MLA ਕੁਲਜੀਤ ਸਿੰਘ ਰੰਧਾਵਾ ਵੱਲੋਂ ਘੱਗਰ ਦਰਿਆ ਦੇ ਟਿਵਾਣਾ ਬੰਨ੍ਹ ਦਾ ਦੌਰਾ
ਵਸਨੀਕਾਂ ਨੂੰ ਭਰੋਸਾ, ਕਿਹਾ, ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ
ਝਰਮਲ ਨਦੀ ਵਿੱਚ ਤੇਜ਼ ਵਹਾਅ ਕਾਰਨ ਅਕਾਲ ਚਲਾਣਾ ਕੀਤੇ ਕਿਸਾਨ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ
ਸਰਸੀਣੀ, ਸਾਧਾਂਪੁਰ ਤੇ ਖਜੂਰ ਮੰਡੀ ਚ ਤੇਜ ਵਹਾਅ ਕਾਰਨ ਹੋਏ ਖੇਤਾਂ ਦੇ ਖਰਾਬੇ ਦੀ ਵਿਸ਼ੇਸ਼ ਗਿਰਦਾਵਰੀ ਹੋਵੇਗੀ
ਲਾਲੜੂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 31 ਅਗਸਤ:
ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਅੱਜ ਘੱਗਰ ਦਰਿਆ ਦੇ ਟਿਵਾਣਾ ਬੰਨ੍ਹ ਦਾ ਅਧਿਕਾਰੀਆਂ ਨਾਲ ਮਿਲ ਕੇ ਦੌਰਾ ਕੀਤਾ ਤੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।
ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਜੋ ਵੀ ਲੋਕ ਟ੍ਰੈਕਟਰ-ਟਰਾਲੀਆਂ ਜਾਂ ਜਰੂਰੀ ਸਮਾਨ ਦੇ ਕੇ ਸਹਿਯੋਗ ਕਰ ਸਕਦੇ ਹਨ, ਉਹ ਅੱਗੇ ਆਉਣ।
ਉਨ੍ਹਾਂ ਨੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟਿਵਾਣਾ ਬੰਨ੍ਹ ‘ਤੇ ਹਰ ਸਮੇਂ ਡਿਊਟੀ ਤੇ ਮੌਜੂਦ ਰਹਿਣ। ਇਸ ਮੌਕੇ ਦੱਸਿਆ ਗਿਆ ਕਿ ਪੋਕਲੇਨ ਮਸ਼ੀਨਾਂ ਅਤੇ ਜੇ ਸੀ ਬੀ ਸਰਕਾਰੀ ਪੱਧਰ ‘ਤੇ ਤਾਇਨਾਤ ਹਨ ਅਤੇ ਮਨਰੇਗਾ ਲੇਬਰ ਵੱਲੋਂ ਬੰਨ੍ਹ ਮਜ਼ਬੂਤੀ ਲਈ ਮਿੱਟੀ ਦੇ ਬੋਰੇ ਭਰੇ ਜਾ ਰਹੇ ਹਨ।
-ਵਿਧਾਇਕ ਵੱਲੋਂ ਦੁੱਖ ਸਾਂਝਾ-
ਇਸ ਤੋਂ ਇਲਾਵਾ, ਸ. ਕੁਲਜੀਤ ਸਿੰਘ ਰੰਧਾਵਾ ਲਾਲੜੂ ਵਿੱਖੇ ਝਰਮਲ ਨਦੀ ਵਿੱਚ ਤੇਜ਼ ਵਹਾਅ ਕਾਰਨ ਕਿਸਾਨ ਸ਼੍ਰੀ ਜਨਕ ਰਾਜ ਦੇ ਅਕਾਲ ਚਲਾਣਾ ਕਰ ਜਾਣ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਮਿਲੇ ਤੇ ਦੁੱਖ ਸਾਂਝਾ ਕੀਤਾ। ਵਿਧਾਇਕ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਬਣਦੀ ਸਹਾਇਤਾ ਵੀ ਜ਼ਰੂਰ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਪਰਿਵਾਰ ਦੇ ਕਿਸੇ ਯੋਗ ਮੈਂਬਰ ਨੂੰ ਤਰਸ ਅਧਾਰ ਤੇ ਰੋਜ਼ਗਾਰ ਦੀ ਉਪਲਬਧਤਾ ਵੀ ਕਰਵਾਈ ਜਾ ਸਕੇ।
-ਸਰਸੀਣੀ, ਸਾਧਾਂਪੁਰ ਤੇ ਖਜੂਰ ਮੰਡੀ ਦੀ ਵਿਸ਼ੇਸ਼ ਗਿਰਦਾਵਰੀ-
ਉਨ੍ਹਾਂ ਕਿਹਾ ਕਿ ਸਰਸੀਣੀ, ਸਾਧਾਂਪੁਰ ਤੇ ਖਜੂਰ ਮੰਡੀ ਵਿੱਚ ਪਾਣੀ ਦੇ ਤੇਜ ਵਹਾਅ ਕਰਕੇ ਖਰਾਬ ਹੋਈਆਂ ਫਸਲਾਂ ਦੀ ਐਸ ਡੀ ਐਮ ਡੇਰਾਬੱਸੀ ਨੂੰ ਕਹਿ ਕੇ ਗਿਰਦਾਵਰੀ ਕਰਵਾ ਕੇ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਪਾਸੋਂ ਸਪੈਸ਼ਲ ਰਾਹਤ ਫੰਡ ਦੀ ਮੰਗ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਘੱਗਰ ਦੇ ਬੰਨ੍ਹ ਤੇ ਜਿੱਥੇ ਹੋਰ ਪੱਥਰ ਲਾਉਣ ਦੀ ਜਰੂਰਤ ਹੈ, ਉਹਦਾ ਐਸਟੀਮੇਟ ਤਿਆਰ ਕਰਕੇ, ਸਰਕਾਰ ਦੁਆਰਾ 'ਇਕ ਦੋ ਲੇਅਰ' ਹੋਰ ਉੱਪਰ ਲਗਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮੁੱਚੇ ਡੇਰਾਬੱਸੀ ਹਲਕੇ ਵਿੱਚ ਘੱਗਰ ਦੇ ਬੰਨ੍ਹ ਨੂੰ ਪੱਥਰ ਨਾਲ ਮਜਬੂਤ ਕਰਵਾਇਆ ਜਾਵੇਗਾ ਤਾਂ ਜੋ ਘੱਗਰ ਨੇੜਲੇ ਵਸਨੀਕ ਤੇ ਕਿਸਾਨ ਹੜ੍ਹਾਂ ਦੌਰਾਨ ਹੁੰਦੇ ਖਰਾਬੇ ਤੋਂ ਬਚੇ ਰਹਿਣ।
-ਹੰਗਾਮੀ ਹੈਲਪ ਲਾਈਨ -
ਉਨ੍ਹਾਂ ਕਿਹਾ ਕਿ ਕਿਸੇ ਵੀ ਹੰਗਾਮੀ ਹਾਲਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰਾਂ 0172-2219506 (ਡੀ ਸੀ ਦਫ਼ਤਰ), ਮੋਬਾਇਲ 76580-51209 (ਡੀ ਸੀ ਦਫ਼ਤਰ) ਅਤੇ ਸਬ ਡਵੀਜ਼ਨ ਡੇਰਾਬੱਸੀ ਦੇ ਕੰਟਰੋਲ ਰੂਮ ਨੰਬਰ 01762-283224 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੋਬਾਇਲ ਨੰਬਰ ਤੋਂ ਇਲਾਵਾ ਉਨ੍ਹਾਂ ਦੇ ਡੇਰਾਬੱਸੀ ਦਫ਼ਤਰ ਦੇ ਨੰਬਰ 01762-280095 ਅਤੇ
ਜ਼ੀਰਕਪੁਰ ਦਫ਼ਤਰ ਦੇ ਨੰਬਰ 01762-528902 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।