ਸਿਹਤ ਵਿਭਾਗ ਨਥਾਣਾ ਵੱਲੋਂ ਬਰਸਾਤਾਂ ਕਾਰਨ ਬਣੇ ਹਾਲਾਤਾਂ ਨੂੰ ਦੇਖਦਿਆਂ ਡੇਂਗੂ ਵਿਰੁੱਧ ਮੁਹਿੰਮ ਤੇਜ਼
ਅਸ਼ੋਕ ਵਰਮਾ
ਨਥਾਣਾ, 5 ਸਤੰਬਰ 2025:ਬਰਸਾਤੀ ਮੌਸਮ ਦੌਰਾਨ ਡੇਂਗੂ ਦੇ ਮਰੀਜ਼ਾਂ ਵਿੱਚ ਵਾਧੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਡੇਂਗੂ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
“ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਯੋਗ ਅਗਵਾਈ ਹੇਠ ਬਲਾਕ ਨਥਾਣਾ ਦੀਆਂ ਸਿਹਤ ਟੀਮਾਂ ਵੱਲੋਂ ਇਸ ਮੁਹਿੰਮ ਤਹਿਤ ਲੋਕਾਂ ਨੂੰ ਆਪਣੇ ਘਰਾਂ ਤੇ ਆਸਪਾਸ ਖੜ੍ਹੇ ਪਾਣੀ ਨੂੰ ਹਟਾਉਣ, ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖਣ ਅਤੇ ਸਫ਼ਾਈ ’ਤੇ ਖਾਸ ਧਿਆਨ ਦੇਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਡਾ.ਸਰਾਂ ਨੇ ਦੱਸਿਆ ਕਿ ਸਿਹਤ ਟੀਮਾਂ ਵੱਲੋਂ ਘਰ-ਘਰ ਜਾ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਮੱਛਰਾਂ ਦੇ ਵੱਧਣ ਤੋਂ ਬਚਾਅ ਸਬੰਧੀ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਰੋਕਥਾਮ ਲਈ ਸਰਕਾਰੀ ਯਤਨਾਂ ਵਿੱਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਘਰਾਂ ਸਮੇਤ ਸਮੂਹ ਸਰਵਜਨਿਕ ਥਾਵਾਂ ’ਤੇ ਡੇਂਗੂ ਵਿਰੋਧੀ ਗਤੀਵਿਧੀਆਂ ਅਤੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਲੋਕਾਂ ਵਿੱਚ ਡੇਂਗੂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਲਾਰਵਾ ਨਸ਼ਟ ਕਰਨਾ ਹੈ। ਇਸ ਮੌਕੇ ਬਲਾਕ ਐਜੂਕੇਟਰ ਪਵਨਜੀਤ ਕੌਰ ਵੱਲੋਂ ਇਸ ਕ੍ਰਮ ਅੰਦਰ ਟੀਮਾਂ ਵਲੋਂ ਪਾਣੀ ਵਾਲੀਆਂ ਟੈਂਕੀਆਂ, ਗਮਲੇ, ਕੂਲਰ ਤੇ ਫਰਿੱਜ ਦੀਆਂ ਟਰੇਆਂ ਆਦਿ ਸਮੇਤ ਥਾਵਾਂ ਉੱਤੇ ਖੜਿਆ ਹੋਇਆ ਪਾਣੀ ਤੁਰੰਤ ਸਾਫ਼ ਕਰਵਾਇਆ ਗਿਆ। ਡੇਂਗੂ ਦੇ ਲੱਛਣ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੁਖਾਰ ਜਾਂ ਡੇਂਗੂ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਤੋਂ ਆਪਣੀ ਜਾਂਚ ਯਕੀਨੀ ਬਣਾਓ।