ਅਜ਼ਾਦੀ ਦਿਹਾੜੇ 'ਤੇ 3 ਸਾਲਾਂ ਤੋਂ ਥਾਣੇ ਮੂਹਰੇ ਧਰਨੇ 'ਤੇ ਬੈਠੀ 75 ਸਾਲਾ ਪੀੜ੍ਹਤਾ ਨੇ ਮੰਗੀ ਮੌਤ ਜਾਂ ਨਿਆਂ !
- ਥਾਣਾ ਮੁਖੀ ਰਾਹੀਂ ਮੁੱਖ ਮੰਤਰੀ ਨੂੰ ਅਸ਼ਟਾਮ 'ਤੇ ਲਿਖ ਕੇ ਭੇਜਿਆ ਖ਼ਤ!
ਜਗਰਾਉਂ 15 ਅਗਸਤ 2025 - ਜਿਸ ਸਮੇਂ ਪੂਰੇ ਵਿਸ਼ਵ ਦੇ ਭਾਰਤੀ ਲੋਕ ਅਜ਼ਾਦੀ ਦੇ ਜਸ਼ਨ ਮਨਾ ਰਹੇ ਨੇ, ਉਥੇ ਹੀ ਪਿੰਡ ਰਸੂਲਪੁਰ ਦੇ ਪੁਲਿਸ ਅੱਤਿਆਚਾਰਾਂ ਦੇ ਸ਼ਿਕਾਰ ਕਰੀਬ ਤਿੰਨ ਸਾਢੇ ਤਿੰਨ ਸਾਲਾਂ ਤੋਂ ਸਥਾਨਕ ਥਾਣੇ ਮੂਹਰੇ ਧਰਨੇ 'ਤੇ ਬੈਠੀ 74 ਸਾਲਾ ਪੀੜ੍ਹਤ ਮਾਤਾ ਸੁਰਿੰਦਰ ਕੌਰ ਨੇ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਗਵਰਨਰ, ਭਾਰਤੀ ਕਮਿਸ਼ਨਾਂ ਅਤੇ ਗਰੀਬਾਂ ਦੇ ਹੱਕਾਂ ਦੀ ਰਖਵਾਲ਼ੀ ਕਰਨ ਦਾ ਦਾਅਵਾ ਕਰਨ ਵਾਲੇ ਸਤਾਧਾਰੀ ਤੇ ਵਿਰੋਧੀ ਸਿਆਸੀ ਨੇਤਾਵਾਂ ਨੂੰ ਅਸ਼ਟਾਮ 'ਤੇ ਲਿਖਿਆ ਖ਼ਤ ਭੇਜ ਕੇ ਮੌਤ ਮੰਗੀ ਹੈ। ਪ੍ਰੈਸ ਨੂੰ ਜਾਰੀ ਅਸਟਾਂਮ ਦੀ ਕਾਪੀ ਅਨੁਸਾਰ ਪੀੜ੍ਹਤ ਮਾਤਾ ਸੁਰਿੰਦਰ ਕੌਰ 74 ਸਾਲਾ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਤੇ ਨੇਤਾਵਾਂ ਨੂੰ ਲਿਖਿਆ ਹੈ ਕਿ "ਜਾਂ ਮੈਨੂੰ ਇਨਸਾਫ਼ ਦਿਓ ਜਾਂ ਫਿਰ ਮੌਤ ਦਿਓ"।
ਕਰੀਬ ਸਾਢੇ ਕੁ ਤਿੰਨ ਸਾਲਾਂ ਤੋਂ ਥਾਣੇ ਮੂਹਰੇ ਲੱਗੇ ਇਸ ਧਰਨੇ ਦੀ ਹਮਾਇਤ ਕਰ ਰਹੇ ਜੱਥੇਬੰਦਕ ਆਗੂ ਗੁਰਦਿਆਲ ਸਿੰਘ ਤਲਵੰਡੀ ਪ੍ਰਧਾਨ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਜਸਦੇਵ ਸਿੰਘ ਲਲਤੋਂ ਸਕੱਤਰ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਭਰਪੂਰ ਸਿੰਘ ਛੱਜਾਵਾਲ ਪ੍ਰਧਾਨ ਮਜ਼ਦੂਰ ਸੰਘਰਸ਼ ਕਮੇਟੀ, ਨਿਰਮਲ ਸਿੰਘ ਧਾਲੀਵਾਲ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ, ਜਸਪ੍ਰੀਤ ਸਿੰਘ ਢੋਲਣ ਪ੍ਰਧਾਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਬਲਦੇਵ ਸਿੰਘ ਫ਼ੌਜੀ ਆਗੂ ਪੇਂਡੂ ਮਜ਼ਦੂਰ ਯੂਨੀਅਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪੀੜ੍ਹਤ ਮਾਤਾ ਸਮੇਤ ਦੋ ਪਰਿਵਾਰਾਂ ਨੂੰ ਤੱਤਕਾਲੀ ਕਥਿਤ ਥਾਣਾਮੁਖੀ ਗੁਰਿੰਦਰ ਬੱਲ ਨੇ ਨਜਾਇਜ਼ ਹਿਰਾਸਤ 'ਚ ਰੱਖ ਕੇ ਅੱਤਿਆਚਾਰ ਕੀਤੇ ਅਤੇ ਅਣਮਨੁੱਖੀ ਤਸੀਹੇ ਦਿੱਤੇ ਸਨ।
ਜਿਸ ਕਾਰਨ ਮਾਤਾ ਦੀ ਨੌਜਵਾਨ ਬੇਟੀ ਕੁਲਵੰਤ ਕੌਰ ਰਸੂਲਪੁਰ ਨਕਾਰਾ ਹੋ ਗਈ ਤੇ ਰਿੜ-ਰਿੜ ਕੇ ਰੱਬ ਨੂੰ ਪਿਆਰੀ ਹੋ ਗਈ ਅਤੇ ਮਾਤਾ ਦੀ ਇਲਾਜ਼ ਅਧੀਨ ਨੂੰਹ ਮਨਪ੍ਰੀਤ ਕੌਰ ਨਿਆਂ ਲਈ ਤੜ੍ਹਫ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀੜ੍ਹਤਾ ਕੁਲਵੰਤ ਕੌਰ ਦੀ ਮੌਤ ਸਬੰਧੀ ਤਾਂ ਉਸ ਦੇ ਮਰਨ ਤੋਂ ਬਾਅਦ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਸੀ ਪਰ ਮਾਤਾ ਦੀ ਨੂੰਹ ਮਨਪ੍ਰੀਤ ਕੌਰ 'ਤੇ ਅੱਤਿਆਚਾਰਾਂ ਸਬੰਧੀ ਪੁਲਿਸ ਨੇ ਅੱਜ ਤੱਕ ਮੁਕੱਦਮਾ ਦਰਜ ਨਹੀਂ ਕੀਤਾ ਜਦਕਿ ਗ੍ਰਹਿ ਵਿਭਾਗ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਪੁਲਿਸ ਅਧਿਕਾਰੀਆਂ ਨੂੰ ਮੁਕੱਦਮਾ ਦਰਜ ਕਰਨ ਲਈ ਕਿਹਾ ਗਿਆ ਸੀ ਅਤੇ ਲਲਿਤਾ ਕੁਮਾਰੀ ਬਨਾਮ ਯੂਪੀ ਸਰਕਾਰ ਕੇਸ ਵਿੱਚ ਸਰਬ ਉੱਚ ਅਦਾਲਤ ਦੇ ਫੈਸਲੇ ਅਨੁਸਾਰ ਕੌਗਨੀਜੇਬ਼ਲ ਔਫੈਂਸ ਦੇ ਮਾਮਲਿਆਂ ਵਿੱਚ ਤੁਰੰਤ ਐਫ਼ਆਈਆਰ ਦਰਜ਼ ਕਰਨੀ ਹੁੰਦੀ ਹੈ ਪਰ ਇਥੇ ਜਾਣਬੁੱਝ ਕੇ ਅਧਿਕਾਰੀਆਂ ਵਲੋਂ ਹੁਕਮਾਂ ਅਤੇ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸੇ ਤਰਾਂ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਪੀੜ੍ਹਤ ਮਾਤਾ ਨੂੰ ਪੈਨਸ਼ਨ ਅਤੇ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ।
ਦੱਸਣਯੋਗ ਹੈ ਕਿ ਪੀੜ੍ਹਤ ਮਾਤਾ ਦੀ ਮ੍ਰਿਤਕ ਬੇਟੀ ਨੇ ਵੀ ਅਸ਼ਟਾਮ 'ਤੇ ਖ਼ਤ ਲਿਖ ਕੇ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੌਤ ਜਾਂ ਇਨਸਾਫ ਮੰਗਿਆ ਸੀ ਅਤੇ ਧਰਨੇ ਵਿੱਚ ਪਹੁੰਚੀ ਹਲ਼ਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਰਾਹੀਂ ਵੀ ਨਿਆਂ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੂਨ ਨਾਲ ਲਿਖਿਆ ਜਾ ਚੁੱਕਾ ਹੈ। ਪੀੜ੍ਹਤ ਮਾਤਾ ਦੇ ਪੁੱਤਰ ਇਕਬਾਲ ਸਿੰਘ ਰਸੂਲਪੁਰ ਅਤੇ ਪੀੜ੍ਹਤਾ ਮਨਪ੍ਰੀਤ ਕੌਰ ਦੇ ਪਤੀ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਧਰਨੇ ਵਿੱਚ ਵੀ ਹੁਣ ਤੱਕ 5 ਧਰਨਾਕਾਰੀ ਜਾਨ ਦੇ ਚੁੱਕੇ ਹਨ ਪਰ ਮੌਜੂਦਾ ਸਰਕਾਰ ਅਤੇ ਅਧਿਕਾਰੀਆਂ ਨੂੰ ਕੋਈ ਤਰਸ ਨਹੀਂ ਆ ਰਿਹਾ ਕਿਉਂਕਿ ਪੀੜ੍ਹਤ ਪਰਿਵਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ। ਇਸ ਸਮੇਂ ਕਿਸਾਨ-ਮਜ਼ਦੂਰ ਆਗੂਆਂ ਤੋਂ ਬਿਨਾਂ ਕਈ ਧਰਨਾਕਾਰੀ ਵੀ ਹਾਜ਼ਰ ਸਨ।