ਪੰਜਾਬ ਦੇ ਰਾਜਪਾਲ ਵੱਲੋਂ ਜਨਾਨਾ ਜੇਲ੍ਹ ਲੁਧਿਆਣਾ ਦਾ ਕੀਤਾ ਦੌਰਾ ਤੇ ਜੇਲ੍ਹ ਬੰਦੀਆਂ ਦੀਆਂ ਸਮੱਸਿਆਵਾਂ ਸੁਣੀਆਂ
ਜੇਲ੍ਹ ਬੰਦੀਆਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਦੇ ਉਪਲਬਧ ਵਿਕਲਪਾਂ ਬਾਰੇ ਦਿੱਤੀ ਜਾਣਕਾਰੀ
ਸੁਖਮਿੰਦਰ ਭੰਗੂ
ਲੁਧਿਆਣਾ, 31 ਅਗਸਤ 2025
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਐਤਵਾਰ ਨੂੰ ਜਨਾਨਾ ਜੇਲ੍ਹ, ਲੁਧਿਆਣਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਬੰਦੀ ਔਰਤਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ।
ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਜਨਾਨਾ ਜੇਲ੍ਹ ਵਿੱਚ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵਿਆਪਕ ਜਾਇਜ਼ਾ ਲਿਆ। ਉਨ੍ਹਾਂ ਨੇ ਜੇਲ੍ਹ ਵਿੱਚ ਭੋਜਨ ਸੇਵਾਵਾਂ, ਡਾਕਟਰੀ ਸਹੂਲਤਾਂ, ਲੀਗਲ ਏਡ ਕਲੀਨਿਕ, ਪੀ.ਸੀ.ਓ, ਲਾਇਬਰੇਰੀ, ਬੈਰਕਾਂ, ਫੈਕਟਰੀ ਅਤੇ ਹੋਰ ਕਿੱਤਾਮੁਖੀ ਇਕਾਈਆਂ ਸਮੇਤ ਮੁੱਖ ਸਹੂਲਤਾਂ ਦਾ ਨਿੱਜੀ ਤੌਰ 'ਤੇ ਨਿਰੀਖਣ ਕੀਤਾ।
ਰਾਜਪਾਲ ਕਟਾਰੀਆ ਵੱਲੋਂ ਜਨਾਨਾ ਜੇਲ੍ਹ, ਲੁਧਿਆਣਾ ਦੀਆਂ ਬੰਦੀ ਔਰਤਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਤੋਂ ਜੇਲ੍ਹ ਹਸਪਤਾਲ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ, ਦਿੱਤਾ ਜਾ ਰਿਹਾ ਖਾਣਾ ਅਤੇ ਉਨ੍ਹਾਂ ਦੇ ਅਦਾਲਤਾਂ ਵਿਚ ਚੱਲ ਰਹੇ ਕੇਸਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਸ੍ਰੀ ਕਟਾਰੀਆ ਨੇ ਜੇਲ੍ਹ ਬੰਦੀਆਂ ਨੂੰ ਦੱਸਿਆ ਕਿ ਜਿਹੜੇ ਬੰਦੀ ਆਪਣੇ ਕੇਸ ਦੀ ਪੈਰਵੀ ਲਈ ਆਪਣੇ ਪ੍ਰਾਈਵੇਟ ਪੱਧਰ 'ਤੇ ਵਕੀਲ ਹਾਇਰ ਕਰਨ ਵਿੱਚ ਅਸਮਰੱਥ ਹਨ, ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਤੋਂ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਜੇਲ੍ਹ ਬੰਦੀਆਂ ਨੂੰ ਦੱਸਿਆ ਕਿ ਮੁਫਤ ਕਾਨੂੰਨੀ ਸਹਾਇਤਾ ਲੈਣ ਲਈ ਜੇਲ੍ਹ ਵਿੱਚ ਖੋਲ੍ਹੇ ਹੋਏ ਲੀਗਲ ਏਡ ਕਲੀਨਿਕ ਵਿੱਚ ਪੇਸ਼ ਹੋ ਕੇ ਕਾਨੂੰਨੀ ਸਹਾਇਤਾ ਦਾ ਫਾਰਮ ਭਰਵਾਇਆ ਜਾ ਸਕਦਾ ਹੈ।
ਰਾਜਪਾਲ ਨੇ ਅੱਗੇ ਦੱਸਿਆ ਕਿ ਲੁਧਿਆਣਾ ਦੀ ਮਹਿਲਾ ਜੇਲ੍ਹ ਦਾ ਇਹ ਦੌਰਾ ਕਰਨਾ ਇਸ ਲਈ ਯਕੀਨੀ ਬਣਾਉਣ 'ਤੇ ਕੇਂਦਰਿਤ ਸੀ ਕਿ ਮਹਿਲਾ ਕੈਦੀਆਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਦਰਪੇਸ਼ ਕਿਸੇ ਵੀ ਮੁੱਦੇ ਨੂੰ ਹੱਲ ਕੀਤਾ ਜਾ ਸਕੇ। ਸ੍ਰੀ ਕਟਾਰੀਆ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਕਿਸੇ ਵੀ ਸਮੱਸਿਆ ਨੂੰ ਜਲਦ ਹੱਲ ਕਰਨ ਅਤੇ ਸਾਰੀਆਂ ਔਰਤਾਂ ਨਾਲ ਨਿਰਪੱਖ ਵਿਵਹਾਰ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਗਵਰਨਰ ਜਨਾਨਾ ਜੇਲ੍ਹ ਵਿੱਚ ਬੰਦੀ ਔਰਤਾਂ ਨਾਲ ਰਹਿ ਰਹੇ ਛੋਟੇ ਬੱਚਿਆਂ ਨੂੰ ਵੀ ਮਿਲੇ ਅਤੇ ਉਨ੍ਹਾਂ ਨੂੰ ਪੜ੍ਹਨ ਲਈ ਕਾਪੀਆਂ, ਜੁਮੈਟਰੀ ਬਾਕਸ ਆਦਿ ਸਮਾਨ ਦਿੱਤਾ ਗਿਆ।
ਜੇਲ੍ਹ ਵਿੱਚ ਬੰਦੀ ਔਰਤਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਵਿਰਾਸਤ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ ਅਤੇ ਉਨ੍ਹਾਂ ਵੱਲੋਂ ਆਪਣੀ ਕਲਾਂ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ।
ਜਨਾਨਾ ਜੇਲ੍ਹ ਦੇ ਸੁਪਰਡੈਂਟ ਦਲਬੀਰ ਸਿੰਘ, ਡਿਪਟੀ ਸੁਪਰਡੈਂਟ ਰਵਨੀਤ ਕੌਰ ਢਿੱਲੋਂ ਅਤੇ ਜੇਲ੍ਹ ਵਿੱਚ ਤਾਇਨਾਤ ਹੋਰ ਅਧਿਕਾਰੀਆਂ ਵੱਲੋਂ ਜੇਲ੍ਹ ਵਿੱਚ ਬੰਦੀ ਔਰਤਾਂ ਲਈ ਕੀਤੇ ਗਏ ਵਧੀਆ ਪ੍ਰਬੰਧਾਂ 'ਤੇ ਰਾਜਪਾਲ ਕਟਾਰੀਆ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਜੇਲ੍ਹ ਅੰਦਰ ਵਧੀਆ ਪ੍ਰਬੰਧ ਜਾਰੀ ਰੱਖਣ ਲਈ ਕਿਹਾ ਗਿਆ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਜਨਾਨਾ ਜੇਲ੍ਹ ਲੁਧਿਆਣਾ ਦੇ ਅੰਦਰ ਬੂਟਾ ਵੀ ਲਗਾਇਆ। ਉਨ੍ਹਾਂ ਨੇ ਜਾਣ ਤੋਂ ਪਹਿਲਾਂ ਜਨਾਨਾ ਜੇਲ੍ਹ ਦੇ ਵਿਜ਼ਟਰ ਰਜਿਸਟਰ ਵਿੱਚ ਆਪਣੇ ਸੁਝਾਅ ਵੀ ਦਰਜ ਕੀਤੇ ।
ਇਸ ਮੌਕੇ ਆਈ.ਜੀ (ਜੇਲਾਂ) ਸ੍ਰੀ ਆਰ.ਕੇ.ਅਰੋੜਾ, ਡੀ.ਆਈ.ਜੀ (ਜੇਲ੍ਹਾਂ) ਦਲਜੀਤ ਸਿੰਘ ਰਾਣਾ, ਸੁਪਰਡੈਂਟ ਜਨਾਨਾ ਜੇਲ੍ਹ ਸ੍ਰੀ ਦਲਬੀਰ ਸਿੰਘ, ਡਿਪਟੀ ਸੁਪਰਡੈਂਟ ਰਵਨੀਤ ਕੌਰ ਢਿੱਲੋਂ ਅਤੇ ਹੋਰ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਦਾ ਜਨਾਨਾ ਜੇਲ੍ਹ ਵਿੱਚ ਬਣਾਈਆਂ ਗਈਆਂ ਵਸਤੂਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਆਈ.ਜੀ (ਜੇਲਾਂ) ਸ੍ਰੀ ਆਰ.ਕੇ.ਅਰੋੜਾ, ਡੀ.ਆਈ.ਜੀ (ਜੇਲ੍ਹਾਂ) ਦਲਜੀਤ ਸਿੰਘ ਰਾਣਾ, ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ, ਸੁਪਰਡੈਂਟ ਜਨਾਨਾ ਜੇਲ੍ਹ ਸ੍ਰੀ ਦਲਬੀਰ ਸਿੰਘ, ਡਿਪਟੀ ਸੁਪਰਡੈਂਟ ਰਵਨੀਤ ਕੌਰ ਢਿੱਲੋਂ, ਸੁਪਰਡੈਂਟ ਕੇਂਦਰੀ ਜੇਲ੍ਹ ਕੁਲਵੰਤ ਸਿੰਘ ਸਿੱਧੂ, ਡਿਪਟੀ ਸੁਪਰਡੈਂਟ ਜਗਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ਼ਿਖਾ ਭਗਤ, ਉਪ ਮੰਡਲ ਮੈਜਿਸਟਰੇਟ ਜਸਲੀਨ ਕੌਰ ਭੁੱਲਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।