ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਕਮੀ ਕਰਨ ਲਈ ਪ੍ਰਭਾਵਸ਼ਾਲੀ ਵਿਉਂਤਬੰਦੀ ਕੀਤੀ ਗਈ: ਮੁੱਖ ਖੇਤੀਬਾੜੀ ਅਫ਼ਸਰ
- ਵਿਭਾਗੀ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਅਧਿਕਾਰੀਆਂ ਦੀ ਮਹੀਨਾਵਾਰ ਮੀਟਿੰਗ ਹੋਈ
ਰੋਹਿਤ ਗੁਪਤਾ
ਗੁਰਦਾਸਪੁਰ: 09 ਅਗਸਤ 2025 - ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਜ਼ਿਲਾ ਗੁਰਦਾਸਪੁਰ ਵਿਚ ਲਈ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਮੁੱਖ ਖ਼ੇਤੀਬਾੜੀ ਦਫਤਰ ਵਿਚ ਮਹੀਨਾਵਾਰ ਮੀਟਿੰਗ ਹੋਈ ਜਿਸ ਵਿਚ ਹੋਰਨਾਂ ਤੋਂ ਇਲਾਵਾ ਡਾ. ਸੁਖਬੀਰ ਸਿੰਘ, ਡਾਕਟਰ ਗਗਨਦੀਪ ਸਿੰਘ, ਡਾ.ਮਨਪ੍ਰੀਤ ਸਿੰਘ , ਡਾ.ਗੁਰਪ੍ਰੀਤ ਸਿੰਘ,ਡਾਕਟਰ ਸ਼ਾਹਬਾਜ ਸਿੰਘ ਚੀਮਾ,ਡਾਕਟਰ ਪਰਮਿੰਦਰ ਸਿੰਘ ,ਡਾਕਟਰ ਰਸ਼ਪਾਲ ਸਿੰਘ,ਡਾਕਟਰ ਜਰਮਨਜੀਤ ਸਿੰਘ ਸਮੂਹ ਖੇਤੀਬਾੜੀ ਅਫ਼ਸਰ,ਡਾ. ਹਰਮਨਦੀਪ ਸਿੰਘ, ਡਾ. ਅੰਮ੍ਰਿਤਪਾਲ ਸਿੰਘ,ਡਾ.ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਮੇਤ ਸਮੂਹ ਖੇਤੀਬਾੜੀ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਮੁੱਖ ਕੰਮ ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਨਵੀਨਤਮ ਖੇਤੀ ਤਕਨੀਕਾਂ ਨੂੰ ਪਸਾਰ ਸਿੱਖਿਆ ਦੇ ਵੱਖ ਵਖ ਮਾਧਿਅਮਾਂ ਰਾਹੀਂ ਕਿਸਾਨਾਂ ਤਕ ਪਹੁੰਚਾਉਣਾ ਹੈ । ਉਨਾਂ ਦੱਸਿਆ ਕਿ ਇਸ ਮਕਸਦ ਲਈ ਸੋਸ਼ਲ ਮੀਡੀਆ ਦਾ ਵਰਤੋਂ ਕਰਦਿਆਂ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਜੋਂ ਬਹੁਤ ਹੀ ਪ੍ਰਭਾਵਸ਼ਾਲੀ ਸਿੱਧ ਹੋ ਰਿਹਾ ।ਉਨਾਂ ਕਿਹਾ ਕਿ ਸਾਲ 2024-25 ਦੌਰਾਨ ਜ਼ਿਲਾ ਗੁਰਦਾਸਪੁਰ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ 199 ਦਰਜ ਕੀਤੀਆਂ ਗਈਆਂ ਸਨ ਜੋਂ ਸਾਲ 2023 ਦੇ ਮੁਕਾਬਲੇ ਕਰੀਬ 48 ਫੀਸਦੀ ਘੱਟ ਸਨ।
ਉਨਾਂ ਕਿਹਾ ਕਿ ਇਸ ਸਾਲ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਲਈ ਹੁਣ ਤੋਂ ਹੀ ਵਿਉਂਤਬੰਦੀ ਕਰ ਦਿੱਤੀ ਗਈ ਹੈ ਜਿਸ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 15 ਅਗਸਤ ਤੋਂ ਬਾਅਦ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਸੰਭਾਲਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨਾਂ ਕਿਹਾ ਕਿ ਝੋਨੇ ਦੀ ਕਟਾਈ ਲਈ ਕੰਬਾਈਨ ਹਾਰਵੈਸਟਰ ਤੇ ਸੁਪਰ ਐਸ ਐਸ ਐਸ ਲਗਾਉਣਾ ਜ਼ਰੂਰੀ ਹੋਵੇਗਾ। ਉਨਾਂ ਕਿਹਾ ਜ਼ਿਲ੍ਹਾ ਗੁਰਦਾਸਪੁਰ ਵਿੱਚ 131 ਸੁਪਰ ਐਸ ਐਸ ਐਸ ਸਬਸਿਡੀ ਤੇ ਕੰਬਾਈਨ ਹਾਰਵੈਸਟਰਾਂ ਦੇ ਮਾਲਕਾਂ ਨੂੰ ਸਬਸਿਡੀ ਤੇ ਉਪਲਬਧ ਕਰਵਾਏ ਗਏ ਹਨ। ਉਨਾਂ ਕਿਹਾ ਕਿ ਹਾੜ੍ਹੀ ਸੀਜ਼ਨ ਵਿਚ ਕਣਕ ਦੀ ਬਿਜਾਈ ਲਈ ਲੋੜੀਂਦੀ ਡੀ ਏ ਪੀ ਖਾਦ ਦੀਆਂ ਹੋਰ ਬਦਲਵੀਆਂ ਖਾਦਾਂ ਜਿੰਨੇ ਟ੍ਰਿਪਲ ਸੁਪਰ ਫਾਸਫੇਟ,ਸਿੰਗਲ ਸੁਪਰ ਫਾਸਫੇਟ ,ਕਿਸਾਨ ਖਾਦ ਬਾਰੇ ਕਿਸਾਨਾਂ ਨੁੰ ਜਾਗਰੂਕ ਕੀਤਾ ਜਾਵੇਗਾ ਤਾਂ ਜੋਂ ਕਣਕ ਦੀ ਬਿਜਾਈ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾਂ ਆਵੇ।
ਉਨ੍ਹਾਂ ਕਿਹਾ ਕਿ ਫ਼ਸਲੀ ਰਹਿੰਦ ਖੂਹੰਦ ਦੀ ਸਾਂਭ ਸੰਭਾਲ ਲਈ ਲੋੜੀਂਦੀ ਖੇਤੀ ਮਸੀਨਰੀ ਦੀ ਭੌਤਿਕੀ ਵੈਰੀਫਿਕੇਸ਼ਨ ਦਾ ਕੰਮ 20 ਅਗਸਤ ਤੱਕ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋਂ ਲਾਭਪਾਤਰੀਆਂ ਦੇ ਖਾਤਿਆਂ ਵਿਚ ਸਬਸਿਡੀ ਦੀ ਰਕਮ ਸਮੇਂ ਸਿਰ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਮਿਆਰੀ ਖਾਦਾਂ ਦੀ ਉਪਲਬਧਤਾ ਕਰਵਾਉਣ ਲਈ 85 ਖਾਦਾਂ ਦੇ ਨਮੂਨੇ ਭਰੇ ਗਏ ਜਿਨ੍ਹਾਂ ਵਿਚੋਂ 8 ਗੈਰ ਮਿਆਰੀ ਪਾਏ ਗਏ ਹਨ ਅਤੇ ਸਬੰਧਤ ਖਾਦ ਵਿਕਰੇਤਾਵਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 75 ਨਮੂਨੇ ਕੀਟਨਾਸ਼ਕਾਂ ਦੇ ਭਰੇ ਗਏ ਜਿਨ੍ਹਾਂ ਵਿਚੋਂ ਇੱਕ ਨਮੂਨਾ ਗੈਰ ਮਿਆਰੀ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਯੂਰੀਆ ਖਾਦ ਦੀ ਕਾਲਾਬਜ਼ਾਰੀ ਜਾਂ ਜਮਾਂ ਖੋਰੀ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਿਛਲੇ ਦਿਨੀਂ ਵੀ ਆਰ ਵੀ ਇੰਡਸਟਰੀ ਖਿਲਾਫ ਯੂਰੀਆ ਖਾਦ ਦੀ ਕਾਲ਼ਾ ਬਾਜ਼ਾਰੀ ਕਰਨ ਦੇ ਦੋਸ਼ ਤਹਿਤ ਮੁਕਦਮਾ ਵੀ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਸਮੂਹ ਖੇਤੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖੇਤੀ ਮਸ਼ੀਨਰੀ ਦੀ ਪਿੰਡ ਪੱਧਰ ਤੇ ਮੈਪਿੰਗ ਦਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇ। ਉਨਾਂ ਦੱਸਿਆ ਕਿ ਪਸਾਰ ਸੇਵਾਵਾਂ ਤੋਂ ਇਲਾਵਾ ਦੂਜਾ ਮੁੱਖ ਕੰਮ ਕਿਸਾਨਾਂ ਨੁੰ ਮਿਆਰੀ ਖੇਤੀ ਸਮਗਰੀ ਮੁਹਈਆ ਕਰਵਾਉਣੀ ਹੈ ਇਸ ਮਕਸਦ ਲਈ ਖਾਦਾਂ,ਬੀਜ ਅਤੇ ਕੀਟਨਾਸ਼ਕ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਜਿੰਨਾ ਡੀਲਰਾਂ ਦੇ ਸੈਂਪਲ ਗੈਰ ਮਿਆਰੀ ਪਏ ਹੈ ਹਨ ਉਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ।ਉਨਾਂ ਕਿਹਾ ਕਿ ਜ਼ਿਲਾ ਗੁਰਦਾਸਪੁਰ ਵਿਚ ਝੋਨੇ ਹੇਠੋਂ 1054 ਹੈਕ ਰਕਬਾ ਕੱਢ ਕੇ ਮੱਕੀ ਹੇਠ ਲਿਆਂਦਾ ਗਿਆ ਹੈ ਅਤੇ ਮੱਕੀ ਕਾਸ਼ਤਕਾਰਾਂ ਨੂੰ ਪੰਜਾਬ ਸਰਕਾਰ ਵਲੋਂ 17500/- ਰੁਪਏ ਪ੍ਰਤੀ ਹੈਕ. ਦਿੱਤੇ ਜਾਣਗੇ।ਉਨਾਂ ਦੱਸਿਆ ਕਿ ਮਿੱਟੀ ਵਿਚ ਸਲਫ਼ਰ ਅਤੇ ਕੈਲਸ਼ੀਅਮ ਖੁਰਾਕੀ ਤੱਤ ਦੀ ਪੂਰਤੀ ਲਈ ਜ਼ਿਪਸਮ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 50 ਫੀਸਦੀ ਉਪਦਾਨ ਤੇ ਮੁਹਈਆ ਕਰਵਾਇਆ ਜਾ ਰਿਹਾ ਹੈ ਅਤੇ ਕੋਈ ਵੀ ਕਿਸਾਨ ਸਬੰਧਤ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦਾ ਹੈ। ਉਨਾਂ
ਸਮੂਹ ਬਲਾਕ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਖ ਵਖ ਸਕੀਮਾਂ ਤਹਿਤ ਮਿਥੇ ਟੀਚੇ ਚਾਲੂ ਮਾਲੀ ਸਾਲ ਦੌਰਾਨ ਹਰ ਹਾਲਤ ਵਿੱਚ ਮੁਕੰਮਲ ਕੀਤੇ ਜਾਣ ।