ਗੁਰਦਾਸਪੁਰ 'ਚ ਹੁਣ ਤੱਕ ਸੱਪ ਨਾਲ ਕੱਟਣ ਦੇ 37 ਮਾਮਲੇ ਆਏ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ, 10 ਸਤੰਬਰ 2025- ਹੜ ਪ੍ਰਭਾਵਿਤ ਇਲਾਕਿਆਂ ਅੰਦਰ ਬਿਮਾਰੀਆਂ ਦੇ ਨਾਲ ਨਾਲ ਹੁਣ ਸੱਪ ਦੇ ਕੱਟਣ ਦੇ ਮਾਮਲੇ ਵੀ ਲਗਾਤਾਰ ਵੱਧਦੇ ਜਾ ਰਹੇ ਹਨ। ਗੁਰਦਾਸਪੁਰ ਜਿਲ੍ਹੇ ਅੰਦਰ ਸੱਪ ਦੇ ਕੱਟਣ ਦੇ ਹੁਣ ਤੱਕ 37 ਮਾਮਲੇ ਸਾਹਮਣੇ ਆ ਚੁੱਕੇ ਹਨ।
ਜਿਨਾਂ ਵਿੱਚੋਂ ਜਿਆਦਾ ਮਾਮਲੇ ਹੜ ਪ੍ਰਭਾਵਿਤ ਇਲਾਕੇ ਨਾਲ ਸੰਬੰਧਿਤ ਹਨ। ਅਤੇ ਇਹਨਾਂ ਸਾਰੇ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਜਾ ਚੁੱਕਾ ਹੈ ਅਤੇ ਇਹ ਠੀਕ ਹੋ ਕੇ ਆਪਣੇ ਘਰਾਂ ਅੰਦਰ ਜਾ ਚੁੱਕੇ ਹਨ। ਫਿਰ ਵੀ ਇਹਨਾਂ ਇਲਾਕਿਆਂ ਅੰਦਰ ਅਜੇ ਸੱਪਾਂ ਦਾ ਕਹਿਰ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਿਲ ਸਰਜਨ ਗੁਰਦਾਸਪੁਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੜ ਦੇ ਪਾਣੀ ਨਾਲ ਕਲਾਨੌਰ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ ਅਤੇ ਇਸ ਇਲਾਕ਼ੇ ਵਿੱਚੋਂ ਸੱਪ ਦੇ ਕੱਟਣ ਦੇ 24 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 6 ਮਾਮਲੇ ਗੁਰਦਾਸਪੁਰ ਤੋ ਡੇਰਾ ਬਾਬਾ ਨਾਨਕ ਵਿੱਚ 1 ਮਾਮਲਾ ਸਾਹਮਣੇ ਆਇਆ ਹੈ।
ਉਹਨਾਂ ਕਿਹਾ ਕਿ ਇਹ 31 ਮਾਮਲੇ ਸਿਰਫ ਹੜ ਪ੍ਰਭਾਵਿਤ ਇਲਾਕੇ ਤੋਂ ਸਾਹਮਣੇ ਆਏ ਹਨ ਅਤੇ 6 ਹੋਰ ਮਾਮਲੇ ਵੱਖ ਵੱਖ ਇਲਾਕਿਆਂ ਤੋਂ ਸਾਹਮਣੇ ਆਏ ਹਨ। ਉਹਨਾਂ ਦੱਸਿਆ ਕਿ ਇਹਨਾਂ ਸਾਰੇ ਵਿਅਕਤੀਆਂ ਦਾ ਸਫਲ ਇਲਾਜ ਕੀਤਾ ਜਾ ਚੁੱਕਾ ਹੈ ਅਤੇ ਇਹਨਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਚੁੱਕੀ ਹੈ।
ਉਹਨਾਂ ਦੱਸਿਆ ਕਿ ਸੱਪ ਡੱਸਣ ਤੋਂ ਬਾਅਦ ਜੋ ਇੰਜੈਕਸ਼ਨ ਐਂਟੀ ਵੈਨਮ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ ਉਸ ਦੀਆਂ 1100 ਤੋਂ ਵੱਧ ਡੋਜਾਂ ਸਿਵਿਲ ਹਸਪਤਾਲ ਵਿਚ ਮਜੂਦ ਹਨ ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ, ਸੱਪ ਡਸਣ ਤੇ ਤੁਰੰਤ ਸੰਬੰਧਿਤ ਸਿਹਤ ਕੇਂਦਰ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਮਰੀਜ਼ ਦਾ ਇਲਾਜ ਕੀਤਾ ਜਾ ਸਕੇ ਇਸ ਲਈ ਉਹਨਾਂ ਨੇ ਹਰ ਪ੍ਰਭਾਵਿਤ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਕਿਉਂਕਿ ਪਾਣੀ ਉਤਰਨ ਤੋਂ ਬਾਅਦ ਸੱਪਾਂ ਦਾ ਕਹਿਰ ਹੋਰ ਵਧ ਸਕਦਾ ਹੈ।