Babushahi Special ਬੇਸੁਰੀਆਂ ਤਰਜ਼ਾਂ: ਉਧਾਰ ਦੇ ਬੈਂਡ ਵਾਜੇ ਸਹਾਰੇ ਬਠਿੰਡਾ ਪੁਲਿਸ ਦਿੰਦੀ ਐ ਕੌਮੀ ਝੰਡੇ ਨੂੰ ਸਲਾਮੀ
ਅਸ਼ੋਕ ਵਰਮਾ
ਬਠਿੰਡਾ, 15 ਅਗਸਤ2022:ਬਠਿੰਡਾ ਪੁਲਿਸ ਦੇ ਬੈਂਡ ਵਿੱਚ ਕਲਾਕਾਰਾਂ ਦੀ ਤੋਟ ਪੈ ਗਈ ਹੈ। ਤਾਹੀਓਂ ਹੁਣ ਪ੍ਰਸ਼ਾਸ਼ਨ ਨੂੰ ਅਜਾਦੀ ਦਿਵਸ ਵਰਗੇ ਮਹੱਤਵਪੂਰਨ ਦਿਹਾੜੇ ਮੌਕੇ ਕੌਮੀ ਝੰਡੇ ਨੂੰ ਸਲਾਮੀ ਦੇਣ ਮੌਕੇ ਭਾਰਤੀ ਫੌਜ ਤੋਂ ਬੈਂਡ ਪਾਰਟੀ ਉਧਾਰ ਵਜੋਂ ਮੰਗਣੀ ਪੈ ਰਹੀ ਹੈ। ਹਾਲਾਂਕਿ ਭਾਰਤੀ ਫੌਜ ਦੇ ਬੈਂਡ ਦਾ ਕੋਈ ਸਾਨੀਂ ਨਹੀਂ ਹੈ ਪਰ ਅਚਾਨਕ ਡਿਊਟੀ ਸਿਰ ਤੇ ਆਉਣ ਕਾਰਨ ਪੁਲਿਸ ਦੇ ਸਾਜਿੰਦਿਆਂ ਨੂੰ ਉਨ੍ਹਾਂ ਨਾਲ ਤਾਲ ਮਿਲਾਉਣ ਮੌਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਨਾਂ ਸ਼ੱਕ ਪੁਲਿਸ ਦੇ ਬਾਕੀ ਵਿੰਗਾਂ ’ਚ ਲਗਾਤਾਰ ਭਰਤੀ ਹੋਈ ਹੈ ਪਰ ਪੁਲਿਸ ਬੈਂਡ ’ਚ ਅਸਾਮੀਆਂ ਨਾਂ ਭਰਨ ਦੇ ਨਤੀਜੇ ਵਜੋਂ ਬਠਿੰਡਾ ਪੁਲਿਸ ਨੂੰ ਹਰ 26 ਜਨਵਰੀ ਜਾਂ 15 ਅਗਸਤ ਨੂੰ ਭਾਰਤੀ ਫੌਜ ਤੋਂ ਬੈਂਡ ਪਾਰਟੀ ਉਧਾਰੀ ਮੰਗਣੀ ਪੈਂਦੀ ਹੈ। ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਇਸ ਮੁੱਦੇ ਤੇ ਕਿਸੇ ਕਿਸਮ ਦੀ ਪ੍ਰਤੀਕਿਰਿਆ ਪ੍ਰਗਟ ਕਰਨ ਦੀ ਥਾਂ ਚੁੱਪ ਹਨ।
ਅੱਜ ਵੀ ਬਠਿੰਡਾ ’ਚ ਕਰਵਾਏ ਗਏ ਜਿਲ੍ਹਾ ਪੱਧਰੀ ਅਜਾਦੀ ਦਿਵਸ ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੂੰ ਪਰੇਡ ਵੱਲੋਂ ਸਲਾਮੀ ਦਿੱਤੀ ਗਈ ਤਾਂ ਇਸ ਮੌਕੇ ਬੈਂਡ ਪਾਰਟੀ ’ਚ ਭਾਰਤੀ ਫੌਜ ਦੇ ਜਵਾਨ ਸ਼ਾਮਲ ਸਨ ਜਿਸ ਤੋਂ ਸਥਿਤੀ ਦਾ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ। ਬਠਿੰਡਾ ਪੁਲਿਸ ਦੀ ਬੈਂਡ ਪਾਰਟੀ ਵਿੱਚ ਆਪਣੇ ਬੈਂਡ ਮਾਸਟਰਾਂ ਦੀ ਅਣਹੋਂਦ ਕਾਰਨ ਪ੍ਰਸ਼ਾਸ਼ਨ ਨੂੰ ਅੱਜ ਵੀ ਫੌਜ ਕੋਲੋਂ ਬੈਂਡ ਵਜਾਉਣ ਵਾਲੇ ਕਰਮਚਾਰੀ ਉਧਾਰੇ ਮੰਗ ਕੇ ਬੁੱਤਾ ਸਾਰਨਾ ਪਿਆ ਹੈ । ਸੂਤਰ ਦੱਸਦੇ ਹਨ ਕਿ ਜਿਲ੍ਹਾ ਪੁਲਿਸ ਦੇ ਬੈਂਡ ਸਟਾਫ ’ਚ ਕੁੱਲ 21 ਅਸਾਮੀਆਂ ਪ੍ਰਵਾਨਿਤ ਹਨ ਜਿਨ੍ਹਾਂ ਵਿੱਚ ਇੱਕ ਸਹਾਇਕ ਥਾਣੇਦਾਰ,2 ਹੌਲਦਾਰ ਅਤੇ 18 ਸਿਪਾਹੀ ਸ਼ਾਮਲ ਹਨ। ਮੌਜੂਦਾ ਸਮੇ ਪੁਲਿਸ ਕੋਲ ਮਸਾਂ ਅੱਧੀ ਦਰਜਨ ਤੋਂ ਕੁੱਝ ਵੱਧ ਮੈਂਬਰਾਂ ਦਾ ਜੱਥਾ ਰਹਿ ਗਿਆ ਹੈ ਜੋ ਅਹਿਮ ਸਮਾਗਮਾਂ ਲਈ ਆਪਣੇ ਤੌਰ ਤੇ ਨਾਕਾਫੀ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਪੁਲਿਸ ਦੀ ਬੈਂਡ ਪਾਰਟੀ ਵਿੱਚ ਵੀ ਜਿਆਦਾਤਰ ਹੋਮਗਾਰਡ ਦੇ ਜਵਾਨ ਹਨ ਜਿਨ੍ਹਾਂ ਨੂੰ ਸਿਖਲਾਈ ਰਾਹੀਂ ਖਾਨਾਪੂਰਤੀ ਕੀਤੀ ਨਜ਼ਰ ਆਉਂਦੀ ਹੈ। ਜਾਣਕਾਰੀ ਅਨੁਸਾਰ ਇਸ ਬੈਂਡ ’ਚ ਬੈਗਪਾਈਪਰ ਵਜਾਉਣ ਵਾਲੇ 9 ਵਿਅਕਤੀਆਂ ਦੀ ਜਰੂਰਤ ਹੈ ਜਦੋਂਕਿ ਅੱਜ ਸਿਰਫ ਤਿੰਨ ਹੀ ਨਜ਼ਰ ਆ ਰਹੇ ਸਨ। ਇੰਨ੍ਹਾਂ ਚੋਂ ਕਿਸੇ ਇੱਕ ਵੀ ਛੁੱਟੀ ਚਲਾ ਜਾਏ ਤਾਂ ਸਮੁੱਚਾ ਮਾਮਲਾ ਗੜਬੜ ਹੋ ਸਕਦਾ ਹੈ। ਵੱਡੀ ਸਮੱਸਿਆ ਇਹ ਹੈ ਕਿ ਜੋ ਤਜਰਬੇਕਾਰ ਬੈਂਡ ਮਾਸਟਰ ਸਨ ਉਹ ਸਟਾਫ ਚੋਂ ਸੇਵਾ ਮੁਕਤ ਹੋ ਗਏ ਹਨ। ਹੁਣ ਪੁਲਿਸ ਬੈਂਡ ਨੂੰ ਇੰਨ੍ਹਾਂ ਦੀ ਘਾਟ ਹਰ ਵਕਤ ਰੜਕਦੀ ਹੈ। ਦੇਖਿਆ ਜਾਏ ਤਾਂ ਕਦੀ ਪੁਲਿਸ ਦੀ ਸ਼ਾਨ ਮੰਨਿਆ ਜਾਣਾ ਵਾਲਾ ਬੈਂਡ ਮੁਲਾਜਮਾਂ ਦੀ ਘਾਟ ਕਾਰਨ ‘ਸੁਰ’ ’ਚ ਨਹੀਂ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਫੌਜ ਤੋਂ ਬਾਅਦ ਪਹਿਲੋ ਪਹਿਲ ਬੈਗਪਾਈਪਰ ਬੈਂਡ ਦੀ ਸ਼ੁਰੂਆਤ ਪੰਜਾਬ ਪੁਲਿਸ ਨੇ ਕੀਤੀ ਸੀ।
ਪੁਲਿਸ ਅਤੇ ਫੌਜੀ ਬੈਂਡ ਵਿੱਚ ਸਭ ਤੋਂ ਮਹੱਤਵਪੂਰਨ ਸਾਜ਼ ਅਤੇ ਬੈਂਡ ਦਾ ਮੁੱਖ ਧੁਰਾ ਬੈਗਪਾਈਪਰ (ਬੀਨ) ਹੈ ਜੋਕਿ ਵੱਜਦਿਆਂ ਸਾਰ ਹੀ ਹਰ ਕਿਸੇ ਨੂੰ ਕੀਲਣ ਲੱਗਦੀ ਹੈ। ਇੱਕ ਸੇਵਾਮੁਕਤ ਬੈਂਡ ਮਾਸਟਰ ਨੇ ਦੱਸਿਆ ਕਿ ਪਹਿਲਾਂ ਮੰਗ ਹੀ ਐਨੀ ਜਿਆਦਾ ਹੁੰਦੀ ਸੀ ਕਿ ਵਿਆਹ ਸ਼ਾਦੀਆਂ ’ਚ ਲਿਜਾਣ ਲਈ ਪੰਜਾਬ ਪੁਲਿਸ ਦਾ ਬੈਂਡ ਅਗੇਤਾ ਬੁੱਕ ਕਰਵਾਉਣਾ ਪੈਂਦਾ ਸੀ । ਪੁਲਿਸ ਦਾ ਬੈਂਡ ਬਰਾਤ ਦੇ ਨਾਲ ਲਿਜਾਣਾ ਮਾਣ ਵਾਲੀ ਗੱਲ ਮੰਨੀ ਜਾਂਦੀ ਸੀ ਅਤੇ ਜਿਸ ਘਰ ਢੁੱਕਣਾ ਹੁੰਦਾ ਸੀ ਉੱਥੇ ਵੀ ਬੜਾ ਹੁੱਬ ਕੇ ਦੱਸਿਆ ਜਾਂਦਾ ਸੀ ਕਿ ਕੁੜਮ ਪੁਲਿਸ ਦਾ ਬੈਂਡ ਲਿਆ ਰਹੇ ਹਨ। ਜਦੋਂ ਇਹੋ ਬੈਂਡ ਪ੍ਰਾਈਵੇਟ ਤੌਰ ਤੇ ਮਹਿੰਗੇ ਕਰ ਦਿੱਤੇ ਗਏ ਤਾਂ ਲੋਕਾਂ ਨੇ ਪਾਸਾ ਵੱਟ ਲਿਆ। ਮਹਿੰਗਾ ਹੋਣ ਕਰਕੇ ਪੁਲਿਸ ਬੈਂਡ ਦੀ ਕਮਾਈ ਤੇ ਅਸਰ ਪੈ ਗਿਆ ਜਦੋਂਕਿ ਰਹਿਦੀ ਕਸਰ ਨਫਰੀ ਦੀ ਘਾਟ ਨੇ ਪੂਰੀ ਕਰ ਦਿੱਤੀ ਹੈ।
ਪੰਜਾਬ ’ਚ ਦਰਜਨਾਂ ਬੈਂਡ ਮਾਸਟਰਾਂ ਨੇ ਤਾਂ ਵਿਆਹ ਸ਼ਾਦੀਆਂ ਤੇ ਹੋਰ ਸਮਾਗਮਾਂ ਦੌਰਾਨ ਇਸ ਕਿੱਤੇ ਨੂੰ ਰੁਜਗਾਰ ਵਜੋਂ ਅਪਣਾ ਲਿਆ ਪਰ ਪੁਲਿਸ ਬੈਂਡ ਦੀ ਸਰਦਾਰੀ ਬਰਕਰਾਰ ਨਹੀਂ ਰੱਖੀ ਜਾ ਸਕੀ ਹੈ। ਹੀਣ ਭਾਵਨਾ ਕਾਰਨ ਨਵਾਂ ਪੋਚ ਬੈਂਡ ਸਟਾਫ ਵਿੱਚ ਸ਼ਾਮਲ ਹੋਣ ਨੂੰ ਤਿਆਰ ਨਹੀਂ ਹੈ। ਜੇਕਰ ਨਵੀਂ ਭਰਤੀ ਨਾਂ ਕੀਤੀ ਗਈ ਤਾਂ ਉਹ ਦਿਨ ਬਹੁਤੀ ਦੂਰ ਨਹੀਂ ਜਦੋਂ ‘ ਬਠਿੰਡਾ ਪੁਲਿਸ ਦਾ ਬੈਂਡ’ ਵਕਤ ਦੀ ਗਰਦਿਸ਼ ’ਚ ਗੁੰਮ ਹੋ ਜਾਏਗਾ। ਸੂਤਰਾਂ ਮੁਤਾਬਕ ਪੰਜਾਬ ਪੁਲਿਸ ਏਦਾਂ ਦੀਆਂ ਭਰਤੀਆਂ ਲਈ ਸੰਜੀਦਾ ਵੀ ਨਹੀਂ ਹੈ। ਬਠਿੰਡਾ ਛਾਉਣੀ ਕੋਲ ਤਜਰਬੇ ਵਾਲਾ ਬੈਂਡ ਸਟਾਫ ਹੈ ਜੋ ਕਿਸੇ ਸਮਾਗਮ ’ਚ ਰੰਗ ਬੰਨ੍ਹਣ ਲਈ ਕਾਫੀ ਹੈ। ਸਿੱਧੇ ਤੌਰ ਤੇ ਤਾਂ ਅਧਿਕਾਰੀ ਕੁੱਝ ਵੀ ਨਹੀਂ ਕਹਿੰਦੇ ਜਦੋਂਕਿ ਇੱਕ ਅਫਸਰ ਨੇ ਆਫ ਦਾ ਰਿਕਾਰਡ ਕਿਹਾ ਕਿ ਸਾਲ ਵਿੱਚ ਸਿਰਫ ਦੋ ਵਾਰ ਜਰੂਰਤ ਮੌਕੇ ਮੰਗਕੇ ਡੰਗ ਸਾਰਨਾ ਕੀ ਮਾੜਾ ਹੈ।
ਭਰਤੀ ਸਰਕਾਰ ਦਾ ਫੈਸਲਾ: ਐਸਐਸਪੀ
ਜਿਲ੍ਹਾ ਪੁਲਿਸ ਮੁਖੀ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਬਠਿੰਡਾ ’ਚ ਤਾਂ ਕਾਫੀ ਬੈਂਡ ਸਟਾਫ ਹੈ ਜਦੋਂਕਿ ਬਹੁਤੇ ਜ਼ਿਲ੍ਹਿਆਂ ਵਿੱਚ ਤਾਂ ਇਹ ਗਿਣਤੀ ਨਾਂ ਦੇ ਬਰਾਬਰ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜਾਂ ਲਈ ਭਰਤੀ ਨਾਂ ਹੋਣਾ ਵੀ ਬੈਂਡ ਸਟਾਫ ਦੇ ਮੁਲਾਜਮਾਂ ਦੀ ਗਿਣਤੀ ਘਟਣ ਦਾ ਵੱਡਾ ਕਾਰਨ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਉਹ ਇਸ ਸਬੰਧ ’ਚ ਪਤਾ ਲਾਉਣਗੇ। ਉਨ੍ਹਾਂ ਕਿਹਾ ਕਿ ਨਵੀਂ ਭਰਤੀ ਸਬੰਧੀ ਫੈਸਲਾ ਸਰਕਾਰ ਵੱਲੋਂ ਕੀਤਾ ਜਾਣਾ ਹੁੰਦਾ ਹੈ।