Babushahi Special ਸਿਆਸਤ ਦੀ ਹਿੱਕ ਤੇ ਗੋਡਾ ਰੱਖ ਕੇ ਸ਼ੇਰਨੀ ਬਣੀ ਦਲਿਤ ਬੱਚੀ ਪੁਲਿਸ ਤੋਂ ਲੈਕੇ ਹਟੀ ਇਨਸਾਫ
ਅਸ਼ੋਕ ਵਰਮਾ
ਚੰਡੀਗੜ੍ਹ, 11ਸਤੰਬਰ 2025 : ਪੰਜਾਬ ਦੇ ਇੱਕ ਦਲਿਤ ਪ੍ਰੀਵਾਰ ਦੀ ਧੀਅ ਨੇ ਧਮਕੀਆਂ ਅਤੇ ਦਬਕਿਆਂ ਨੂੰ ਠੋਕਰ ਮਾਰਦਿਆਂ ਪੁਲਿਸ ਵੱਲੋਂ ਆਪਣੇ ਨਾਲ ਕੀਤੇ ਬੇਰਹਿਮੀ ਭਰੇ ਧੱਕੇ ਦਾ ਅਦਾਲਤ ਰਾਹੀਂ ਇਨਸਾਫ ਹਾਸਲ ਕਰਨ ’ਚ ਸਫਲਤਾ ਹਾਸਲ ਕਰ ਲਈ ਹੈ। ਮਾਮਲਾ 3 ਮਾਰਚ, 2013 ਨੂੰ ਤਰਨ ਤਾਰਨ ਦੀ ਗੋਇੰਦਵਾਲ ਸਾਹਿਬ ਸੜਕ ’ਤੇ ਸਥਿਤ ਇੱਕ ਪੈਲੇਸ ਵਿੱਚ ਇੱਕ ਔਰਤ ਨਾਲ ਸ਼ਰੇਆਮ ਕੁੱਟਮਾਰ ਕਰਨ ਅਤੇ ਉਸ ਦੇ ਕਪੜੇ ਤੱਕ ਪਾੜ ਦੇਣ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਵਿੱਚ ਖਡੂਰ ਸਾਹਿਬ ਤੋਂ ਹਾਕਮ ਧਿਰ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 11 ਜਣਿਆਂ ਨੂੰ ਤਰਨਤਾਰਨ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਜਿੰਨ੍ਹਾਂ ਨੂੰ 12 ਸਤੰਬਰ ਨੂੰ ਸਜ਼ਾ ਸੁਣਾਈ ਜਾਏਗੀ ਹੈ। ਦੋਸ਼ੀਆਂ ਵਿੱਚ ਛੇ ਪੁਲੀਸ ਕਰਮੀ ਵੀ ਸ਼ਾਮਲ ਹਨ, ਜਿੰਨ੍ਹਾਂ ਚੋਂ ਇੱਕ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ।
ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਘਟਨਾ ਵਾਲੇ ਦਿਨ ਪੀੜਤਾ ਹਰਬਿੰਦਰ ਕੌਰ ਗੋਇੰਦਵਾਲ ਰੋਡ ਤੇ ਸਥਿਤ ਇੱਕ ਪੈਲੇਸ ਦੇ ਬਾਹਰ ਖਲੋਤੀ ਸੀ । ਇਸ ਮੌਕੇ ਤੱਤਕਾਲੀ ਟੈਕਸੀ ਡਰਾਈਵਰ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਸ ਦੇ ਸਾਥੀ ਡਰਾਈਵਰਾਂ ਨੇ ਉਸ ਨਾਲ ਇਤਰਾਜਯੋਗ ਹਰਕਤਾਂ ਕੀਤੀਆਂ ਜਿੰਨ੍ਹਾਂ ਦਾ ਵਿਰੋਧ ਕਰਨ ਤੇ ਲਾਲਪੁਰਾ ਆਦਿ ਨੇ ਪੁਲਿਸ ਸੱਦ ਲਈ। ਇਸ ਮੌਕੇ 8 ਪੁਲਿਸ ਮੁਲਾਜਮਾਂ ਅਤੇ 4 ਟੈਕਸੀ ਡਰਾਈਵਰਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਪੁਲਿਸ ਪੂਰੇ ਪ੍ਰੀਵਾਰ ਨੂੰ ਥਾਣੇ ਲੈ ਗਈ ਅਤੇ ਰਾਤ ਨੂੰ 12 ਵਜੇ ਤੱਕ ਬਿਠਾਈ ਰੱਖਿਆ ਤੇੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ। ਪੀੜਤਾ ਅਨੁਸਾਰ ਉਨ੍ਹਾਂ ਤੇ ਕੇਸ ਨਾਂ ਕਰਨ ਦਾ ਦਬਾਅ ਬਣਾਇਆ ਪਰ ਜਦੋਂ ਕੁੱਟਮਾਰ ਸਬੰਧੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤਾਂ ਪੁਲਿਸ ਨੂੰ ਮਜਬੂਰੀਵੱਸ ਮੁਕੱਦਮਾ ਦਰਜ ਕਰਨਾ ਪਿਆ।
ਕੇਸ ਦਰਜ ਹੋਣ ਤੋਂ ਬਾਅਦ ਪੀੜਤਾ ਦੀ ਜਿੰਦਗੀ ਨੇ ਭਿਆਨਕ ਮੋੜ ਲੈ ਲਿਆ ਅਤੇ ਉਸ ਨੂੰ ਮਾਮਲਾ ਵਾਪਿਸ ਲੈਣ ਲਈ ਦਬਾਅ ਪਾਉਣ ਵਾਸਤੇ ਲਗਾਤਾਰ ਧਮਕੀਆਂ ਮਿਲਣ ਲੱਗ ਪਈਆਂ । ਇਸ ਦੌਰਾਨ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਆਉਣ ਪਿੱਛੋਂ ਮਾਮਲਾ ਤਰਨ ਤਾਰਨ ਅਦਾਲਤ ’ਚ ਪੁੱਜ ਗਿਆ। ਪੀੜਤਾ ਅਨੁਸਾਰ ਅਦਾਲਤ ਦੀ ਸੁਣਵਾਈ ਦੇ 12 ਸਾਲ ਉਨ੍ਹਾਂ ਲਈ ਕਿਸੇ ਡਰਾਉਣੇ ਸੁਫਨੇ ਤੋਂ ਘੱਟ ਨਹੀਂ ਰਹੇ ਕਿਉਂਕਿ ਹਰ ਸੁਣਵਾਈ ਤੋਂ ਪਹਿਲਾਂ ਪ੍ਰੀਵਾਰ ਅਤੇ ਬੱਚਿਆਂ ਨੂੰ ਖਤਮ ਕਰਨ ਦੀਆਂ ਧਮਕੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ। ਪੀੜਤਾ ਦੱਸਦੀ ਹੈ ਕਿ ਵਿਆਹ ਪਿੱਛੋਂ ਉਸ ਨੂੰ ਵਿਦੇਸ਼ੀ ਨੰਬਰ ਤੋਂ ਪਤੀ ਨੂੰ ਮਾਰਨ ਸਬੰਧੀ ਧਮਕੀ ਫੋਨ ਵੀ ਆਇਆ ਸੀ। ਇਕੱਲੀ ਘਰੋਂ ਬਾਹਰ ਨਹੀਂ ਨਿਕਲਦੀ ਸੀ ਅਤੇ ਹਰ ਸੁਣਵਾਈ ਮੌਕੇ ਰਾਹ ਵਿੱਚ ਹਮਲਾ ਹੋਣ ਜਾਂ ਗੋਲੀ ਮਾਰਨ ਦੇ ਡਰੋਂ ਗੱਡੀਆਂ ਬਦਲਣੀਆਂ ਪੈਂਦੀਆਂ ਸਨ ।
.jpg)
ਪੀੜਤਾ ਅਨੁਸਾਰ ਕਦੇ ਕਦੇ ਤਾਂ ਆਪਣਿਆਂ ਤੇ ਵੀ ਸ਼ੱਕ ਹੋਣ ਲੱਗ ਜਾਂਦਾ ਸੀ ਪਰ ਘਟਨਾ ਵਾਲੇ ਦਿਨ 8 ਪੁਲਿਸ ਮੁਲਾਜਮਾਂ ਵੱਲੋਂ ਬੁਰੀ ਤਰਾਂ ਕੁੱਟਣ ਦੀ ਕੌੜੀ ਯਾਦ ਉਸ ਨੂੰ ਹਮੇਸ਼ਾ ਹਿੰਮਤ ਦਿੰਦੀ ਰਹਿੰਦੀ ਅਤੇ ਇਹੋ ਦਰਦ ਉਸ ਵਿੱਚ ਇਨਸਾਫ ਲਈ ਲੜਨ ਦਾ ਜਨੂੰਨ ਜਗਾਉਂਦਾ ਸੀ। ਉਨ੍ਹਾਂ ਡੰਡਿਆਂ ਦੀ ਪੀੜ੍ਹ ਕਹਿੰਦੀ ਕਿ ਹੁਣ ਕਿਸੇ ਤੋਂ ਡਰ ਨਾਂ ਇਨਸਾਫ ਹਾਸਲ ਕਰਨ ਲਈ ਲੜਾਈ ਜਾਰੀ ਰੱਖ। ਪੀੜਤਾ ਅਨੁਸਾਰ ਇਸ ਦੌਰਾਨ ਗਵਾਹਾਂ ਨੂੰ ਧਮਕਾਇਆ ਗਿਆ ਅਤੇ ਧਮਕੀਆਂ ਤੋਂ ਡਰਦੇ ਕਈ ਗਵਾਹ ਤਾਂ ਅਦਾਲਤ ’ਚ ਗਵਾਹੀ ਦੇਣ ਨਹੀਂ ਆਏ ਸਨ ਫਿਰ ਵੀ ਉਸ ਨੇ ਆਪਣਾ ਸੰਘਰਸ਼ ਜਾਰੀ ਰੱਖਿਆ। ਪੂਰੀ ਸੁਣਵਾਈ ਦੌਰਾਨ ਉਸ ਨੂੰ 12 ਵਕੀਲ ਬਦਲਣੇ ਪਏ ਸਨ। ਪੀੜਤਾ ਅਨੁਸਾਰ ਕਰੀਬ 4 ਸਾਲ ਪਹਿਲਾਂ ਐਡਵੋਕੇਟ ਅਮਿਤ ਧਵਨ ਉਸ ਨਾਲ ਡਟਕੇ ਖਲੋਤੇ ਅਤੇ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਇਆ ਹੈ।
ਲਾਲਪੁਰਾ ਦੇ ਰਸੂਖ ਕਾਰਨ ਪ੍ਰੀਵਾਰ ਅਤੇ ਪੀੜਤਾ ਦੀ ਸੁਰੱਖਿਆ ਵਾਪਿਸ ਲੈ ਲਈ ਗਈ । ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਉਸ ਦੇ ਭਰਾ ਤੇ ਫਾਇਰਿੰਗ ਕੀਤੀ ਗਈ ਪਰ ਉਹ ਵਾਲ ਵਾਲ ਬਚ ਗਿਆ। ਪੀੜਤਾ ਅਨੁਸਾਰ ਜੋ ਮਾਮਲਾ ਸਿਰਫ 4 ਸਾਲ ਵਿੱਚ ਨਿਬੜਨਾ ਚਾਹੀਦਾ ਸੀ ਉਸ ਨੂੰ 12 ਸਾਲ ਲੱਗ ਗਏ। ਇਸ ਦੌਰਾਨ ਪੀੜਤਾ ਦੇ ਪ੍ਰੀਵਾਰ ਨੂੰ ਹਿਜਰਤ ਕਰਨੀ ਪਈ । ਤਰਨਤਾਰਨ ਤੋਂ ਅੰਮ੍ਰਿਤਸਰ ਆਉਣ ਤੋਂ ਬਾਅਦ ਵੀ ਧਮਕੀਆਂ ਮਿਲਦੀਆਂ ਰਹੀਆਂ ਅਤੇ ਇਸ ਦੌਰਾਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ। ਅਦਾਲਤ ਨੇ ਮੁਲਜਮ ਪੁਲਿਸ ਮੁਲਾਜਮਾਂ ਨੂੰ ਜਿਲ੍ਹੇ ਤੋਂ ਬਾਹਰ ਭੇਜਣ ਦੇ ਹੁਕਮ ਦਿੱਤੇ ਸਨ ਜਿੰਨ੍ਹਾਂ ਨੂੰ ਛਿੱਕੇ ਟੰਗਣ ਕਾਰਨ ਦੋਸ਼ੀ ਪ੍ਰੀਵਾਰ ਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ। ਪੀੜਤਾ ਅਨੁਸਾਰ 12 ਸਾਲ ਕਿਸੇ ਨਰਕ ਤੋਂ ਘੱਟ ਨਹੀ ਸਨ ਪਰ ਡੰਡਿਆਂ ਨੂੰ ਯਾਦ ਕਰਕੇ ਹੌਂਸਲਾ ਨਹੀਂ ਡੋਲਿਆ ਹੈ।
ਸਿਆਸੀ ਰਸੂਖਵਾਨ ਹੈ ਵਿਧਾਇਕ ਲਾਲਪੁਰਾ
ਚੁੰਝ ਚਰਚਾ ਹੈ ਕਿ ਵਿਧਾਇਕ ਮਨਜਿੰਦਰ ਸਿੰਘ ਦੇ ਸਿਆਸੀ ਰਸੂਖ ਦੋ ਚੋਟੀ ਦੇ ਅਧਿਕਾਰੀਆਂ ਨੂੰ ਬਦਲਿਆ ਗਿਆ ਹੈ। ਸਾਲ 2013 ’ਚ ਕੁੱਟਮਾਰ ਮਾਮਲੇ ਤੋਂ ਬਾਅਦ ਲਾਲਪੁਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਛੇ ਸਾਲ ਜਿਲ੍ਹਾ ਪ੍ਰਧਾਨ ਅਤੇ ਦੋ ਸਾਲ ਯੂਥ ਵਿੰਗ ਦੇ ਸੂਬਾ ਪ੍ਰਧਾਨ ਰਹਿਣ ਵਾਲਾ ਲਾਲਪੁਰਾ 2022 ’ਚ ਵਿਧਾਇਕ ਬਣਿਆ। ਰਿਸ਼ਤੇਦਾਰ ਖਿਲਾਫ ਮਾਈਨਿੰਗ ਦਾ ਮੁਕੱਦਮਾ ਦਰਜ ਹੋਣ ਪਿਛੋਂ ਹੋਈ ਐਸਐਸਪੀ ਦੀ ਬਦਲੀ ਅਤੇ ਪਿੰਡ ਕੋਟ ਮੁਹੰਮਦ ਖਾਨ ’ਚ ਏਐਸਆਈ ਕਤਲ ਮਾਮਲੇ ’ਚ ਸਰਪੰਚ ਸਣੇ 20 ਜਣਿਆਂ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਕੀਤੇ ਐਸਐਸਪੀ ਦੇ ਤਬਾਦਲੇ ਨੂੰ ਲਾਲਪੁਰਾ ਦੀ ਸਿਆਸੀ ਪਹੁੰਚ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਭਾਸਕਰ ਤੋਂ ਧੰਨਵਾਦ ਸਾਹਿਤ