਿੱਚ ਪੈ ਰਹੀ ਲਗਾਤਾਰ ਬਰਸਾਤ ਕਾਰਨ ਪੰਜਾਬ ਦੇ ਦਰਿਆਵਾਂ ਦੇ ਜਲ ਪੱਧਰ ਵਿੱਚ ਵਾਧੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਿੱਧਵਾਂ ਬੇਟ ਖੇਤਰ ਵਿੱਚ ਸਤਲੁਜ ਦਰਿਆ ਦੇ ਕੰਢੇ ਵੱਸਦੇ ਪਿੰਡਾਂ ਦੇ ਵਸਨੀਕਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਜੇਕਰ ਜਲ ਪੱਧਰ ਵਧਦਾ ਹੈ ਤਾਂ ਕਮਜ਼ੋਰ ਬੰਨ੍ਹਾਂ ਵਾਲੇ ਇਲਾਕੇ ਪ੍ਰਭਾਵਿਤ ਹੋ ਸਕਦੇ ਹਨ।
ਰਿਪੋਰਟਰ ਨੂੰ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਰੀਬ 38 ਪਿੰਡਾਂ ਦੇ ਵਸਨੀਕਾਂ ਅਤੇ ਪੰਚਾਇਤ ਨੁਮਾਇੰਦਿਆਂ ਨੂੰ ਹਾਲੇ ਤੱਕ ਕਿਸੇ ਸਾਂਝੇ ਐਮਰਜੈਂਸੀ ਸੰਪਰਕ ਨੰਬਰ ਜਾਂ ਵਿਸਥਾਰਪੂਰਵਕ ਹਦਾਇਤਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ। ਸਥਾਨਕ ਲੋਕਾਂ ਨੇ ਪਿਛਲੇ ਸਾਲਾਂ, ਖਾਸ ਕਰਕੇ 1988, 2019 ਅਤੇ 2023 ਵਿੱਚ ਆਏ ਹੜ੍ਹਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਪਹਿਲਾਂ ਤੋਂ ਵੱਧ ਤਿਆਰੀਆਂ ਦੀ ਲੋੜ ਹੈ।
ਫਲੱਡ ਕੰਟਰੋਲ ਰੂਮ ਨਾਲ ਸੰਬੰਧਿਤ ਕਲਰਕ ਅਮਰਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਟੀਮਾਂ ਬਣਾ ਕੇ ਫਲੱਡ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਕਮਜ਼ੋਰ ਬੰਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮਜ਼ਬੂਤ ਕਰਨ ਦੇ ਉਪਰਾਲੇ ਜਾਰੀ ਹਨ।ਉਨ੍ਹਾਂ ਨੇ ਦੱਸਿਆ ਕਿ ਕੁਝ ਸੰਵੇਦਨਸ਼ੀਲ ਥਾਵਾਂ 'ਤੇ ਰੇਤ ਨਾਲ ਭਰੀਆਂ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਐਮਰਜੈਂਸੀ ਸੰਪਰਕ ਨੰਬਰ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਹ ਜਲਦ ਜਾਰੀ ਕਰਕੇ ਮੀਡੀਆ ਨਾਲ ਵੀ ਸਾਂਝਾ ਕੀਤਾ ਜਾਵੇਗਾ।
ਐਸਡੀਐਮ ਬਾਦਲ ਦੀਨ ਨੇ ਵੀ ਕਿਹਾ ਕਿ ਪ੍ਰਸ਼ਾਸਨਿਕ ਟੀਮਾਂ ਲਗਾਤਾਰ ਖੇਤਰ ਦਾ ਮੁਆਇਨਾ ਕਰ ਰਹੀਆਂ ਹਨ ਅਤੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਜਦੋਂ ਉਹਨਾਂ ਕੋਲੋਂ ਪ੍ਰਸ਼ਾਸਨ ਵੱਲੋਂ ਫਲੱਡ ਕੰਟਰੋਲ ਨੰਬਰ ਜਾਰੀ ਨਾ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਲੋੜ ਪੈਣ 'ਤੇ ਲੋਕ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜੋ ਪ੍ਰਸ਼ਾਸਨਿਕ ਅਧਿਕਾਰੀ ਖਬਰਾਂ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਪੱਤਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਫੋਨ ਕੋਲ ਉਠਾਣਾ ਮੁਨਾਸਿਬ ਨਹੀਂ ਸਮਝਦੇ ਕਿ ਹੋ ਆਮ ਲੋਕਾਂ ਦੇ ਫੋਨ ਨੂੰ ਅਹਿਮੀਅਤ ਦੇਣਗੇ।
- Download Babushahi App
-
-