ਅਕਾਲੀ ਦਲ ਦੇ ਮੀਤ ਪ੍ਰਧਾਨ ਵਜੋਂ ਮੁੜ ਜ਼ਿੰਮੇਵਾਰੀ ਮਿਲਣ 'ਤੇ ਬ੍ਰਹਮਪੁਰਾ ਗੁਰੂ ਘਰ ਨਤਮਸਤਕ, ਪਾਰਟੀ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ
- ਬ੍ਰਹਮਪੁਰਾ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਨਵੀਂ ਸਿਆਸੀ ਪਾਰੀ 'ਤੇ ਕੱਸਿਆ ਵੱਡਾ ਤਨਜ਼, ਕਿਹਾ - "ਦਿੱਲੀ ਚੋਣ ਕਮਿਸ਼ਨ ਕੋਲ ਜਾ ਕੇ ਪਤਾ ਲੱਗੇਗਾ ਕਿ ਨਾ ਨਾਂ ਮਿਲਣਾ ਹੈ, ਨਾ ਨਿਸ਼ਾਨ, ਬਿਹਤਰ ਹੈ ਨਾਂ 'ਭਗੌੜਾ ਦਲ' ਹੀ ਰੱਖ ਲੈਣ
- 'ਆਪ੍ਰੇਸ਼ਨ ਬਲੈਕ ਥੰਡਰ-1' ਦਾ ਜ਼ਿਕਰ ਕਰਦਿਆਂ ਬ੍ਰਹਮਪੁਰਾ ਨੇ ਚੰਦੂਮਾਜਰਾ ਨੂੰ ਘੇਰਿਆ, ਪੁੱਛਿਆ - "ਕੀ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੇ ਗੁਨਾਹ ਲਈ ਪੰਥ ਤੋਂ ਕਦੇ ਮੁਆਫ਼ੀ ਮੰਗੀ?"
- ਬ੍ਰਹਮਪੁਰਾ ਦਾ 'ਆਪ' 'ਤੇ ਤਨਜ਼: "ਇਹ ਪਾਰਟੀ ਹਮੇਸ਼ਾ ਦੂਜੀਆਂ ਪਾਰਟੀਆਂ ਤੋਂ ਉਧਾਰੇ ਲਏ ਉਮੀਦਵਾਰਾਂ 'ਤੇ ਨਿਰਭਰ ਰਹਿੰਦੀ ਹੈ, ਜੋ ਇਸਦੀ ਸਿਧਾਂਤਹੀਣਤਾ ਦਾ ਪ੍ਰਤੱਖ ਸਬੂਤ ਹੈ
ਤਰਨ ਤਾਰਨ 15 ਅਗਸਤ 2025: ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਜਥੇਬੰਦਕ ਢਾਂਚਾ ਮਜ਼ਬੂਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਮੁੜ ਪਾਰਟੀ ਦੇ ਮੀਤ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਪਾਰਟੀ ਵੱਲੋਂ ਮਿਲੇ ਇਸ ਮਾਣ-ਸਤਿਕਾਰ ਲਈ ਸ਼ੁਕਰਾਨਾ ਕਰਨ ਹਿੱਤ ਸਾਬਕਾ ਵਿਧਾਇਕ ਬ੍ਰਹਮਪੁਰਾ ਅੱਜ ਆਪਣੇ ਸਾਥੀ ਆਗੂ ਅਤੇ ਵਰਕਰ ਸਾਹਿਬਾਨਾਂ ਨਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਪਾਵਨ ਧਰਤੀ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਤਮਸਤਕ ਹੋਏ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਉਨ੍ਹਾਂ ਪਾਰਟੀ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਬਿਹਤਰੀ ਲਈ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕਾਂ ਵੱਲੋਂ ਸ੍ਰ. ਬ੍ਰਹਮਪੁਰਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਇੱਕ ਸੇਵਾਦਾਰ ਦੇ ਰੂਪ ਵਿੱਚ, ਬ੍ਰਹਮਪੁਰਾ ਪਰਿਵਾਰ ਆਪਣੇ ਸੰਘਰਸ਼ੀ ਵਰਕਰਾਂ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਪੂਰੀ ਤਰ੍ਹਾਂ ਸਮਰਪਿਤ ਰਿਹਾ ਹੈ।
ਤਰਨ ਤਾਰਨ ਵਿਧਾਨ ਸਭਾ ਦੀ ਉਪ-ਚੋਣ 'ਤੇ ਬੋਲਦਿਆਂ ਉਨ੍ਹਾਂ 'ਆਪ' ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਅੱਜ ਤੱਕ ਕਦੇ ਵੀ ਆਪਣੇ ਕਿਸੇ ਵਲੰਟੀਅਰ ਨੂੰ ਟਿਕਟ ਨਹੀਂ ਦਿੱਤੀ ਅਤੇ ਹਮੇਸ਼ਾ ਦੂਜੀਆਂ ਪਾਰਟੀਆਂ ਤੋਂ ਉਮੀਦਵਾਰ ਉਧਾਰ ਲਏ ਹਨ, ਜੋ ਉਨ੍ਹਾਂ ਦੇ ਸਿਧਾਂਤਹੀਣ ਹੋਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ 'ਆਪ' ਦੋਵਾਂ ਦੇ ਰਾਜ ਤੋਂ ਅੱਕ ਚੁੱਕੇ ਹਨ ਅਤੇ ਹੁਣ ਅਕਾਲੀ ਦਲ ਦੇ ਵਿਕਾਸਮੁਖੀ ਸ਼ਾਸਨ ਨੂੰ ਯਾਦ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਤਰਨ ਤਾਰਨ ਦੇ ਲੋਕ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਵੱਡੀ ਜਿੱਤ ਦਿਵਾਉਣਗੇ ਅਤੇ ਇਹ ਜਿੱਤ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਨੀਂਹ ਰੱਖੇਗੀ।
ਪੱਤਰਕਾਰਾਂ ਵੱਲੋਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਨਵੀਂ ਧਿਰ ਦੇ ਭਵਿੱਖ ਬਾਰੇ ਪੁੱਛੇ ਜਾਣ 'ਤੇ ਸ੍ਰ. ਬ੍ਰਹਮਪੁਰਾ ਨੇ ਤਿੱਖਾ ਵਿਅੰਗ ਕਰਦਿਆਂ ਕਿਹਾ, "ਜਿਸ ਸਿਆਸੀ ਜਮਾਤ ਦੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਹਨ, ਉਸ ਨੂੰ ਰਜਿਸਟਰ ਕਰਵਾਉਣ ਲਈ ਜਦੋਂ ਉਹ ਦਿੱਲੀ ਚੋਣ ਕਮਿਸ਼ਨ ਕੋਲ ਜਾਣਗੇ ਤਾਂ ਉਨ੍ਹਾਂ ਨੂੰ ਸਮਝ ਆਵੇਗੀ ਕਿ ਨਾ ਤਾਂ 'ਸ਼੍ਰੋਮਣੀ ਅਕਾਲੀ ਦਲ' ਨਾਮ ਮਿਲ ਸਕਦਾ ਹੈ ਅਤੇ ਨਾ ਹੀ 'ਤੱਕੜੀ' ਚੋਣ ਨਿਸ਼ਾਨ। ਉਨ੍ਹਾਂ ਨੂੰ ਆਪਣੇ ਨਾਂ ਨਾਲ ਬਰੈਕਟ ਵਿੱਚ ਕੁਝ ਹੋਰ ਲਗਾਉਣਾ ਪਵੇਗਾ।" ਇਸ 'ਤੇ ਹੋਰ ਤੰਜ ਕੱਸਦਿਆਂ ਸ੍ਰ. ਬ੍ਰਹਮਪੁਰਾ ਨੇ ਸਲਾਹ ਦਿੱਤੀ, "ਮੇਰੀ ਤਾਂ ਗਿਆਨੀ ਜੀ ਨੂੰ ਇਹੀ ਸਲਾਹ ਹੈ ਕਿ ਉਹ ਆਪਣੀ ਪਾਰਟੀ ਦਾ ਨਾਂ 'ਭਗੌੜਾ ਦਲ' ਹੀ ਰੱਖ ਲੈਣ, ਕਿਉਂਕਿ ਵੈਸੇ ਵੀ ਉਨ੍ਹਾਂ ਦੇ ਕੰਮ ਤਾਂ ਭਗੌੜਿਆਂ ਵਾਲੇ ਹੀ ਹਨ।"
ਸ੍ਰ. ਬ੍ਰਹਮਪੁਰਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ ਕੀਤਾ ਕਿ ਉਹ ਜਿਨ੍ਹਾਂ ਆਗੂਆਂ ਨਾਲ ਸਿਆਸੀ ਸਾਂਝ ਪਾ ਰਹੇ ਹਨ, ਉਨ੍ਹਾਂ ਦਾ ਪਿਛੋਕੜ ਕੀ ਹੈ? ਉਨ੍ਹਾਂ ਪੁੱਛਿਆ ਕਿ ਕੀ ਪ੍ਰੋ. ਚੰਦੂਮਾਜਰਾ ਨੇ ਬਰਨਾਲਾ ਸਰਕਾਰ ਵੇਲੇ 1986 ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਹੋਈ ਪੁਲਿਸ ਕਾਰਵਾਈ ('ਆਪ੍ਰੇਸ਼ਨ ਬਲੈਕ ਥੰਡਰ-1') ਲਈ ਕਦੇ ਪੰਥ ਤੋਂ ਮਾਫ਼ੀ ਮੰਗੀ ਹੈ? ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਣੇ 27 ਵਿਧਾਇਕਾਂ ਨੇ ਇਸ ਕਾਰਵਾਈ ਦੇ ਵਿਰੋਧ ਵਿੱਚ ਸਰਕਾਰ ਛੱਡ ਦਿੱਤੀ ਸੀ, ਉਦੋਂ ਚੰਦੂਮਾਜਰਾ ਉਸ ਗੁਨਾਹਗਾਰ ਸਰਕਾਰ ਵਿੱਚ ਮੰਤਰੀ ਬਣੇ ਰਹੇ ਸਨ।
ਇਸ ਮੌਕੇ ਬ੍ਰਹਮਪੁਰਾ ਦੇ ਨਾਲ ਪਾਰਟੀ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ, ਜਿੰਨ੍ਹਾਂ ਵਿੱਚ ਗੁਰਸੇਵਕ ਸਿੰਘ ਸ਼ੇਖ (ਸਾਬਕਾ ਜ਼ਿਲ੍ਹਾ ਪ੍ਰਧਾਨ, ਯੂਥ ਅਕਾਲੀ ਦਲ ਤਰਨ ਤਾਰਨ), ਕੁਲਦੀਪ ਸਿੰਘ ਔਲਖ (ਮੀਤ ਪ੍ਰਧਾਨ), ਕੁਲਦੀਪ ਸਿੰਘ ਲਹੌਰੀਆ (ਜਨਰਲ ਸਕੱਤਰ, ਯੂਥ ਅਕਾਲੀ ਦਲ), ਗੁਰਾ ਸਿੰਘ (ਮੈਨੇਜਰ, ਗੁਰਦੁਆਰਾ ਬਾਉਲੀ ਸਾਹਿਬ), ਨਿਰਮਲ ਸਿੰਘ ਕਾਹਲਵਾਂ (ਅਡੀਸ਼ਨਲ ਮੈਨੇਜਰ, ਗੁਰਦੁਆਰਾ ਬਾਉਲੀ ਸਾਹਿਬ), ਭੁਪਿੰਦਰ ਸਿੰਘ ਭਿੰਦਾ (ਸਾਬਕਾ ਸਰਪੰਚ, ਫਤਿਹਬਾਦ), ਬਲਦੇਵ ਸਿੰਘ ਸ਼ੈਲਰ ਵਾਲੇ, ਜਗਜੀਤ ਸਿੰਘ (ਮੈਂਬਰ ਪੰਚਾਇਤ), ਸੁਖਪਾਲ ਸਿੰਘ ਕਾਨੰਗੋ, ਕੁਲਦੀਪ ਸਿੰਘ (ਮੈਂਬਰ ਪੰਚਾਇਤ), ਤਜਿੰਦਰ ਸਿੰਘ ਪ੍ਰਿੰਸ (ਸਾਬਕਾ ਬਲਾਕ ਸੰਮਤੀ ਮੈਂਬਰ), ਅੰਗਰੇਜ਼ ਸਿੰਘ ਫਤਿਹਾਬਾਦ, ਸੰਤੋਖ ਸਿੰਘ (ਨੰਬਰਦਾਰ, ਫਤਿਹਾਬਾਦ), ਚਰਨਜੀਤ ਸਿੰਘ ਫਤਿਹਾਬਾਦ, ਜਗਜੀਤ ਸਿੰਘ (ਮੈਂਬਰ ਪੰਚਾਇਤ, ਫਤਿਹਾਬਾਦ), ਮਹਿੰਦਰ ਸਿੰਘ ਫਤਿਹਾਬਾਦ, ਚਰਨਜੀਤ ਸਿੰਘ, ਕੁਲਦੀਪ ਸਿੰਘ, ਜਸਬੀਰ ਸਿੰਘ (ਮੈਂਬਰ), ਕਸ਼ਮੀਰ ਸਿੰਘ ਸਹੋਤਾ, ਸੰਤੋਖ ਸਿੰਘ (ਸਾਬਕਾ ਮੈਂਬਰ), ਕੁਲਦੀਪ ਸਿੰਘ (ਮੈਂਬਰ), ਮੰਗਲ ਸਿੰਘ ਮੱਲੀ ਹੰਸਾਂ ਵਾਲਾ, ਪੁੰਨਾ ਸਿੰਘ ਮੱਲੀ ਹੰਸਾਂ ਵਾਲਾ, ਜਗਤਾਰ ਸਿੰਘ ਧੂੰਦਾ (ਸਾਬਕਾ ਸਰਪੰਚ), ਲੱਖਾ ਸਿੰਘ ਧੂੰਦਾ (ਮੈਂਬਰ), ਬਲਕਾਰ ਸਿੰਘ ਪਹਿਲਵਾਨ (ਮੈਂਬਰ), ਸਵਰਨ ਸਿੰਘ, ਗੁਰਮੀਤ ਸਿੰਘ ਮਿੰਟੂ, ਅਮਰ ਸਿੰਘ (ਸੀਨੀਅਰ ਅਕਾਲੀ ਆਗੂ), ਬਾਬਾ ਸੁੱਖਾ ਸਿੰਘ, ਲਖਵਿੰਦਰ ਸਿੰਘ ਪੱਪੂ, ਗਿਆਨੀ ਸਤਬੀਰ ਸਿੰਘ, ਜਗਤਾਰ ਸਿੰਘ (ਨੰਬਰਦਾਰ, ਫਤਿਹਾਬਾਦ), ਹਰਦੀਪ ਸਿੰਘ ਖੱਖ, ਬਾਬਾ ਇੰਦਰਜੀਤ ਸਿੰਘ ਖੱਖ, ਸੰਦੀਪ ਸਿੰਘ ਝੰਡੇਰ ਮਹਾਂਪੁਰਖਾਂ, ਅਮਰਜੀਤ ਸਿੰਘ (ਪ੍ਰਧਾਨ, ਝੰਡੇਰ ਮਹਾਂਪੁਰਖਾ), ਸੁਰਜਨ ਸਿੰਘ ਢੋਟੀ, ਮੱਖਣ ਸਿੰਘ ਢੋਟੀ, ਸੁਰਿੰਦਰ ਸਿੰਘ ਢੋਟੀ ਆਦਿ।