Flood Breaking : ਪੰਜਾਬ ਦੀ ਇਕ ਹੋਰ ਨਹਿਰ ਵਿਚ ਪਿਆ ਪਾੜ
ਡੀ ਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਮੌਕੇ ਤੇ ਪੁੱਜੇ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ, 14 ਅਗਸਤ ()
ਅੱਜ ਸਵੇਰੇ ਕਰੀਬ 9 ਵਜੇ ਸਭਰਾਉ ਬਰਾਂਚ ਨਹਿਰ ਵਿਚ ਸਥਾਨਕ ਕਸਬੇ ਨਜ਼ਦੀਕ ਰੇਲਵੇ ਫਾਟਕ ਨਜ਼ਦੀਕ ਪਾੜ ਪੈਣ ਕਾਰਨ ਨੀਵੇਂ ਖੇਤਾਂ ਵਿਚ ਪੰਜ ਛੇ ਫੁੱਟ ਤੋ ਵੱਧ ਪਾਣੀ ਭਰ ਗਿਆ। ਜਿਸ ਨਾਲ ਤਿੰਨ ਪਿੰਡਾ ਦੇ ਕਿਸਾਨ ਦੀ ਫ਼ਸਲ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਈ ਅਤੇ ਪਾਣੀ ਰਈਆ ਨਾਥ ਦੀ ਖੂਹੀ ਨੂੰ ਜਾਂਦੀ ਸੜਕ ਨੂੰ ਪਾਰ ਕਰਕੇ ਦੂਸਰੇ ਪਾਸੇ ਖੇਤਾਂ ਵਿਚ ਜਾਣ ਲੱਗਾ। ਪਿੰਡਾਂ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਸਹਾਇਤਾ ਨਾਲ ਪਾੜ ਪੂਰਨ ਦਾ ਯਤਨ ਕੀਤਾ ਪਰ ਖ਼ਬਰ ਲਿਖੇ ਜਾਣ ਤੱਕ ਪਾੜ ਨੂੰ ਪੂਰਿਆ ਨਹੀਂ ਜਾ ਸਕਿਆ ਸੀ।ਡੀ ਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਮੌਕੇ ਤੇ ਪੁੱਜ ਕਿ ਪੁਲੀਸ ਪ੍ਰਸ਼ਾਸਨ ਪੁਲੀਸ ,ਸਿਵਲ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੂੰ ਪ੍ਰੇਰ ਕੇ ਨਹਿਰ ਦਾ ਪਾੜ ਪੂਰਨ ਲਈ ਖ਼ੁਦ ਕੰਮ ਦੀ ਨਿਗਰਾਨੀ ਕਰ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ ਅਤੇ ਪੰਜਾਬ ਵਿਚ ਪੈ ਰਹੀ ਲਗਾਤਾਰ ਬਰਸਾਤ ਕਾਰਨ ਅੱਜ ਸਵੇਰੇ ਕਰੀਬ 9 ਵਜੇ ਸਥਾਨਕ ਕਸਬੇ ਤੋ ਨਾਥ ਦੀ ਖੂਹੀ ਨੂੰ ਜਾਂਦੀ ਸੜਕ ਤੇ ਰੇਲਵੇ ਫਾਟਕ ਕੋਲ ਸਭਰਾਉ ਬਰਾਂਚ ਨਹਿਰ ਵਿਚ ਜ਼ਿਆਦਾ ਪਾਣੀ ਆਉਣ ਕਾਰਨ ਕਈ ਫੁੱਟ ਲੰਮੇ ਪਏ ਪਾੜ ਕਾਰਨ ਕਿਸਾਨਾਂ ਦੀਆ ਫ਼ਸਲਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਅਤੇ ਖੇਤਾਂ ਵਿਚ ਪੰਜ ਛੇ ਫੁੱਟ ਪਾਣੀ ਭਰ ਗਿਆ। ਉੱਥੇ ਕੁਝ ਸਥਾਨਕ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਨਹਿਰ ਦੇ ਕੰਢੇ ਸੈਂਕੜਿਆਂ ਦੀ ਗਿਣਤੀ ਵਿਚ ਪਸ਼ੂ ਗੁੱਜਰ ਬਰਾਦਰੀ ਦੇ ਲੋਕਾਂ ਵੱਲੋਂ ਚਾਰੇ ਜਾਂਦੇ ਹਨ ਅਤੇ ਨਹਿਰ ਵਿਚ ਪਾਣੀ ਪਿਆਉ ਦੇ ਅਤੇ ਨਹਾਉਂਦੇ ਹਨ ਪਸੂਆ ਦੀ ਨਹਿਰ ਵਿਚ ਆਮਦ ਕਾਰਨ ਨਹਿਰੀ ਕੰਢਾ ਖੁਰ ਗਿਆ ਸੀ ਜਿਸ ਸਬੰਧੀ ਕਈ ਵਾਰ ਨਹਿਰੀ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਸੀ ਪਰ ਉਨ੍ਹਾਂ ਕੋਈ ਧਿਆਨ ਨਾ ਦਿੱਤਾ ਜਿਸ ਕਾਰਨ ਅੱਜ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਬਰਬਾਦ ਹੋ ਗਈ ਹੈ। ਦੂਸਰੇ ਨਹਿਰੀ ਵਿਭਾਗ ਵੱਲੋਂ ਕਦੇ ਵੀ ਨਹਿਰ ਦੇ ਕੰਢਿਆਂ ਦੀ ਸਫ਼ਾਈ ਨਹੀਂ ਕਰਵਾਈ ਗਈ ਜਿਸ ਕਾਰਨ ਦੋਵੇਂ ਪਾਸੇ ਜੰਗਲ ਬਣਿਆ ਹੋਇਆ ਹੈ।ਜਿਸ ਕਾਰਨ ਅੱਜ ਨਹਿਰੀ ਕੰਢਾ ਖੁਰਨ ਕਾਰਨ ਇਹ ਵੱਡੀ ਘਟਨਾ ਵਾਪਰ ਚੁੱਕੀ ਹੈ। ਨਹਿਰੀ ਪਾਣੀ ਦਾ ਵਹਾਅ ਇੰਨਾ ਜ਼ਬਰਦਸਤ ਸੀ ਕਿ ਉਸ ਨੇ ਨੇੜਲੇ ਖੇਤਾਂ ਵਿਚ ਪਾਣੀ ਭਰਨ ਉਪਰੰਤ ਪੰਜ ਛੇ ਫੁੱਟ ਉੱਚੀ ਸੜਕ ਪਾਰ ਕਰਕੇ ਭੱਠੇ ਵਾਲੇ ਪਾਸੇ ਜਿੱਧਰ ਅਬਾਦੀ ਹੈ ਜਾਣਾ ਸ਼ੁਰੂ ਕਰ ਦਿੱਤਾ ਹੈ।ਪ੍ਰਸ਼ਾਸਨ ਵੱਲੋਂ ਰਈਆ ਤੋਂ ਨਾਥ ਦੀ ਖੂਹੀ ਜਾਂਦੀ ਸਾਰੀ ਆਵਾਜਾਈ ਅੱਜ ਬੰਦ ਕਰ ਦਿੱਤੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਲੋਕਾਂ ਅਤੇ ਪ੍ਰਸ਼ਾਸਨ ਵੱਲੋਂ ਨਹਿਰੀ ਪਾੜ ਪੂਰਿਆ ਨਹੀਂ ਜਾ ਸਕਿਆ ਅਤੇ ਪਾਣੀ ਤੇਜ਼ ਵਹਾਅ ਨਾਲ ਚੱਲ ਰਿਹਾ ਸੀ।ਐੱਸ ਡੀ ਐੱਮ ਬਾਬਾ ਬਕਾਲਾ ਅਮਨਪ੍ਰੀਤ ਸਿੰਘ ਨੂੰ ਖ਼ਬਰ ਮਿਲਣ ਤੇ ਤੁਰੰਤ ਨਹਿਰ ਤੇ ਪੁੱਜੇ ਅਤੇ ਉਨ੍ਹਾਂ ਪਾਣੀ ਦਾ ਵਹਾਅ ਘਟਾਉਣ ਲਈ ਨਹਿਰੀ ਵਿਭਾਗ ਕਰਮਚਾਰੀ ਆਖ ਕੇ ਨਹਿਰ ਦੇ ਸਾਰੇ ਗੇਟ ਖੁਲ੍ਹਵਾਏ ਜਿਸ ਨਾਲ ਪਾਣੀ ਦਾ ਪੱਧਰ ਘੱਟ ਹੋਈਆ। ਇਸ ਸਬੰਧੀ ਡੀ ਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ ਅਤੇ ਪੰਜਾਬ ਦੇ ਖੇਤਰਾਂ ਵਿਚ ਲਗਾਤਾਰ ਪੈ ਰਹੀ ਬਰਸਾਤ ਕਾਰਨ ਕਿਸਾਨਾਂ ਵੱਲੋਂ ਖੇਤਾਂ ਵਿਚ ਪਾਣੀ ਲਾਉਣਾ ਬੰਦ ਕਰਨ ਕਰਕੇ ਸਭਰਾਉ ਬਰਾਂਚ ਨਹਿਰ ਵਿਚ ਪਾਣੀ ਦਾ ਪੱਧਰ ਆਮ ਨਾਲੋਂ ਜ਼ਿਆਦਾ ਹੋਣ ਕਾਰਨ ਨਹਿਰੀ ਕੰਢਾ ਖੁਰਨ ਕਾਰਨ ਪਾੜ ਪਿਆ ਹੈ ਜਿਸ ਸਬੰਧੀ ਨਗਰ ਪੰਚਾਇਤ ਰਈਆ, ਪਿੰਡਾਂ ਦੀਆ ਪੰਚਾਇਤਾਂ ਅਤੇ ਨਹਿਰੀ ਵਿਭਾਗ ਵੱਲੋਂ ਮਿਲ ਕੇ ਨਹਿਰ ਦਾ ਪਾੜ ਪੂਰਨ ਲਈ ਕੰਮ ਕੀਤਾ ਜਾ ਰਿਹਾ ਹੈ।ਇਸ ਨਹਿਰੀ ਪਾਣੀ ਕਾਰਨ ਤਿੰਨ ਪਿੰਡਾ ਦੇ ਖੇਤਾਂ ਵਿਚ ਪਾਣੀ ਪ੍ਰਭਾਵਿਤ ਕਰ ਸਕਦਾ ਹੈ ਪਰ ਪਾਣੀ ਘਰਾਂ ਵਿਚ ਨਹੀਂ ਜਾਵੇਗਾ।ਜਿਸ ਵਕਤ ਉਨ੍ਹਾਂ ਦਾ ਧਿਆਨ ਨਹਿਰੀ ਵਿਭਾਗ ਦੀ ਅਣਗਹਿਲੀ ਅਤੇ ਗੁੱਜਰ ਬਰਾਦਰੀ ਦੇ ਪਸੂਆਂ ਵੱਲੋਂ ਕੰਢਾ ਖੁਰਨ ਕਾਰਨ ਵਾਪਰਨ ਵੱਲ ਦਿਵਾਇਆ ਉਨ੍ਹਾਂ ਇਸ ਦਾ ਕੋਈ ਸੰਤੁਸ਼ਟੀ ਜਨਕ ਜਵਾਬ ਨਾ ਦਿੱਤਾ। ਇਸ ਮੌਕੇ ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ, ਐੱਸ ਡੀ ਐੱਮ ਬਾਬਾ ਬਕਾਲਾ ਅਮਨਪ੍ਰੀਤ ਸਿੰਘ, ਡੀ ਐੱਸ ਪੀ ਬਾਬਾ ਬਕਾਲਾ ਧਰਮਿੰਦਰ ਕਲਿਆਣ,ਡੀ ਐੱਸ ਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ , ਨਹਿਰੀ ਵਿਭਾਗ ਦੇ ਐੱਸ ਡੀ ਉ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਈਆ, ਨਗਰ ਪੰਚਾਇਤ ਰਈਆ ਦੇ ਅਧਿਕਾਰੀ ਪੁੱਜੇ ਹੋਏ ਸਨ। ਇਸ ਮੌਕੇ ਕਾਂਗਰਸ ਪਾਰਟੀ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਭੰਡਾਰੀ ਵੀ ਪੁੱਜੇ ਹੋਏ ਸਨ।