ਦਾਊਦਪੁਰ ਤੇ ਫੱਸੇ ਬੰਨ ਪੂਰੀ ਤਰ੍ਹਾਂ ਸੁਰੱਖਿਅਤ, ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ - ADC
ਜ਼ਿਲ੍ਹਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ਤੇ ਮੌਜ਼ੂਦ ਰਹਿ ਕੇ ਕੀਤੀ ਜਾ ਰਹੀ ਅਗਵਾਈ
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਲਾਕੇ ਅਤੇ ਬਾਹਰ ਦੀਆਂ ਸੰਗਤਾਂ, ਫੌਜ ਦਾ ਕੀਤਾ ਗਿਆ ਵਿਸ਼ੇਸ਼ ਧੰਨਵਾਦ
ਸ੍ਰੀ ਚਮਕੌਰ ਸਾਹਿਬ, 07 ਸਤੰਬਰ: ਰੂਪਨਗਰ ਜ਼ਿਲ੍ਹੇ ਦੇ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਦਾਊਦਪੁਰ ਅਤੇ ਫੱਸੇ ਬੰਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਐੱਸਪੀ (ਹੈਡਕੁਆਟਰ) ਅਰਵਿੰਦ ਮੀਨਾ, ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ ਅਤੇ ਡੀਐਸਪੀ ਮਨਜੀਤ ਸਿੰਘ ਔਲਖ ਵੱਲੋਂ ਮੌਕੇ ਤੇ ਮੌਜ਼ੂਦ ਰਹਿ ਕੇ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ ਨੇ ਦੱਸਿਆ ਕਿ ਸਤਲੁਜ ਦੇ ਪਾਣੀ ਦਾ ਪੱਧਰ ਵਧਣ ਕਾਰਨ ਕੁੱਝ ਹਿੱਸਾ ਕੁਦਰਤੀ ਪੱਖੋਂ ਪ੍ਰਭਾਵਿਤ ਹੁੰਦਾ ਹੈ ਜਿਸ ਨੂੰ ਠੀਕ ਕਰਨ ਵਿੱਚ ਤੁਰੰਤ ਇਲਾਕੇ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ, ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਦੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਜੁੱਟ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਕੁਦਰਤੀ ਆਫਤ ਦੇ ਅੱਗੇ ਕਿਸੇ ਦਾ ਜੋਰ ਨਹੀ ਹੈ, ਪ੍ਰੰਤੂ ਪ੍ਰਸ਼ਾਸ਼ਨ ਵੱਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ, ਉਨ੍ਹਾਂ ਕਿਹਾ ਕਿ ਹਰ ਇੱਕ ਜਾਨ ਕੀਮਤੀ ਹੈ, ਅਸੀ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹਾਂ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰੇਨ ਵਿਭਾਗ ਦੇ ਇੰਜੀਨੀਅਰਾਂ ਦੇ ਤਕਨੀਕੀ ਸੁਝਾਵਾਂ ਅਤੇ ਭਾਰਤੀ ਫੌਜ ਦੇ ਟੈਕਨੀਕਲ ਵਿੰਗ ਦੇ ਸਹਿਯੋਗ ਦੇ ਨਾਲ ਫੱਸੇ ਤੇ ਦਾਊਦਪੁਰ ਵਿਖੇ ਚਲਾਏ ਜਾ ਰਹੇ ਓਪਰੇਸ਼ਨ ਤਹਿਤ ਸਮੂਹ ਸੰਗਤ ਤੇ ਸਰਕਾਰੀ ਵਿਭਾਗਾਂ ਤੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਦਿਨ-ਰਾਤ ਕੀਤੀ ਜਾ ਰਹੀ ਸਾਂਝੀ ਮਿਹਨਤ ਸਦਕਾ ਬੰਨਾਂ ਨੂੰ ਮਜ਼ਬੂਤ ਕਰਨ ਵਿਚ ਕਾਮਯਾਬ ਹੋਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਬੰਨ ਬਿਲਕੁਲ ਮਜ਼ਬੂਤ ਨਹੀਂ ਹੋ ਜਾਂਦਾ ਉਦੋਂ ਤੱਕ ਆਪ ਸਭ ਦੇ ਸਹਿਯੋਗ ਨਾਲ ਇਹ ਕਾਰਜ ਅੱਗੇ ਵੀ ਜਾਰੀ ਰਹੇਗਾ।
ਉਨ੍ਹਾਂ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਦਾਊਦਪੁਰ ਅਤੇ ਫੱਸੇ ਵਿਖੇ ਇਲਾਕੇ ਦੀਆਂ ਸੰਗਤਾਂ ਤੇ ਖ਼ਾਸ ਤੌਰ ਉੱਤੇ ਇਲਾਕੇ ਤੇ ਦੂਰ ਦਰਾਡੇ ਤੋਂ ਆ ਰਹੀ ਸੰਗਤ, ਭਾਰਤੀ ਫੌਜ ਦਾ ਵਿਸ਼ੇਸ਼ ਸਹਿਯੋਗ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ।