ਪਿੰਡ ਪੱਸੀ ਬੇਟ ਵਿਚ ਸਮੇਂ ਸਿਰ ਕਾਰਵਾਈ ਕਰਕੇ ਧੁੱਸੀ ਬੰਨ੍ਹ ਨੂੰ ਕੀਤਾ ਸੁਰੱਖਿਅਤ - ਵਿਧਾਇਕ ਘੁੰਮਣ
ਦਸੂਹਾ/ਹੁਸ਼ਿਆਰਪੁਰ, 31 ਅਗਸਤ :
ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਦਸੂਹਾ ਦੇ ਪਿੰਡ ਪੱਸੀ ਬੇਟ ਵਿਚ ਮੀਂਹ ਕਾਰਨ ਧੁੱਸੀ ਬੰਨ੍ਹ ਨੂੰ ਕੁਝ ਨੁਕਸਾਨ ਜ਼ਰੂਰ ਹੋਇਆ ਸੀ, ਪਰੰਤੂ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੇ ਸਰਗਰਮ ਸਹਿਯੋਗ ਨਾਲ ਬੰਨ੍ਹ ਨੂੰ ਸੁਰੱਖਿਅਤ ਬਣਾਉਣ ਲਈ ਸਮੇਂ ਸਿਰ ਕਾਰਵਾਈ ਕੀਤੀ ਗਈ। ਉਨ੍ਹਾਂ ਨੇ ਰਾਧਾ ਸਵਾਮੀ ਸਤਿਸੰਗ ਘਰ, ਭੂਰੀ ਵਾਲੇ ਬਾਬਾ ਜੀ ਦੀ ਸੰਗਤ, ਸਮਾਜਿਕ ਸੰਗਠਨਾਂ, ਪਿੰਡ ਵਾਸੀਆਂ ਅਤੇ ਨੌਜਵਾਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਸੰਭਾਵੀ ਖ਼ਤਰੇ ਨੂੰ ਟਾਲਿਆ। ਵਿਧਾਇਕ ਨੇ ਸਪੱਸ਼ਟ ਕੀਤਾ ਕਿ ਇਸ ਸਮੇਂ ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਵਿਧਾਇਕ ਘੁੰਮਣ ਨੇ ਕਿਹਾ ਕਿ ਉਹ ਹਰ ਸਮੇਂ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਮਦਦ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਅਤੇ ਸਰਕਾਰ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।