ਪੰਜਾਬ ਵਿੱਚ ਹੜ੍ਹਾਂ ਦਾ ਕਾਰਨ ਕੁਦਰਤੀ ਆਫ਼ਤਾਂ ਦੇ ਨਾਲ ਮਨੁੱਖ ਦੁਆਰਾ ਬਣਾਈਆਂ ਆਫ਼ਤਾਂ ਵੀ ਜ਼ਿੰਮੇਵਾਰ: ਪ੍ਰੋ ਚੰਦੂਮਾਜਰਾ
ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਰਾਹਤ ਸਮੱਗਰੀ ਵੰਡੀ
ਜਲੰਧਰ 2 ਸਤੰਬਰ 2025
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਰਾਜ ਸਭਾ ਮੈਂਬਰ ਬਾਬਾ ਬਲਵੀਰ ਸਿੰਘ ਸੀਚੇਵਾਲ, ਬੀਬੀ ਜੰਗੀਰ ਕੌਰ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦਿਆਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਆਟਾ, ਦਾਲਾਂ, ਸੁੱਕਾ ਦੁੱਧ, ਦਵਾਈਆਂ ਆਦਿ ਸਮੱਗਰੀ ਵੀ ਵੰਡੀ ਗਈ। ਇਸ ਮੌਕੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਕੋਲੋਂ ਪੰਜਾਬ ਲਈ ਫੌਰੀ ਆਰਥਿਕ ਪੈਕੇਜ ਦੀ ਵੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਇਨ੍ਹਾਂ ਹੜ੍ਹਾਂ ਨਾਲ ਸੂਬੇ ਦੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ, ਜਿਸਦੀ ਭਰਪਾਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰਨ ਢੰਗ ਨਾਲ ਕਰਨੀ ਹੋਵੇਗੀ।
ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਹੜ੍ਹਾਂ ਦੀ ਵੱਡੀ ਮਾਰ ਹੇਠ ਹੈ ਜੋ ਇੱਕ ਕੁਦਰਤੀ ਪ੍ਰਕੋਪੀ ਹੋਣ ਦੇ ਨਾਲ-ਨਾਲ ਮਨੁੱਖ ਦੁਆਰਾ ਸਹੇੜੀ ਆਫ਼ਤ ਵੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਰੇਤ ਮਾਫ਼ੀਆ ਵੱਲੋਂ ਕੀਤੀ ਗੈਰ-ਕਾਨੂੰਨੀ ਮਾਈਨਿੰਗ, ਭਾਰਤ ਮਾਲਾ ਜਿਹੇ ਵੱਡੇ ਸੜਕ ਪ੍ਰੋਜੈਕਟ ਅਤੇ ਗੈਰ-ਯੋਜਨਾਬੱਧ ਵਿਕਾਸ ਆਦਿ ਵੀ ਹੜ੍ਹਾਂ ਦਾ ਮੁੱਖ ਕਾਰਨ ਹਨ, ਜਿਸਨੇ ਪਾਣੀਆਂ ਦੇ ਕੁਦਰਤੀ ਵਹਾਅ ਨੂੰ ਰੋਕਿਆ ਹੈ। ਪ੍ਰੋ. ਚੰਦੂਮਾਜਰਾ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਲੰਮਾ ਸਮਾਂ ਪਹਿਲਾਂ ਬਾਰਿਸ਼ਾਂ ਬਾਰੇ ਅਗਾਂਹ ਕੀਤਾ ਗਿਆ ਸੀ, ਪ੍ਰੰਤੂ ਸਰਕਾਰ ਦੁਆਰਾ ਨਿਰਧਾਰਤ ਸਮੇਂ ਉੱਤੇ ਨਾ ਤਾਂ ਡਰੇਨਾਂ, ਨਦੀਆਂ, ਨਾਲਿਆਂ ਦੀ ਸਫਾਈ ਕਰਵਾਈ ਗਈ ਅਤੇ ਨਾ ਹੀ ਪੌਗ ਡੈਮ, ਰਣਜੀਤ ਸਾਗਰ ਅਤੇ ਭਾਖੜਾ ਡੈੱਮ ਦਾ ਪਾਣੀ ਡਿਸਚਾਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰ ਵਿੱਚ ਜਿਆਦਾ ਬਰਸਾਤ ਹੋਣ ਤੋਂ ਬਾਅਦ ਯਕਦਮ ਡੈੱਮਾਂ ਦੇ ਫਲੱਡ ਗੇਟ ਖੋਲ੍ਹਣ ਨੇ ਸੂਬੇ ਵਿੱਚ ਤਬਾਹੀ ਮਚਾ ਦਿੱਤੀ। ਜਿਸਦੀ ਸਿੱਧੇ ਰੂਪ ਵਿੱਚ ਸੂਬਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਆਖਿਆ ਕਿ ਹੁਣ ਸਰਕਾਰ ਨੂੰ ਆਪਣੀ ਗਲਤੀ ਤੋਂ ਭੱਜਣ ਦੀ ਬਜਾਏ ਲੋਕਾਂ ਨਾਲ ਖੜ੍ਹਨਾ ਚਾਹੀਦਾ ਹੈ।
ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਪੰਜਾਬ ਸਰਕਾਰ ਉੱਤੇ ਦੋਸ਼ ਲਗਾਉਦਿਆਂ ਕਿਹਾ ਕਿ ਅਜੇ ਤੱਕ ਸੂਬੇ ਦੇ ਮੁੱਖ ਮੰਤਰੀ, ਮੰਤਰੀ ਜਾਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕੇਂਦਰ ਤੱਕ ਪਹੁੰਚ ਕਰਕੇ ਸੂਬੇ ਦੀ ਹੜ੍ਹਾਂ ਦੀ ਸਥਿਤੀ ਬਾਰੇ ਜਾਣੂ ਨਹੀਂ ਕਰਵਾਇਆ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਕੁਦਰਤੀ ਆਫ਼ਤਾਂ ਫ਼ੰਡ ਵਾਲਾ ਪੈਸਾ ਖਰਚ ਕਰਨ ਲਈ ਤੁਰੰਤ ਕੇਂਦਰ ਨੂੰ ਹੜ੍ਹਾਂ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਜਾਵੇ। ਚੰਦੂਮਾਜਰਾ ਨੇ ਕਿਹਾ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਾਰ-ਬਾਰ ਕੁਦਰਤੀ ਆਫ਼ਤ ਪ੍ਰਬੰਧਨ ਫ਼ੰਡ ਵਿੱਚੋਂ 60 ਹਜ਼ਾਰ ਕਰੋੜ ਖ਼ਰਚਣ ਦਾ ਭਰਮ ਭੁਲੇਖਾ ਪੈਦਾ ਕੀਤਾ ਜਾ ਰਿਹਾ ਹੈ, ਜੋ ਬਿਨਾਂ ਨਿਯਮਾਂ ਤੋਂ ਸਿੱਧੇ ਰੂਪ ਵਿੱਚ ਖਰਚ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਆਖਿਆ ਕਿ ਆਫ਼ਤ ਪ੍ਰਬੰਧਨ ਫ਼ੰਡ ਵਾਲੇ ਪੈਸੇ ਨੂੰ ਵਿਧੀ ਵਿਧਾਨ ਅਤੇ ਨਿਯਮਾਂ ਤਹਿਤ ਖਰਚ ਕਰਨ ਲਈ ਪੰਜਾਬ ਸਰਕਾਰ ਤੁਰੰਤ ਕੇਂਦਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਰਿਪੋਰਟ ਭੇਜ ਕੇ ਸਥਿਤੀ ਤੋਂ ਜਾਣੂ ਕਰਵਾਏ ਤਾਂ ਜੋ ਭਵਿੱਖ ਵਿੱਚ ਇਹ ਪੈਸਾ ਖ਼ਰਚਣ ਲੱਗੇ ਕੋਈ ਮੁਸ਼ਕਲ ਦਾ ਸਾਹਮਣਾ ਨਾ ਆਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀਬਾੜੀ ਸੂਬਾ ਹੈ, ਪ੍ਰੰਤੂ ਨਾ ਤਾਂ ਪੰਜਾਬ ਲੋਕ ਆਪਣੀ ਕੋਈ ਖੇਤੀ ਬੀਮਾ ਯੋਜਨਾ ਹੈ ਅਤੇ ਨਾ ਹੀ ਪੰਜਾਬ ਪ੍ਰਧਾਨ ਮੰਤਰੀ ਖੇਤੀ ਬੀਮਾ ਯੋਜਨਾ ਦਾ ਹਿੱਸਾ ਹੈ। ਪ੍ਰੋ ਚੰਦੂਮਾਜਰਾ ਨੇ ਪੰਜਾਬ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਜਾਂ ਤਾਂ ਪੰਜਾਬ ਆਪਣੀ ਖੇਤੀ ਬੀਮਾ ਯੋਜਨਾ ਸ਼ੁਰੂ ਕਰੇ ਜਾਂ ਆਪਣੀਆਂ ਸ਼ਰਤਾਂ ਤਹਿਤ ਪ੍ਰਧਾਨ ਮੰਤਰੀ ਬੀਮਾ ਯੋਜਨਾ ਵਿੱਚ ਸ਼ਾਮਿਲ ਹੋਵੇ ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਭੁਪਿੰਦਰ ਸਿੰਘ ਸ਼ੇਖੂਪੁਰ, ਯੂਥ ਆਗੂ ਸੇਠੀ ਬਲਾਚੌਰ, ਜਗਜੀਤ ਸਿੰਘ ਕੋਹਲੀ, ਹਰਵਿੰਦਰ ਸਿੰਘ ਮਹਿਮੂਦਪੁਰ, ਰਣਬੀਰ ਪੂਨੀਆ, ਗੁਰਜਿੰਦਰ ਸਿੰਘ ਆਦਿ ਸ਼ਾਮਿਲ ਸਨ।