ਹੈਪਾਟਾਈਟਸ ਬੀ ਅਤੇ ਸੀ ਦਾ ਕੀਤਾ ਜਾਂਦਾ ਮੁਫ਼ਤ ਇਲਾਜ: ਸਿਵਲ ਸਰਜਨ ਡਾ ਤਪਿੰਦਰਜੋਤ
ਅਸ਼ੋਕ ਵਰਮਾ
ਬਠਿੰਡਾ, 28 ਜੁਲਾਈ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ਵਿਸ਼ਵ ਹੈਪੇਟਾਇਟਿਸ ਦਿਵਸ ਮੌਕੇ ਸਿਵਲ ਹਸਪਤਾਲ ਦੀ ਓ.ਪੀ.ਡੀ ਵਿਖੇ ਮਰੀਜਾਂ ਨੂੰ ਜਾਗਰੂਕ ਕੀਤਾ ਗਿਆ । ਇਸ ਮੌਕੇ ਜਿਲ੍ਹਾ ਐਪੀਡੀਮੋਲੋਜਿਸਟ ਡਾ ਰਮਨਦੀਪ ਕੌਰ, ਸਹਾਇਕ ਮਲੇਰੀਆ ਅਫ਼ਸਰ ਚਰਨਜੀਤ ਸਿੰਘ ਅਤੇ ਸੁਖਪਾਲ ਸਿੰਘ, ਹੈਲਥ ਸੁਪਰਵਾਇਜਰ ਹਰਜੀਤ ਸਿੰਘ, ਜਸਵਿੰਦਰ ਸ਼ਰਮਾ ਅਤੇ ਬੀ.ਈ.ਈ ਮਾਲਵਿੰਦਰ ਸਿੰਘ ਤਿਉਣਾ ਹਾਜਰ ਸਨ ।
ਸਿਵਲ ਸਰਜਨ ਡਾ ਤਪਿੰਦਰਜੋਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਹੈਪੇਟਾਇਟਿਸ ਹਰ ਸਾਲ ਮਿਤੀ 28 ਜੁਲਾਈ ਨੂੰ ਮਨਾਇਆ ਜਾਂਦਾਂ ਹੈ । ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੈਪੇਟਾਇਟਿਸ ਜਿਗਰ ਨੂੰ ਪ੍ਰਭਾਵਿਤ ਕਰਨ ਵਾਲੀ ਗੰਭੀਰ ਬਿਮਾਰੀ ਹੈ, ਪਰ ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਨਾਲ ਇਸ ਤੋਂ ਬਚਾਅ ਅਤੇ ਕਈ ਕਿਸਮਾਂ ਦਾ ਪ੍ਰਭਾਵਸ਼ਾਲੀ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੈਪੇਟਾਇਟਿਸ ਦੇ ਲੱਛਣਾਂ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਸ਼ੱਕ ਹੋਣ ’ਤੇ ਤੁਰੰਤ ਸਿਹਤ ਸੰਸਥਾ ਵਿਖੇ ਜਾਂਚ ਕਰਵਾਉਣੀ ਚਾਹੀਦੀ ਹੈ।
ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਦੱਸਿਆ ਕਿ ਹੈਪੇਟਾਇਟਿਸ ਵਾਇਰਸ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ। ਹੈਪੇਟਾਇਟਿਸ ਬੀ ਅਤੇ ਸੀ ਸੰਕਰਮਿਤ ਖੂਨ, ਦੂਸ਼ਿਤ ਸੂਈਆਂ ਜਾਂ ਹੋਰ ਸੰਕਰਮਿਤ ਸਾਧਨਾਂ ਰਾਹੀਂ ਫੈਲ ਸਕਦੇ ਹਨ। ਇਸ ਲਈ ਸੁਰੱਖਿਅਤ ਟੀਕਾਕਰਨ, ਖੂਨ ਦੀ ਜਾਂਚ, ਡਿਸਪੋਜ਼ੇਬਲ ਸੂਈਆਂ ਦੀ ਵਰਤੋਂ ਅਤੇ ਨਿੱਜੀ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਹੈਪੇਟਾਈਟਸ ਬੀ ਅਤੇ ਸੀ ਜ਼ਿਆਦਾ ਖਤਰਨਾਕ ਹਨ। ਉਹਨਾਂ ਦੱਸਿਆ ਕਿ ਹੈਪੇਟਾਈਟਸ ਬੀ ਅਤੇ ਸੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਇਸਦੀ ਚਪੇਟ ਵਿੱਚ ਜਦੋਂ ਕੋਈ ਵਿਅਕਤੀ ਆਉਂਦਾ ਹੈ ਤਾਂ ਉਸ ਨੂੰ ਹਲਕਾ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਕਮੋਜਰੀ, ਉਲਟੀਆਂ ਆਉਣਾ ਅਤੇ ਭੁੱਖ ਨਹੀਂ ਲਗਣਾ ਆਦਿ ਲੱਛਣ ਨਜ਼ਰ ਆਉਂਦੇ ਹਨ।
ਡਾ ਜਗਰੂਪ ਸਿੰਘ ਐਮ.ਡੀ ਮੈਡਸਨ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਸਰਜਰੀ ਕਰਵਾਉਣ ਤੋਂ ਪਹਿਲਾਂ, ਦੰਦਾ ਦਾ ਇਲਾਜ਼ ਕਰਵਾਉਣ ਸਮੇਂ, ਖੂਨ ਦਾਨ ਕਰਨ ਮੌਕੋ, ਗਰਭਵਤੀ ਔਰਤ ਨੂੰ, ਟੈਟੂ ਖੁਦਵਾਉਣ ਤੋਂ ਪਹਿਲਾਂ, ਡਾਇਆਲਸਿਸ ਮੌਕੇ ਅਤੇ ਹੈਲਥ ਕੇਅਰ ਪਰਸੋਨਲ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਦਾ ਸਮੇਂ ਰਹਿੰਦਿਆਂ ਪਤਾ ਲੱਗ ਸਕੇ। ਹੈਪੇਟਾਈਟਸ ਸੀ ਅਤੇ ਬੀ ਦਾ ਇਲਾਜ, ਬੇਸਲਾਈਨ ਟੇਸਟ ਅਤੇ ਵਾਇਰਲ ਲੋਡ ਟੈਸਟ ਰਾਜ ਦੇ ਜਿਲ੍ਹਾ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲਜਾਂ, ਏ.ਆਰ.ਟੀ. ਕੇਂਦਰਾਂ ਅਤੇ ਓ.ਐਸ.ਟੀ. ਕੇਂਦਰਾਂ ਅਤੇ ਸਬ ਡਵੀਜਨਲ ਹਸਪਤਾਲਾਂ ਵਿਖੇ ਮੁਫਤ ਕੀਤਾ ਜਾਂਦਾ ਹੈ। ਹੈਪਾਟਾਈਟਸ ਏ ਅਤੇ ਈ ਦੂਸ਼ਿਤ ਪਾਣੀ ਪੀਣ ਅਤੇ ਗਲੇ ਸੜੇ ਫਲ ਖਾਣ ਨਾਲ, ਮੱਖੀਆਂ ਦੁਆਰਾ ਅਤੇ ਬਿਨ੍ਹਾਂ ਹੱਥ ਧੋਏ ਖਾਣਾ ਖਾਣ ਨਾਲ ਫੈਲਦੀ ਹੈ। ਹੈਪਾਟਾਈਟਸ ਬੀ ਅਤੇ ਸੀ ਬਿਮਾਰੀ ਦੂਸਿਤ ਸਰਿੰਜਾਂ, ਅਸੁਰੱਖਿਅਤ ਸੈਕਸ ਸਬੰਧ, ਪੀੜਿਤ ਮਰੀਜ਼ ਦਾ ਖੂਨ ਤੰਦਰੁਸਤ ਮਰੀਜ਼ ਦੇ ਲਗਾਉਣ ਨਾਲ, ਗਰਭਵਤੀ ਔਰਤ ਤੋਂ ਨਵਜੰਮੇ ਬੱਚੇ ਨੂੰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਕਰਨ ਵਾਲਿਆਂ ਵਿੱਚ ਇਹ ਬਿਮਾਰੀ ਬਹੁਤ ਜਿਆਦਾ ਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਹੈਪਾਟਾਈਟਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਬਿਮਾਰੀ ਬਹੁਤ ਜਾਨਲੇਵਾ ਅਤੇ ਖਤਰਨਾਕ ਹੋ ਸਕਦੀ ਹੈ। ਹੈਪਾਟਾਈਟਸ ਏ ਅਤੇ ਈ ਤੋਂ ਬਚਣ ਲਈ ਸਾਫ਼ ਸੁਥਰਾ ਪਾਣੀ ਅਤੇ ਖਾਣ ਪੀਣ ਦੀਆਂ ਸਾਫ਼ ਸੁਥਰੀਆਂ ਵਸਤਾਂ ਦੀ ਵਰਤੋਂ ਸਾਫ਼ ਹੱਥਾਂ ਨਾਲ ਕਰਨੀ ਚਾਹੀਦੀ ਹੈ। ਹੈਪਾਟਾਈਟਸ ਬੀ ਅਤੇ ਸੀ ਤੋਂ ਬਚਣ ਲਈ ਸਾਂਝੇ ਦੰਦਾਂ ਦੇ ਬੁਰਸ਼, ਸ਼ੇਵਿੰਗ ਬਲੇਡ, ਟੈਟੂ ਬਨਵਾਉਣ, ਸਾਝੀਆਂ ਟੀਕਿਆਂ ਦੀਆਂ ਸੁਈਆਂ ਵਰਤਣ, ਅਸੁਰੱਖਿਅਤ ਜਿਣਸੀ ਸਬੰਧਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਖੂਨ ਦੀ ਜਰੂਰਤ ਹੈ ਤਾਂ ਸਿਰਫ਼ ਮੰਨਜੂਰਸੁਦਾ ਬਲੱਡ ਬੈਂਕ ਤੋਂ ਲੈ ਕੇ ਹੀ ਲਗਾਉਣਾ ਚਾਹੀਦਾ ਹੈ। ਨਸ਼ਾ ਵਰਤਣ ਵਾਲੇ, ਥੇਲੇਸੀਮੀਆ ਦੇ ਮਰੀਜ਼, ਡਾਇਲਸਿਸ ਕਰਵਾਉਣ ਵਾਲੇ ਮਰੀਜ਼ ਹਰੇਕ ਸਾਲ ਆਪਣਾ ਹੈਪਾਟਾਈਟਸ ਦਾ ਟੈਸਟ ਜਰੂਰ ਕਰਵਾਉਣ। ਜੇ ਕਿਸੇ ਵੀ ਵਿਅਕਤੀ ਨੂੰ ਆਪਣੇ ਵਿੱਚ ਹੈਪਾਟਾਈਟਸ ਦੇ ਕੋਈ ਲੱਛਣ ਆਉਂਦੇ ਹਨ ਤਾਂ ਆਪਣਾ ਟੈਸਟ ਜਰੂਰ ਕਰਵਾਉਣ।
- Download Babushahi App
-
-