ਰਾਸ਼ਟਰ ਨਿਰਮਾਤਾ, ਰਾਸ਼ਟਰ ਨਿਰਮਾਣ ਲਈ ਹੜ੍ਹ ਮਾਰੇ ਪਿੰਡਾਂ ਵਿੱਚ ਨਿਭਾ ਰਹੇ ਨੇ ਮੋਹਰੀ ਰੋਲ
ਸਰਕਾਰੀ ਸੀਨੀਅਰ ਸਕੂਲ ਸੋਹਲ ਵਲੋਂ ਹੜ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ ਗਈ ਰਾਹਤ ਸਮੱਗਰੀ
ਰੋਹਿਤ ਗੁਪਤਾ
ਬਟਾਲਾ, 7 ਸਤੰਬਰ “ਮਰਦਾਂ ਤੇ ਘੋੜਿਆਂ ਕੰਮ ਪੈਣ ਅਵੱਲੇ, ਪੈਣ ਅਵੱਲੇ ਤਾਂ ਤਕੜਾ ਹੋ ਕੇ ਝੱਲੇ” ਇਹ ਖਾਸਾ ਹੈ ਪੰਜਾਬੀਆਂ ਦਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੋਹਲ ਵਿੱਚ ਸੇਵਾ ਨਿਭਾ ਰਹੇ ਡਾ ਸਰਦੂਲ ਸਿੰਘ ਚੌਹਾਨ ਅਤੇ ਉਸਦੇ ਅਧਿਆਪਕ ਸਾਥੀਆਂ ਵਲੋਂ ਹੜ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਸਮੱਗਰੀ ਪਹੁੰਚਾਈ ਗਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚੋਂ ਹੜ ਦਾ ਪਾਣੀ ਉੱਤਰ ਜਾਣ ਤੋਂ ਬਾਅਦ ਲੋਕਾਂ ਦੀ ਲੋੜ ਮੁਤਾਬਿਕ ਮਦਦ ਮੁਹੱਈਆ ਕਰਵਾਈ ਜਾਵੇਗੀ।
ਡਾ ਸਰਦੂਲ ਸਿੰਘ, ਲੈਕਚਰਾਰ ਨੇ ਕਿਹਾ ਕਿ ਆਫ਼ਤ ਮਾਰੇ ਲੋਕਾਂ ਦੀ ਸਿਰਫ਼ ਪੈਸੇ, ਰਾਹਤ ਸਮੱਗਰੀ ਜਾਂ ਉਸ ਸਥਾਨ ਤੇ ਪਹੁੰਚ ਕੇ ਸਹਾਇਤਾ ਕਰਨਾ ਹੀ ਸੇਵਾ ਨਹੀਂ ਹੁੰਦੀ, ਬਲਕਿ ਉਨ੍ਹਾਂ ਲੋਕਾਂ ਲਈ ਤੁਹਾਡੀ ਦਿਲ ਤੋਂ ਕੀਤੀ ਅਰਦਾਸ ਵੀ ਸੇਵਾ ਹੈ । ਰੱਬ ਕਰੇ ਇਹੋ ਜਿਹਾ ਕੁਦਰਤ ਦਾ ਕਹਿਰ ਕਿਸੇ ਤੇ ਨਾ ਆਵੇ।
ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਲ ਦੇ ਪਿ੍ੰਸੀਪਲ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਸਕੂਲ ਸਟਾਫ ਵਲੋਂ ਆਪਣੇ ਪੱਧਰ 'ਤੇ ਹੜ ਪੀੜਤਾਂ ਦੀ ਮਦਦ ਕਰਨ ਲਈ ਉਪਰਾਲਾ ਕੀਤਾ ਗਿਆ ਹੈ ਅਤੇ ਸਕੂਲ ਦੇ ਅਧਿਆਪਕ ਸਾਥੀ ਨਿਰਮਲਜੀਤ ਸਿੰਘ, ਰਾਜਨਦੀਪ ਸਿੰਘ ਤੇ ਅਮਨਦੀਪ ਜਫਰਵਾਲ ਦੇ ਨਾਲ ਉਨ੍ਹਾਂ ਜਾ ਕੇ ਹੜ੍ਹ ਪ੍ਰਭਾਵਿਤ ਪਿੰਡ ਸ਼ਿਕਾਰ ਮਾਛੀਆਂ, ਨਬੀਪੁਰ ਤੇ ਹੋਰਨਾਂ ਪਿੰਡਾਂ ਵਿੱਚ ਖੁਦ ਜਾ ਕੇ ਰਾਹਤ ਸਮੱਗਰੀ ਪੁਜਦਾ ਕੀਤੀ। ਲੋਕਾਂ ਲਈ ਸੁੱਕਾ ਰਾਸ਼ਨ, ਸੁੱਕੀ ਰਸਦ, ਪਾਣੀ ਅਤੇ ਪਸ਼ੂਆਂ ਲਈ ਚਾਰਾ ਆਦਿ ਮੁਹੱਈਆ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਥੇ ਪ੍ਰਸ਼ਾਸਨ ਵਲੋਂ ਰਾਹਤ ਕਾਰਜ ਜਾਰੀ ਹਨ ਅਤੇ ਰਾਹਤ ਸਮੱਗਰੀ ਹੜ ਪ੍ਰਭਾਵਿਤ ਪਿੰਡ ਤੱਕ ਪਹੁੰਚਾਈ ਜਾ ਰਹੀ ਹੈ, ਉਸਦੇ ਨਾਲ ਸਿੱਖਿਆ ਸੰਸਥਾਵਾਂ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਹੜ ਪੀੜਤਾਂ ਦੀ ਬਾਂਹ ਫੜੀ ਗਈ ਹੈ ਅਤੇ ਇਸ ਸੰਕਟ ਦੀ ਘੜੀ ਵਿੱਚ ਰਲ ਕੇ ਹੰਭਲਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਹੜ ਪ੍ਰਭਾਵਿਤ ਕਿਸਾਨਾਂ ਅਤੇ ਲੋਕਾਂ ਦੀ ਮਦਦ ਲਈ ਹੋਰ ਸਾਧਨਾਂ ਦੀ ਲੋੜ ਪਵੇਗੀ ਅਤੇ ਲੋਕਾਂ ਦੇ ਮੁੜ ਵਸੇਬੇ ਲਈ ਯਤਨ ਕਰਨੇ ਪੈਣਗੇ, ਜਿਸ ਲਈ ਸਮੂਹਿਕ ਯਤਨ ਨਿਰਸੰਦੇਹ ਇਸ ਜੰਗ ਨੂੰ ਸਰ ਕਰਨਗੇ।