ਪ੍ਰਧਾਨ ਮੰਤਰੀ ਵੱਲ਼ੋਂ ਪੰਜਾਬ ਲਈ 1600 ਕਰੋੜ ਦਾ ਪਹਿਲਾ ਪੈਕੇਜ ਦੇਣਾ ਵੱਡਾ ਸ਼ਲਾਘਾਯੋਗ ਕਦਮ– ਹਰਜੀਤ ਸੰਧੂ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,10 ਸਤੰਬਰ 2025- ਪਿਛਲੇ ਕਾਫੀ ਦਿਨਾਂ ਤੋਂ ਕੁਦਰਤੀ ਆਫਤਾਂ ਕਾਰਨ ਦੇਸ਼ ਦੇ ਵੱਖ-ਵੱਖ ਇਲਾਕੇ ਪ੍ਰਭਾਵਿਤ ਹੋਏ ਹਨ ਪਰ ਸਭ ਤੋਂ ਜਿਆਦਾ ਪੰਜਾਬ ਦਾ ਇਲਾਕਾ ਹੜ੍ਹਾਂ ਦੀ ਮਾਰ ਹੇਠ ਆਉਣ ਕਾਰਨ ਲੱਖਾਂ ਏਕੜ ਫਸਲ ਤਬਾਹ ਹੋਣ ਦੇ ਨਾਲ ਨਾਲ ਜਾਨੀ ਮਾਲੀ ਨੁਕਸਾਨ ਵੱਡੇ ਪੱਧਰ ਤੇ ਹੋਇਆ ਹੈ।ਇਨਾਂ ਨਾਜੁਕ ਹਲਾਤਾਂ ਅਤੇ ਪੰਜਾਬ ਨਿਵਾਸੀਆਂ ਲਈ ਮਸੀਹਾ ਦੇ ਤੌਰ 'ਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਭ ਤੋਂ ਪਹਿਲੀ ਅਤੇ ਵੱਡੀ ਪਹਿਲਕਦਮੀਂ ਕਰਦਿਆਂ 1600 ਕਰੋੜ ਰੁਪਏ ਦਾ ਪਹਿਲਾ ਵੱਡਾ ਰਾਹਤ ਪੈਕੇਜ ਦੇ ਕੇ ਪੰਜਾਬ ਅਤੇ ਪੰਜਾਬੀਆਂ ਦੇ ਹਿਤੈਸ਼ੀ ਹੋਣ ਦਾ ਪ੍ਰਤੱਖ ਸਬੂਤ ਦਿੱਤਾ ਹੈ।ਜਦੋਂ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਜੇ ਤੱਕ ਵੀ ਹੱਥ ਤੇ ਹੱਥ ਰੱਖ ਕੇ ਬੈਠੀ ਹੈ ਅਤੇ ਪੰਜਾਬ ਨਾਲ ਇਸ ਬੁਰੇ ਹਲਾਤਾਂ ਵਿੱਚ ਖੜੇ ਹੋਣ ਦੀ ਬਜਾਏ ਬਦਲੇ ਦੀ ਭਾਵਨਾ ਵਾਲੀ ਰਾਜਨੀਤੀ ਕਰਕੇ ਕੇਂਦਰ ਤੇ ਨਜਾਇਜ ਹੀ ਗਲਤ ਬਿਆਨਬਾਜੀ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਲਈ ਨਾਪਾਕ ਇਰਾਦੇ ਅਪਨਾਉਣ ਵਿੱਚ ਲੱਗੀ ਹੋਈ ਹੈ।ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੇ ਤਰਨਤਾਰਨ ਜਿਮਨੀ ਚੋਣ ਦੇ ਉਮੀਦਵਾਰ ਅਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਆਮਦ ਤੇ ਰਾਹਤ ਪੈਕੇਜ ਰਿਲੀਜ ਕਰਨ ਦੇ ਫੈਸਲੇ ਦਾ ਪੰਜਾਬੀ ਹੋਣ ਨਾਤੇ ਸ਼ਲਾਘਾਯੋਗ ਕਦਮ ਦੱਸਦਿਆਂ ਮੀਡੀਆ ਨਾਲ ਆਪਣੇ ਵਿਚਾਰ ਸਾਂਝੇ ਕਰਨ ਮੌਕੇ ਪ੍ਰਗਟ ਕੀਤੇ।ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਐਕਸ਼ ਗ੍ਰੇਸ਼ੀਆ ਗ੍ਰਾਂਟ ਤਹਿਤ ਹੜ੍ਹਾਂ ਦੌਰਾਨ ਜੋ ਆਪਣੀ ਜਾਨ ਗੁਆ ਗਏ ਹਨ ਉਨਾਂ ਦੇ ਪਰਿਵਾਰਕ ਜੀਆਂ ਨੂੰ 2 ਲੱਖ ਰੁਪਏ ਦੀ ਗਰਾਂਟ ਅਤੇ ਜਖਮੀਂ ਹੋਏ ਲੋਕਾਂ ਨੂੰ 50 ਹਜ਼ਾਰ ਰੁਪਏ ਰਾਹਤ ਪੈਕੇਜ ਵਿੱਚ ਰਿਲੀਜ ਕਰਨ ਨਾਲ ਪੰਜਾਬ ਵਿੱਚ ਹੋਈ ਭਿਆਨਕ ਤਬਾਹੀ ਨਾਲ ਆਰਥਿਕ ਘਾਟਾ ਪੂਰਾ ਹੋਵੇਗਾ।ਇਸ ਦੇ ਨਾਲ ਹੀ ਹੜਾਂ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਦੀ ਬਹਾਲੀ ਅਤੇ ਪੁਨਰ ਨਿਰਮਾਣ ਲਈ ਵੀ ਹਰ ਸੰਭਵ ਮਦਦ ਕਰਨ ਦਾ ਐਲਾਨ ਕਰਨਾ ਵੀ ਪੰਜਾਬੀਆਂ ਲਈ ਰਾਹਤ ਭਰੀ ਖਬਰ ਹੈ।ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜੋ ਹਵਾਈ ਨਿਰੀਖਣ ਕੀਤਾ ਹੈ ਉਸ ਤੋਂ ਬਾਅਦ ਸੰਬੰਧਤ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਨਾ,ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜਾ ਕਰਨਾ,ਨੁਕਸਾਨ ਦਾ ਮੁਲਾਂਕਣ ਕਰਨਾ, ਮਪੰਜਾਬ ਵਿੱਚ ਕੀਤੇ ਗਏ ਰਾਹਤ ਅਤੇ ਪੁਨਰਵਾਸ ਉਪਾਵਾਂ ਦੀ ਸਮੀਖਿਆ ਕਰਨ ਤੋਂ ਜਾਹਰ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਜਮੀਨੀ ਪੱਧਰ 'ਤੇ ਹਰ ਮੁਸ਼ਕਿਲ ਤੋਂ ਜਾਣੂ ਹਨ ਅਤੇ ਆਪ ਵੀ ਗਰੀਬੀ ਰੇਖਾ ਤੋਂ ਉੱਠ ਕੇ ਸਫਲ ਰਾਜਨੇਤਾ ਬਣੇ ਹਨ ਉਹ ਜਾਣਦੇ ਹਨ ਕਿ ਜਾਨੀ ਮਾਲੀ ਨੁਕਸਾਨ ਹੋਣ ਨਾਲ ਜਿੰਦਗੀ ਵਿੱਚ ਕੀ ਬੁਰੇ ਪ੍ਰਭਾਵ ਹਨ ਇਸ ਲਈ ਸਾਰੀ ਪ੍ਰੀਕਿਰਿਆ ਤੋਂ ਬਾਅਦ ਵੱਡਾ 1600 ਕਰੋੜ ਦਾ ਰਾਹਤ ਪੈਕੇਜ ਦੇ ਕੇ ਪੰਜਾਬੀਆਂ ਦੀ ਬੁਰੇ ਵਕਤ ਵਿੱਚ ਬਾਂਹ ਫੜੀ ਹੈ ਅਤੇ ਭਵਿੱਖ ਵਿੱਚ ਵੀ ਪੰਜਾਬ ਨਾਲ ਖੜੇ ਰਹਿਣਗੇ, ਜੋ ਪੰਜਾਬ ਅਤੇ ਪੰਜਾਬੀਆਂ ਲਈ ਵੱਡੇ ਮਾਣ ਵਾਲੀ ਗੱਲ ਹੈ।ਇਸ ਮੌਕੇ 'ਤੇ ਉਨਾਂ ਨਾਲ ਭਾਰਤੀ ਜਨਤਾ ਪਾਰਟੀ ਦੀ ਜਿਲੇ ਦੀ ਸਮੁੱਚੀ ਲੀਡਰਸ਼ਿਪ ਅਤੇ ਆਗੂ ਸਾਹਿਬਾਨ ਮੌਜੂਦ ਸਨ।