Punjab Flood Breaking : ਹੈੱਡਵਰਕਸ ਤੋਂ ਪਾਣੀ ਛੱਡਣ ਨਾਲ ਹਜ਼ਾਰਾਂ ਏਕੜ ਫਸਲ ਤਬਾਹ
ਕਿਸਾਨਾਂ ਦਾ ਸਰਕਾਰ ਖ਼ਿਲਾਫ਼ ਰੋਸ
ਬਲਜੀਤ ਸਿੰਘ
ਪੱਟੀ, ਤਰਨ ਤਾਰਨ | 16 ਅਗਸਤ, 2025 : ਤਰਨ ਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਗੁਦਾਈਕੇ ਵਿਖੇ ਹਰੀਕੇ ਹੈੱਡਵਰਕਸ ਤੋਂ ਛੱਡੇ ਗਏ ਪਾਣੀ ਕਾਰਨ ਮੰਡ ਖੇਤਰ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਸ ਹੜ੍ਹ ਨੇ ਪਿੰਡ ਗੁਦਾਈਕੇ ਦੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ, ਜਿਸ ਕਾਰਨ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
"ਸਰਕਾਰ ਸਿਰਫ਼ ਵੋਟਾਂ ਵੇਲੇ ਯਾਦ ਕਰਦੀ ਹੈ"
ਇਸ ਮੌਕੇ 'ਤੇ ਗੱਲਬਾਤ ਕਰਦਿਆਂ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜੱਜਵੀਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਹੜ੍ਹ ਆਉਂਦੇ ਹਨ, ਕਿਸਾਨਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਸਿਰਫ਼ ਵੋਟਾਂ ਮੰਗਣ ਲਈ ਘਰ-ਘਰ ਪਹੁੰਚਦੇ ਹਨ, ਪਰ ਹੁਣ ਜਦੋਂ ਕਿਸਾਨਾਂ 'ਤੇ ਮੁਸੀਬਤ ਆਈ ਹੈ, ਤਾਂ ਕੋਈ ਵੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ।
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਾ ਫੜੀ ਤਾਂ ਉਹ ਇੱਕ ਵੱਡਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਇਸ ਹੜ੍ਹ ਕਾਰਨ ਹੋਏ ਨੁਕਸਾਨ ਅਤੇ ਸਰਕਾਰ ਦੀ ਬੇਰੁਖੀ ਨੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਨਿਰਾਸ਼ ਕੀਤਾ ਹੈ।