ਛੇ ਗੈਰ-ਕਾਨੂੰਨੀ ਮਾਈਨਿੰਗ ਸਾਈਟਾਂ ਤੇ ਸਖ਼ਤ ਕਾਰਵਾਈ, ਕਈ ਐੱਫ.ਆਈ.ਆਰ. ਦਰਜ
ਜੁਲਾਈ ਦੌਰਾਨ ਕੀਤੀਆਂ ਪੜਤਾਲਾਂ ਵਿੱਚ 12.79 ਲੱਖ ਘਣ ਫੁੱਟ ਤੋਂ ਵੱਧ ਸਮੱਗਰੀ ਦੀ ਗੈਰ-ਕਾਨੂੰਨੀ ਖੁਦਾਈ ਦਾ ਸ਼ੱਕ; ਜ਼ਮੀਨ ਦੀ ਮਲਕੀਅਤ ਦੀ ਪੁਸ਼ਟੀ ਲਈ ਮਾਲ ਵਿਭਾਗ ਵੱਲੋਂ ਨਿਸ਼ਾਨਦੇਹੀ ਜਾਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਜੁਲਾਈ, 2026:
ਪੰਜਾਬ ਮਾਈਨਜ਼ ਐਂਡ ਜੀਓਲੋਜੀ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਜੁਲਾਈ 2026 ਦੌਰਾਨ ਛੇ ਅਣ-ਅਧਿਕਾਰਤ ਖੁਦਾਈ ਵਾਲੀਆਂ ਥਾਵਾਂ ਦੀ ਪਛਾਣ ਕਰਦਿਆਂ ਸਖ਼ਤ ਕਾਰਵਾਈ ਕੀਤੀ ਗਈ ਹੈ। ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਗੁਰਤੇਜ ਸਿੰਘ ਗਰਚਾ ਨੇ ਦੱਸਿਆ ਕਿ ਐਸ.ਡੀ.ਓ. ਪ੍ਰਦੀਪ ਕੁਮਾਰ ਅਤੇ ਜੂਨੀਅਰ ਇੰਜੀਨੀਅਰ-ਕਮ-ਮਾਈਨਿੰਗ ਇੰਸਪੈਕਟਰਾਂ ਵੱਲੋਂ ਕੀਤੀਆਂ ਮੌਕੇ ਦੀਆਂ ਜਾਂਚਾਂ ਦੌਰਾਨ ਅਜਿਹੀਆਂ ਥਾਵਾਂ 'ਤੇ ਵੱਡੇ ਪੱਧਰ 'ਤੇ ਖੁਦਾਈ ਪਾਈ ਗਈ, ਜਿੱਥੇ ਵਿਭਾਗ ਵੱਲੋਂ ਕਿਸੇ ਵੀ ਕਿਸਮ ਦੀ ਮਾਈਨਿੰਗ ਮਨਜ਼ੂਰੀ ਜਾਂ ਪਰਮਿਟ ਜਾਰੀ ਨਹੀਂ ਕੀਤਾ ਗਿਆ ਸੀ।
ਗੁਰਤੇਜ ਸਿੰਘ ਗਰਚਾ ਨੇ ਦੱਸਿਆ ਕਿ ਸ਼ਨਾਖ਼ਤ ਕੀਤੀਆਂ ਗਈਆਂ ਥਾਵਾਂ ਵਿੱਚ ਖੇੜੀ ਜੱਟਾਂ, ਮੁਕੰਦਪੁਰ, ਹੈਬਤਪੁਰ, ਬਿਜਨਪੁਰ, ਡੇਰਾਬੱਸੀ ਖੇਤਰ ਦੀ ਇੱਕ ਹੋਰ ਸਾਈਟ ਅਤੇ ਰਾਮਪੁਰ ਸੈਣੀਆਂ ਸ਼ਾਮਲ ਹਨ। ਇਨ੍ਹਾਂ ਸਥਾਨਾਂ 'ਤੇ ਗੈਰ-ਕਾਨੂੰਨੀ ਤੌਰ 'ਤੇ ਕੀਤੀ ਗਈ ਖੁਦਾਈ ਦੀ ਅਨੁਮਾਨਿਤ ਮਾਤਰਾ 12.79 ਲੱਖ ਘਣ ਫੁੱਟ ਤੋਂ ਵੱਧ ਹੈ, ਜਿਸ ਵਿੱਚ ਸਭ ਤੋਂ ਵੱਡੀ ਖੁਦਾਈ ਲਗਭਗ 6.55 ਲੱਖ ਘਣ ਫੁੱਟ ਦਰਜ ਕੀਤੀ ਗਈ। ਜਾਂਚ ਰਿਪੋਰਟ ਵਿੱਚ ਸਾਰੀਆਂ ਸਾਈਟਾਂ ਦੇ ਜੀ.ਪੀ.ਐੱਸ. ਕੋਆਰਡੀਨੇਟ ਵੀ ਦਰਜ ਕੀਤੇ ਗਏ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਸਥਾਨ ਲਈ ਛੋਟੇ ਖਣਿਜਾਂ ਜਾਂ ਮਿੱਟੀ ਦੀ ਖੁਦਾਈ ਸਬੰਧੀ ਕੋਈ ਮਨਜ਼ੂਰੀ ਜਾਂ ਪਰਮਿਟ ਜਾਰੀ ਨਹੀਂ ਕੀਤਾ ਗਿਆ ਸੀ। ਜ਼ਮੀਨ ਦੀ ਮਲਕੀਅਤ ਅਤੇ ਸਬੰਧਤ ਖਸਰਾ ਨੰਬਰਾਂ ਦੀ ਪੁਸ਼ਟੀ ਲਈ ਮਾਲ ਵਿਭਾਗ ਨੂੰ ਨਿਸ਼ਾਨਦੇਹੀ ਕਰਨ ਲਈ ਲਿਖਿਆ ਗਿਆ ਹੈ। ਨਿਸ਼ਾਨਦੇਹੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਅਗਲੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮੌਕੇ ਦੀਆਂ ਜਾਂਚਾਂ ਦੇ ਨਾਲ-ਨਾਲ ਵਿਭਾਗ ਵੱਲੋਂ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 1957 ਦੀ ਧਾਰਾ 4(1) ਅਤੇ 21(1) ਤਹਿਤ ਅਪਰਾਧਿਕ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ। ਜੁਲਾਈ ਮਹੀਨੇ ਦੌਰਾਨ ਕਈ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਡੇਰਾਬੱਸੀ ਵਿੱਚ ਇੱਕ ਮਾਮਲਾ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਕਾਰਵਾਈ ਦੌਰਾਨ ਸਰਕਾਰੀ ਅਧਿਕਾਰੀਆਂ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ਾਂ ਨਾਲ ਸਬੰਧਿਤ ਹੈ, ਜਦਕਿ ਹੰਡੇਸਰਾ ਵਿਖੇ ਟਾਂਗਰੀ ਦਰਿਆ ਖੇਤਰ ਵਿੱਚ ਲਗਭਗ 40.50 ਲੱਖ ਘਣ ਫੁੱਟ ਮਿੱਟੀ ਦੀ ਗੈਰ-ਕਾਨੂੰਨੀ ਖੁਦਾਈ ਸਬੰਧੀ ਇੱਕ ਹੋਰ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਬਿਜਨਪੁਰ, ਪੀਰ ਮੁੱਛੱਲਾ ਅਤੇ ਘਡੋਲੀ ਵਿੱਚ ਵੀ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।
ਉਨ੍ਹਾਂ ਹੋਰ ਦੱਸਿਆ ਕਿ ਬਿਜਨਪੁਰ ਵਿਖੇ ਇੱਕ ਜਾਂਚ ਦੌਰਾਨ ਜੇ.ਸੀ.ਬੀ. ਮਸ਼ੀਨ ਨਾਲ ਗੈਰ-ਕਾਨੂੰਨੀ ਖੁਦਾਈ ਜਾਰੀ ਮਿਲੀ। ਹਾਲਾਂਕਿ, ਕਾਰਵਾਈ ਤੋਂ ਪਹਿਲਾਂ ਹੀ ਮਸ਼ੀਨ ਚਾਲਕ ਜੇ.ਸੀ.ਬੀ. ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਕਾਰਨ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਪੀਰ ਮੁੱਛੱਲਾ ਨੇੜੇ ਘੱਗਰ ਦਰਿਆ ਵਿੱਚੋਂ ਕਥਿਤ ਤੌਰ 'ਤੇ ਬਜਰੀ ਦੀ ਗੈਰ-ਕਾਨੂੰਨੀ ਖੁਦਾਈ ਕਰਨ ਸਬੰਧੀ ਵੀ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਤਾਜ਼ਾ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਮਾਈਨਿੰਗ 'ਤੇ ਰੋਕ ਲਗਾਉਣ ਲਈ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਦਾ ਹਿੱਸਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਲ ਵਿਭਾਗ ਦੀ ਨਿਸ਼ਾਨਦੇਹੀ ਰਿਪੋਰਟ ਅਤੇ ਪੁਲਿਸ ਜਾਂਚ ਦੇ ਆਧਾਰ 'ਤੇ ਅਗਲੇ ਸਮੇਂ ਵਿੱਚ ਹੋਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
- Download Babushahi App
-
-