ਵੈਸ਼ਨੋ ਦੇਵੀ ਯਾਤਰਾ ਕਿਸ ਤਰੀਖ ਨੂੰ ਹੋਵੇਗੀ ਸ਼ੁਰੂ ? ਐਡਵਾਈਜ਼ਰੀ ਵੀ ਜਾਰੀ
ਜੰਮੂ-ਕਸ਼ਮੀਰ, 12 ਸਤੰਬਰ 2025: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਖਰਾਬ ਮੌਸਮ ਅਤੇ ਜ਼ਮੀਨ ਖਿਸਕਣ ਕਾਰਨ ਅਸਥਾਈ ਤੌਰ 'ਤੇ ਰੋਕੀ ਗਈ ਸ੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਹੁਣ 14 ਸਤੰਬਰ (ਐਤਵਾਰ) ਤੋਂ ਦੁਬਾਰਾ ਸ਼ੁਰੂ ਹੋਵੇਗੀ। ਇਹ ਫੈਸਲਾ ਸ਼ੁੱਕਰਵਾਰ ਨੂੰ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਲਿਆ ਹੈ। ਬੋਰਡ ਨੇ ਦੱਸਿਆ ਕਿ ਮੌਸਮ ਵਿੱਚ ਸੁਧਾਰ ਹੋਇਆ ਹੈ ਅਤੇ ਨੁਕਸਾਨੇ ਗਏ ਟਰੈਕ ਦੀ ਮੁਰੰਮਤ ਦਾ ਕੰਮ ਪੂਰਾ ਹੋ ਚੁੱਕਾ ਹੈ।
ਯਾਤਰਾ ਬੰਦ ਹੋਣ ਦਾ ਕਾਰਨ
ਯਾਤਰਾ ਨੂੰ 26 ਅਗਸਤ ਤੋਂ ਬੰਦ ਕਰ ਦਿੱਤਾ ਗਿਆ ਸੀ, ਜਦੋਂ ਭਾਰੀ ਮੀਂਹ ਕਾਰਨ ਯਾਤਰਾ ਮਾਰਗ 'ਤੇ ਜ਼ਮੀਨ ਖਿਸਕ ਗਈ ਸੀ। ਇਸ ਘਟਨਾ ਵਿੱਚ ਅਰਧਕੁਮਾੜੀ ਦੇ ਇੰਦਰਪ੍ਰਸਥ ਭੋਜਨਾਲੇ ਨੇੜੇ 34 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਰਧਾਲੂ ਸਨ। ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਯਾਤਰਾ ਨੂੰ ਰੋਕ ਦਿੱਤਾ ਸੀ।
ਸ਼ਰਧਾਲੂਆਂ ਲਈ ਜ਼ਰੂਰੀ ਅਪੀਲ
ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮੌਸਮ ਅਤੇ ਟਰੈਕ ਦੀ ਸਥਿਤੀ ਬਾਰੇ ਜਾਣਕਾਰੀ ਲਈ ਬੋਰਡ ਦੀ ਅਧਿਕਾਰਤ ਵੈੱਬਸਾਈਟ ਜਾਂ ਹੈਲਪਲਾਈਨ ਨੰਬਰ ਦੀ ਜਾਂਚ ਜ਼ਰੂਰ ਕਰਨ। ਬੋਰਡ ਨੇ ਇਹ ਵੀ ਕਿਹਾ ਹੈ ਕਿ ਜੇਕਰ ਮੌਸਮ ਫਿਰ ਤੋਂ ਖ਼ਰਾਬ ਹੁੰਦਾ ਹੈ, ਤਾਂ ਅੱਗੇ ਦਾ ਫੈਸਲਾ ਮੌਸਮ ਦੀ ਸਥਿਤੀ ਨੂੰ ਦੇਖ ਕੇ ਲਿਆ ਜਾਵੇਗਾ।