Babushahi Special ਸਿੱਖਿਆ ਤੇ ਪੁਲਿਸ ਦਾ ਡੰਡਾ: ਉਂਜ ਉਹ ਗਵਾਹ ਸੀ ਸਾਡਾ,ਪੜਤਾਲ ਕੀਤੀ ਤਾਂ ਕਾਤਲ ਨਿਕਲਿਆ
ਅਸ਼ੋਕ ਵਰਮਾ
ਬਠਿੰਡਾ,14 ਅਗਸਤ 2025: ਫਰੀਦਕੋਟ ਵਿਖੇ ਅਜ਼ਾਦੀ ਦਿਵਸ ਸਮਾਗਮਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਮੂਲੀਅਤ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਪੱਕੇ ਕੀਤੇ ਕੱਚੇ ਅਧਿਆਪਕਾਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ’ਚ ਨਜ਼ਰਬੰਦ ਕਰ ਦਿੱਤਾ ਜਦੋਂਕਿ ਕਈ ਥਾਣਿਆਂ ’ਚ ਡੱਕ ਦਿੱਤੇ। ਅਧਿਆਪਕਾਂ ਤੇ ਚੱਲੇ ਪੁਲਿਸ ਦੇ ਡੰਡੇ ਕਾਰਨ ਕਈ ਸਕੂਲਾਂ ’ਚ ਮਾਸੂਮ ਬੱਚੇ ਸਿੱਖਿਆ ਦੀ ਰੌਸ਼ਨੀ ਤੋਂ ਵਾਂਝੇ ਰਹੇ। ਪ੍ਰੀਪ੍ਰਾਇਮਰੀ ਅਧਿਆਪਕਾਂ ਦੀਆਂ ਦੋ ਜੱਥੇਬੰਦੀਆਂ ਨੇ ਮੁੱਖ ਮੰਤਰੀ ਦੀ ਵਿਰੋਧਤਾ ਦਾ ਐਲਾਨ ਕੀਤਾ ਸੀ ਜਿਸ ਕਰਕੇ ਪੁਲਿਸ ਨੇ ਸਮਾਗਮ ’ਚ ਵਿਘਨ ਪੈਣ ਦੇ ਡਰੋਂ ਇਹ ਡੰਡਾ ਚਲਾਇਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਰਿਵਾਇਤੀ ਪਾਰਟੀਆਂ ਦੇ ਰਾਜ ’ਚ ਤਾਂ ਏਦਾਂ ਦੀ ਚੱਕ ਥੱਲ ਅਕਸਰ ਦਿਖਾਈ ਦਿੰਦੀ ਸੀ ਪਰ ਆਮ ਬੰਦੇ ਦੀ ਹਕੂਮਤ ਦੌਰਾਨ ਇੰਜ ਆਮ ਆਦਮੀ ਖਿਲਾਫ ਪੁਲਿਸ ਦਾ ਡੰਡਾ ਚੱਲਦਾ ਦੇਖ ਦੁੱਖ ਅਤੇ ਹੈਰਾਨੀ ਦੋਵੇਂ ਹੁੰਦੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਉਸ ਅਧਿਆਪਕ ਆਗੂ ਹਰਪ੍ਰੀਤ ਕੌਰ ਜਲੰਧਰ ਨੂੰ ਨਿਸ਼ਾਨਾ ਬਣਾਇਆ ਜੋ 2015 ’ਚ ਪੁਲਿਸ ਦੀ ਚੁਣੌਤੀ ਖਿਲਾਫ ਬਠਿੰਡਾ ਨਹਿਰ ’ਚ ਕੁੱਦ ਗਈ ਸੀ ਜਿਸ ਕਰਕੇ ਹਰ ਸਰਕਾਰ ਉਸ ਤੋਂ ਤ੍ਰਭਕਦੀ ਆ ਰਹੀ ਹੈ। ਆਪਣੇ ਖਿਲਾਫ ਕਾਰਵਾਈ ਦੀ ਭਿਣਕ ਪੈਂਦਿਆਂ ਹਰਪ੍ਰੀਤ ਪੁਲਿਸ ਨੂੰ ਚਕਮਾ ਦੇ ਗਈ। ਅਧਿਆਪਕ ਆਗੂ ਦਵਿੰਦਰ ਸਿੰਘ ਅਨੁਸਾਰ ਪੰਜਾਬ ਪੁਲਿਸ ਨੇ ਅਧਿਆਪਕ ਆਗੂ ਹਰਪ੍ਰੀਤ ਕੌਰ ਦੀ ਰਿਹਾਇਸ਼ ਤੇ ਛਾਪਾ ਮਰਿਆ ਪਰ ਉਹ ਹੱਥ ਨਾਂ ਲੱਗ ਸਕੀ। ਹਰਪ੍ਰੀਤ ਕੌਰ ਦੋ ਦਫਾ ਜੇਲ੍ਹ ਵੇਖ ਚੁੱਕੀ ਹੈ ਅਤੇ ਕਈ ਵਾਰੀ ਪਾਣੀ ਦੀਆਂ ਬੁਛਾੜਾਂ ਅੱਗੇ ਅੜੀ ਹੈ। ਸਾਲ 2008 ’ਚ ਬਤੌਰ ਏਆਈਈ ਭਰਤੀ ਹਰਪ੍ਰੀਤ ਗਰੈਜੂਏਟ ਤੇ ਈਟੀਟੀ ਤੋਂ ਇਲਾਵਾ ਐੱਨਟੀਟੀ ਪਾਸ ਵੀ ਹੈ। ਮੁੱਖ ਮੰਤਰੀ ਦੇ ਵਾਅਦੇ ਅਨੁਸਾਰ ਬਾਕੀ ਮੰਗਾਂ ਲਈ ਲੜਾਈ ਲੜਨ ਨਿਕਲੀ ਤਾਂ ਪੁਲਿਸ ਮੁੜ ਹਰਪ੍ਰੀਤ ਦੇ ਪਿੱਛੇ ਪੈਣ ਲੱਗੀ ਹੈ।

ਬਠਿੰਡਾ ਪੁਲਿਸ ਅੱਜ ਸਵੇਰੇ ਕਰੀਬ ਪੰਜ ਵਜੇ ਖਾੜਕੂ ਸੁਭਾਅ ਵਾਲੀ ਅਧਿਆਪਕ ਆਗੂ ਵੀਰਪਾਲ ਕੌਰ ਸਿਧਾਣਾ ਦੇ ਘਰ ਪੁੱਜੀ ਸੀ ਪਰ ਮੀਡੀਆ ਦੀ ਆਮਦ ਅਤੇ ਵੀਰਪਾਲ ਦੇ ਵਿਰੋਧ ਕਾਰਨ ਸਫਲਤਾ ਨਾਂ ਮਿਲੀ ਤੇ ਉਹ ਆਮ ਵਾਂਗ ਸਕੂਲ ਚਲੀ ਗਈ। ਸਾਹਮਣੇ ਆਈ ਇੱਕ ਵੀਡੀਓ ਅਨੁਸਾਰ ਇਸ ਮੌਕੇ ਪੁਲਿਸ ਉਸ ਨੂੰ ਹਿਰਾਸਤ ’ਚ ਲੈਣ ਦੀ ਤਿਆਰੀ ’ਚ ਸੀ ਤਾਂ ਵੀਰਪਾਲ ਦੀ ਇੱਕ ਪੁਲਿਸ ਅਧਿਕਾਰੀ ਨਾਲ ਬਹਿਸ ਵੀ ਹੋਈ । ਜਿਕਰਯੋਗ ਹੈ ਕਿ ਵੀਰਪਾਲ ਸਿਧਾਣਾ ਕੌਰ ਹੈ ਜਿਸ ਨੂੰ ਲੰਘੀ 4 ਅਗਸਤ ਨੂੰ ਪੁਲਿਸ ਪਾਰਟੀ ਨੇ ਬਿਨਾਂ ਕਿਸੇ ਸੰਘਰਸ਼ੀ ਪ੍ਰੋਗਰਾਮ ਦੇ ਸਕੂਲ ਦੇ ਕਮਰੇ ਵਿੱਚ ਮਾਸੂਮ ਬੱਚਿਆਂ ਦੀ ਮੌਜੂਦਗੀ ’ਚ ਪੂਰਾ ਦਿਨ ਨਜ਼ਰਬੰਦ ਕਰੀ ਰੱਖਿਆ ਸੀ । ਮਾਮਲਾ ਜਿਲ੍ਹਾ ਪੁਲਿਸ ਮੁਖੀ ਤੱਕ ਵੀ ਪੁੱਜਿਆ ਅਤੇ ਅਧਿਆਪਕ ਧਿਰਾਂ ਦੇ ਵਿਰੋਧ ਕਾਰਨ ਪੁਲਿਸ ਦੀ ਵੱਡੇ ਪੱਧਰ ਤੇ ਕਿਰਕਿਰੀ ਵੀ ਹੋਈ ਸੀ।
ਪੰਜਾਬ ਪੁਲਿਸ ਨੇ ਸਿਰਫ 6 ਹਜ਼ਾਰ ਰੁਪਏ ਤਨਖਾਹ ਲੈਣ ਵਾਲੀ ਕੱਚੀ ਅਧਿਆਪਕਾ ਮਮਤਾ ਰਾਣੀ ਫਿਰੋਜ਼ਪੁਰ ਨੂੰ ਵੀ ਨਹੀਂ ਬਖਸ਼ਿਆ ਜਿਸ ਤੇ ਵੀ ਸਕੂਲ ਵਿੱਚ ਪੁਲਿਸ ਦਾ ਕਰੜਾ ਪਹਿਰਾ ਲਾਇਆ ਹੋਇਆ ਸੀ। ਬਠਿੰਡਾ ਜਿਲ੍ਹੇ ’ਚ ਪੁਲਿਸ ਨੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਮਨਦੀਪ ਸਿੰਘ ਬੰਗੀ ਨੂੰ ਉਸ ਦੇ ਘਰ ’ਚ ਨਜ਼ਰਬੰਦ ਕਰ ਦਿੱਤਾ ਹੈ। ਪੁਲਿਸ ਅੱਜ ਸਵੇਰੇ ਕਰੀਬ 4 ਵਜੇ ਹੀ ਬੰਗੀ ਦੇ ਘਰ ਪੁੱਜੀ ਅਤੇ ਬਾਹਰ ਜਾਣ ਤੋਂ ਰੋਕਣ ਲਈ ਘਰ ਵਿੱਚ ਹੀ ਡੇਰੇ ਜਮਾ ਲਏ। ਉਹ ਦੱਸਦਾ ਹੈ ਕਿ ਪੁਲਿਸ ਮੁਲਾਜਮਾਂ ਨੇ ਆਉਦਿਆਂ ਹੀ ਉਸ ਨੂੰ ਘਰੋਂ ਨਿਕਲਣ ਦੀ ਮਨਾਹੀ ਦਾ ਫੁਰਮਾਨ ਸੁਣਾ ਦਿੱਤਾ ਹੈ। ਇਸੇ ਤਰਾਂ ਹੀ ਪੁਲਿਸ ਨੇ ਯੂਨੀਅਨ ਦੇ ਜਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਗੁਰਤੇਜ ਸਿੰਘ ਅਬੋਹਰ ਨੂੰ ਥਾਣਾ ਸਦਰ ਪੁਲਿਸ ਨੇ ਫਰੀਦਕੋਟ ਜਾਣੋ ਰੋਕਣ ਲਈ ਰਾਤ ਨੂੰ ਹੀ ਚੁੱਕ ਲਿਆ ਸੀ ।

ਅਧਿਆਪਕ ਯੂਨੀਅਨ ਦਾ ਸੰਗਰੂਰ ਜਿਲ੍ਹੇ ਦਾ ਪ੍ਰਧਾਨ ਗੁਰਚਰਨ ਸਿੰਘ ਵੀ ਆਪਣੇ ਮਸਲਿਆਂ ਨੂੰ ਲੈਕੇ ਸਰਕਾਰ ਦੀਆਂ ਅੱਖਾਂ ’ਚ ਰੜਕਦਾ ਹੋਣ ਕਰਕੇ ਪੰਜਾਬ ਪੁਲਿਸ ਨੇ ਸਕੂਲ ਅੰਦਰ ਡੱਕ ਕੇ ਰੱਖਿਆ । ਇਸੇ ਤਰਾਂ ਹੀ ਤਰਨਤਾਰਨ ’ਚ ਗੁਰਜੰਟ ਸਿੰਘ ਗੱਡੀਵਿੰਡ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ ਅਤੇ ਥਾਣਾ ਸਰਾਂ ਅਮਾਨਤ ਖਾਨ ’ਚ ਬੰਦ ਕਰ ਦਿੱਤਾ । ਸੰਗਰੂਰ ’ਚ ਇੱਕ ਆਗੂ ਮਨਜੀਤ ਸਿੰਘ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ ਹੈ। ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਤੇ 646 ਬੇਰੁਜ਼ਗਾਰ ਪੀਟੀਆਈ ਯੂਨੀਅਨ ਆਗੂ ਸਿੱਪੀ ਸ਼ਰਮਾ ਦੀ ਸਿਹਤ ਸਮੱਸਿਆ ਕਾਰਨ ਇਸ ਵਾਰ ਪੁਲਿਸ ਤਾਂ ਤੋਂ ਦੂਰ ਰਹੀ ਪਰ ਖੁਫੀਆ ਵਿਭਾਗ ਉਸ ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਤਰਨਤਾਰਨ ਦੇ ਕੰਵਲਪ੍ਰੀਤ ਸਿੰਘ ਭੱਠਲ ਸਮੇਤ ਹੋਰ ਵੀ ਕਈ ਆਗੂਆਂ ਨੂੰ ਸਮਾਗਮਾਂ ’ਚ ਵਿਘਨ ਪੈਣ ਦੇ ਡਰੋਂ ਪੰਜਾਬ ਪੁਲਿਸ ਨੇ ਚੁੱਕ ਲਿਆ ਹੈ।
ਜਾਰੀ ਰੱਖਿਆ ਜਾਏਗਾ ਵਿਰੋਧ: ਬੰਗੀ
ਅਧਿਆਪਕ ਆਗੂ ਮਨਦੀਪ ਸਿੰਘ ਬੰਗੀ ਦਾ ਕਹਿਣਾ ਸੀ ਕਿ ਮੁੱਖ ਮੰਤਰੀ 12 ਹਜ਼ਾਰ710 ਅਧਿਆਪਕਾਂ ਨੂੰ ਪੱਕਾ ਕਰਨ ਦੇ ਲਗਤਾਰ ਦਾਅਵੇ ਕਰ ਰਹੇ ਹਨ ਜਦੋਂਕਿ ਉਨ੍ਹਾਂ ਤੇ ਪੱਕਿਆਂ ਵਾਲਾ ਕੋਈ ਨਿਯਮ ਲਾਗੂ ਨਹੀਂ ਕੀਤਾ ਹੈ ਜਿਸ ਕਰਕੇ ਉਹ ਹਾਲੇ ਵੀ ਇੱਕ ਤਰਾਂ ਨਾਲ ਕੱਚੇ ਹੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੰਗਾਂ ਅਤੇ ਮਸਲਿਆਂ ਦਾ ਹੱਲ ਕਰਨ ਦੀ ਥਾਂ ਉਨ੍ਹਾਂ ਨੂੰ ਡੰਡੇ ਦੋ ਜੋਰ ਤੇ ਦਬਾਉਣ ਲੱਗੀ ਹੋਈ ਹੈ ਜੋ ਨਿਖੇਧੀਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਿੰਨਾਂ ਮਰਜੀ ਜੋਰ ਲਾ ਲਾਏ 15 ਅਗਸਤ ਨੂੰ ਹਰ ਹਾਲਤ ’ਚ ਮੁੱਖ ਮੰਤਰੀ ਦਾ ਵਿਰੋਧ ਕੀਤਾ ਜਾਏਗਾ।