ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ ਰੱਖੀ "ਬੰਦੀ ਸਿੰਘ ਰਿਹਾਈ ਕਾਨਫਰੰਸ"-ਰਿਕਾਰਡਤੋੜ ਇਕੱਠ ਦਾ ਦਾਆਵਾ
- ਪੰਥ ਅਤੇ ਪੰਜਾਬ ਦੇ ਭਲੇ ਲਈ ਸਾਰੇ ਵਰਗ ਮਿਲਕੇ ਅਕਾਲੀ ਦਲ ( ਵਾਰਿਸ ਪੰਜਾਬ ਦੇ ) ਦਾ ਸਾਥ ਦੇਣ : ਬਾਪੂ ਤਰਸੇਮ ਸਿੰਘ
ਅੰਮ੍ਰਿਤਸਰ 9 ਅਗਸਤ 2025 - ਅਕਾਲੀ ਦਲ ( ਵਾਰਿਸ ਪੰਜਾਬ ਦੇ ) ਵੱਲੋਂ "ਸਾਚਾ ਗੁਰ ਲਾਧੋ ਰੇ" ਦਿਵਸ ਤੇ ਬਾਬਾ ਬਕਾਲਾ ਸਾਹਿਬ ਵਿਖੇ ਬੰਦੀ ਸਿੰਘ ਰਿਹਾਈ ਸਬੰਧੀ ਹੋਈ ਕਾਨਫਰੰਸ ਵਿਚ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀ ਹੁਣ ਆਪਣੇਂ ਹੱਕਾਂ ਅਤੇ ਪੰਥਕ ਮਸਲਿਆਂ ਉਤੇ ਇੱਕਮੁੱਠ ਹਨ।
ਇਸ ਪੰਥਕ ਕਾਨਫਰੰਸ ਵਿੱਚ ਅਕਾਲੀ ਦਲ ( ਵਾਰਿਸ ਪੰਜਾਬ ਦੇ ) ਦੀ ਸਮੁੱਚੀ ਲੀਡਰਸ਼ਿਪ ਜਿੰਨਾਂ ਵਿੱਚ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ, ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ, ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਸੁਰਜੀਤ ਸਿੰਘ, ਭਾਈ ਹਰਭਜਨ ਸਿੰਘ ਤੁੜ, ਭਾਈ ਪਰਮਜੀਤ ਸਿੰਘ ਜੌਹਲ, ਐਡਵੋਕੇਟ ਇਮਾਨ ਸਿੰਘ ਖਾਰਾ, ਚਾਚਾ ਪ੍ਰਗਟ ਸਿੰਘ, ਬਾਬਾ ਰਾਜ ਸਿੰਘ ਰਾਜਾ, ਚਾਚਾ ਪ੍ਰਗਟ ਸਿੰਘ, ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਕਾਬਲ ਸਿੰਘ ਭੁੱਲਰ, ਭਾਈ ਪਰਮਿੰਦਰ ਸਿੰਘ ਝੋਟਾ, ਭਾਈ ਨਵਦੀਪ ਸਿੰਘ ਜਲਬੇੜਾ, ਭਾਈ ਪ੍ਰਿਥੀਪਾਲ ਸਿੰਘ, ਬੀਬੀ ਸਤਨਾਮ ਕੌਰ ਪਟਿਆਲਾ, ਭਾਈ ਪ੍ਰਗਟ ਸਿੰਘ ਮੀਆਂਵਿੰਡ, ਭਾਈ ਜਸਵਿੰਦਰ ਸਿੰਘ ਡਰੌਲੀ, ਭਾਈ ਕਰਨਵੀਰ ਸਿੰਘ, ਭਾਈ ਚਮਕੌਰ ਸਿੰਘ ਧੁੰਨ, ਭਾਈ ਦਲਜੀਤ ਸਿੰਘ ਜਵੰਦਾ, ਭਾਈ ਅਮਨਦੀਪ ਸਿੰਘ ਡੱਡੂਆਣਾਂ, ਐਡਵੋਕੇਟ ਅਜੇਪਾਲ ਸਿੰਘ ਢਿਲੋਂ, ਭਾਈ ਸੁਖਦੇਵ ਸਿੰਘ ਕਾਦੀਆਂ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਚਰਨਦੀਪ ਸਿੰਘ ਭਿੰਡਰ, ਭਾਈ ਸਰਬਜੀਤ ਸਿੰਘ ਖਾਨਕੋਟ, ਭਾਈ ਭੁਪਿੰਦਰ ਸਿੰਘ ਗੱਦਲੀ, ਭਾਈ ਰਜਿੰਦਰ ਸਿੰਘ, ਭਾਈ ਜੁਗਰਾਜ ਸਿੰਘ ਲਾਲਾਨੰਗਲ, ਭਾਈ ਸਤਿੰਦਰਜੀਤ ਸਿੰਘ ਪਠਾਨਕੋਟ, ਬਾਬਾ ਜਰਮਨਜੀਤ ਸਿੰਘ ਅਤੇ ਡਾਕਟਰ ਮੇਹਰਦੀਨ ਤੋਂ ਇਲਾਵਾ ਪੰਜਾਬ ਭਰ ਤੋਂ ਜਿਲਾ ਕਮੇਟੀ ਮੈਂਬਰ, ਸਰਪੰਚ ਅਤੇ ਵਰਕਰ ਸਾਹਿਬਾਨ ਹਾਜ਼ਰ ਸਨ।
ਇਹ ਇਤਿਹਾਸਕ ਕਾਨਫ਼ਰੰਸ ਰਿਕਾਰਡਤੋੜ ਇਕੱਠ ਦੇ ਨਾਲ ਸਿੱਖ ਕੌਮ ਦੀ ਆਵਾਜ਼ ਨੂੰ ਗੂੰਜਦਿਆਂ ਹੋਇਆਂ ਦੱਸ ਰਹੀ ਸੀ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ, ਪੁਰਾਣੇ ਹੋਣ ਜਾਂ ਨਵੇਂ, ਚਾਹੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਹੋਣ ਜਾਂ ਹੋਰ ਸਿੱਖ ਕੈਦੀ ਉਹ ਸਾਰੇ ਹੁਣ ਰਿਹਾਈ ਦੇ ਹੱਕਦਾਰ ਹਨ। ਸਰਕਾਰ ਵੱਲੋਂ ਸ਼ਰੇਆਮ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਦਬਾਅ ਦੀ ਨੀਤੀ ਨੂੰ ਸਿੱਧਾ ਚੁਣੌਤੀ ਦਿੰਦਿਆਂ, ਪੰਥ ਨੇ ਆਵਾਜ਼ ਬੁਲੰਦ ਕੀਤੀ ਕਿ ਹੁਣ ਇਕੱਜੁੱਟ ਹੋਕੇ ਹੱਕਾਂ ਲਈ ਸੰਘਰਸ਼ ਕੀਤਾ ਜਾਵੇ। ਕਾਨਫਰੰਸ ਦੌਰਾਨ ਲੈਂਡ ਪੂਲਿੰਗ ਨੀਤੀ ਦਾ ਤਿੱਖਾ ਵਿਰੋਧ ਕੀਤਾ ਗਿਆ ਜਿਸ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸਟੇਜ ਤੋਂ ਅਕਾਲੀ ਦਲ ( ਵਾਰਿਸ ਪੰਜਾਬ ਦੇ ) ਬੁਲਾਰਿਆਂ ਨੇ ਸਾਂਝੇ ਰੂਪ 'ਚ ਬੋਲਦਿਆਂ ਕਿਹਾ ਕਿ ਪੰਜਾਬ ਦੀਆਂ ਜਮੀਨਾਂ ਤੋਂ ਪੰਜਾਬ ਦੇ ਕਿਸਾਨਾਂ ਨੂੰ ਬੇਦਖਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਕਾਲੀ ਦਲ ( ਵਾਰਿਸ ਪੰਜਾਬ ਦੇ ) ਕਦੀ ਵੀ ਕਾਮਯਾਬ ਨਹੀਂ ਹੋਣ ਦੇਵੇਗਾ। ਉਹਨਾਂ ਨੇ ਪੰਜਾਬ ਵਿਚ ਚੱਲ ਰਹੀ ਨਸ਼ੇ ਦੀ ਲਹਿਰ ਨੂੰ ਰੋਕਣ ਲਈ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਲਹਿਰ ਨੂੰ ਯਾਦ ਕਰਦਿਆਂ ਕਾਨਫਰੰਸ ਵਿੱਚ ਇਹ ਸਪਸ਼ਟ ਕੀਤਾ ਕਿ ਸਰਕਾਰਾਂ ਦੀ ਲਾਚਾਰੀ ਅਤੇ ਨੀਤੀ ਰਹਿਤ ਸਿਸਟਮ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।
ਇਸ ਇਤਿਹਾਸਕ ਮੰਚ ਤੋਂ ਪੰਜਾਬੀ ਭਾਸ਼ਾ ਨੂੰ ਸਿੱਖਿਆ ਨੀਤੀ ਰਾਹੀਂ ਹਟਾਉਣ ਦੇ ਜਤਨ, ਸਿੱਖ ਇਤਿਹਾਸ ਨੂੰ ਲੋੜੀਂਦੇ ਦਰਜੇ ਨਾਂ ਦੇਣ ਅਤੇ ਸਿੱਖੀ ਦੀ ਪਹਿਚਾਣ ਖ਼ਤਰੇ ਵਿੱਚ ਪਾਉਣ ਵਾਲੇ ਸਰਕਾਰੀ ਫੈਸਲਿਆਂ ਦੀ ਭਰਪੂਰ ਨਿੰਦਿਆ ਕੀਤੀ ਗਈ। ਅਖੀਰ ਵਿੱਚ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, “ਇਹ ਇਕੱਠ ਸਿਰਫ਼ ਇਕ ਰੈਲੀ ਨਹੀਂ, ਇਹ ਪੰਜਾਬੀਅਤ, ਸਿੱਖੀ ਅਤੇ ਜ਼ਮੀਨ ਨਾਲ ਜੁੜੇ ਹੱਕਾਂ ਦੀ ਆਵਾਜ਼ ਹੈ। ਸਮਾਂ ਆ ਗਿਆ ਹੈ ਕਿ ਸਾਰੇ ਵਰਗ ਇੱਕ ਹੋ ਕੇ ਅਕਾਲੀ ਦਲ ( ਵਾਰਿਸ ਪੰਜਾਬ ਦੇ) ਦੀ ਅਗਵਾਈ 'ਚ ਆਪਣੀ ਧਰਤੀ, ਆਪਣੀਂ ਭਾਸ਼ਾ ਅਤੇ ਪੰਥਕ ਹਿਤਾਂ ਦੀ ਰਖਵਾਲੀ ਕਰਨ ਲਈ ਅੱਗੇ ਆਉਣ ਤੇ ਅਵਾਜ਼ ਬੁਲੰਦ ਕਰਨ। ਕਾਨਫਰੰਸ ਦੇ ਅੰਤ 'ਤੇ ਇਹ ਸਪਸ਼ਟ ਸੰਦੇਸ਼ ਦਿੱਤਾ ਗਿਆ ਕਿ ਇਹ ਲਹਿਰ ਹੁਣ ਰੁਕੇਗੀ ਨਹੀਂ। ਜਦ ਤੱਕ ਪੰਜਾਬੀਆਂ ਨੂੰ ਸਾਰੇ ਹੱਕ ਨਹੀਂ ਮਿਲਦੇ।