ਦੇਸ਼ ਦੁਨੀਆਂ ਦੇ ਭਖ਼ਦੇ ਮੁੱਦਿਆਂ 'ਤੇ ਕੇਂਦਰਤ ਹੋਏਗਾ ਗੁਲਾਬ ਕੌਰ ਨੂੰ ਸਮਰਪਤ ਮੇਲਾ ਗ਼ਦਰੀ ਬਾਬਿਆਂ ਦਾ
* ਗ਼ਦਰੀ ਝੰਡਾ ਲਹਿਰਾਉਣਗੇ ਕਮੇਟੀ ਮੈਂਬਰ ਦਰਸ਼ਨ ਖਟਕੜ
* 30 ਅਕਤੂਬਰ ਤੋਂ 2 ਨਵੰਬਰ ਸਰਘੀ ਵੇਲੇ ਤੱਕ ਚੱਲੇਗਾ ਮੇਲਾ
ਜਲੰਧਰ 9 ਅਗਸਤ 2025 - 30, 31 ਅਕਤੂਬਰ ਅਤੇ ਪਹਿਲੀ ਨਵੰਬਰ ਸਾਰਾ ਦਿਨ ਸਾਰੀ ਰਾਤ ਹੋਣ ਵਾਲਾ 34ਵਾਂ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਸਾਮਰਾਜ, ਫਾਸ਼ੀਵਾਦ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਆਦਿਵਾਸੀਆਂ ਦੇ ਕਤਲੇਆਮ, ਉਜਾੜੇ, ਕੁਦਰਤੀ ਖਣਿਜ ਪਦਾਰਥਾਂ ਉਪਰ ਦੇਸੀ ਬਦੇਸੀ ਕਾਰਪੋਰੇਟ ਘਰਾਣਿਆਂ ਦਾ ਧਾਵਾ, ਲੈਂਡ ਪੂਲਿੰਗ ਨੀਤੀ, ਔਰਤਾਂ ਦੀ ਸਮਾਜਕ ਬਰਾਬਰੀ, ਗ਼ਦਰੀ ਦੇਸ਼ ਭਗਤਾਂ ਦੇ ਸੁਪਨਿਆਂ ਦਾ ਆਜ਼ਾਦ, ਖੁਸ਼ਹਾਲ ਨਵਾਂ ਨਰੋਆ ਸਮਾਜ ਸਿਰਜਣ ਲਈ ਲੋਕ ਸੰਗਰਾਮ ਜਾਰੀ ਰੱਖਣ ਦਾ ਪੈਗ਼ਾਮ ਦੇਣ ਨੂੰ ਪ੍ਰਣਾਇਆ ਹੋਏਗਾ।
ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ (1925-2025) ਨੂੰ ਸਮਰਪਤ ਇਸ ਮੇਲੇ ਦੇ ਸਿਖਰਲੇ ਦਿਨ ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦਰਸ਼ਨ ਖਟਕੜ ਅਦਾ ਕਰਨਗੇ। ਇਸ ਉਪਰੰਤ ਦਰਜਣਾਂ ਕਲਾਕਾਰਾਂ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਵਰਕਸ਼ਾਪ ਲਗਾ ਕੇ ਤਿਆਰ ਕੀਤਾ ਓਪੇਰਾ ਰੂਪੀ ਅਮੋਲਕ ਸਿੰਘ ਦਾ ਲਿਖਿਆ ਝੰਡੇ ਦਾ ਗੀਤ 'ਖਿੜਦੇ ਰਹਿਣਗੇ ਗ਼ਦਰੀ ਗੁਲਾਬ' ਹੋਏਗਾ।
ਸਾਰਾ ਦਿਨ ਗੀਤ-ਸੰਗੀਤ, ਵਿਚਾਰ-ਚਰਚਾ, ਭਖ਼ਦੇ ਮਸਲਿਆਂ 'ਤੇ ਬੁਲਾਰੇ ਆਪਣੇ ਵਿਚਾਰ ਰੱਖਣਗੇ। ਸਾਰੀ ਰਾਤ ਨਾਟਕਾਂ ਅਤੇ ਗੀਤਾਂ ਭਰੀ ਹੋਏਗੀ। ਦਿਨ ਵੇਲੇ ਢੁਕਵੇਂ ਵਿਸ਼ਿਆਂ ਉਪਰ ਮੁਲਕ ਦੇ ਜਾਣੇ-ਪਹਿਚਾਣੇ ਵਿਦਵਾਨਾਂ ਮੁਹੰਮਦ ਯੂਸਫ਼ ਤਾਰੀਗਾਮੀ (ਜੰਮੂ-ਕਸ਼ਮੀਰ) ਅਤੇ ਡਾ. ਨਵਸ਼ਰਨ ਨੂੰ ਬੁਲਾਵਾ ਭੇਜਿਆ ਜਾ ਰਿਹਾ ਹੈ।
ਤਿੰਨ ਰੋਜ਼ਾ ਮੇਲਾ 30 ਅਕਤੂਬਰ ਸ਼ਾਮ 4 ਵਜੇ ਸ਼ੁਰੂ ਹੋਣ ਵਾਲਾ ਮੇਲਾ ਹੋਏਗਾ ''ਪੁਸਤਕ ਸਭਿਆਚਾਰ ਦੀ ਸ਼ਾਮ: ਪਾਬੰਦੀ ਸ਼ੁਦਾ ਕਿਤਾਬਾਂ ਦੇ ਨਾਮ''। ਇਸ ਰੋਜ਼ ਹੀ ਸ਼ੁਰੂ ਹੋ ਜਾਏਗੀ ਕਲਾ ਅਤੇ ਫੋਟੋ ਪ੍ਰਦਰਸ਼ਨੀ।
31 ਅਕਤੂਬਰ ਦਿਨ ਵੇਲੇ ਕੁਇਜ਼, ਗਾਇਨ, ਭਾਸ਼ਣ ਅਤੇ ਪੇਂਟਿੰਗ ਮੁਕਾਬਲਾ ਹੋਏਗਾ। ਇਸ ਰੋਜ਼ ਦੁਪਹਿਰ ਵੇਲੇ ਵਿਚਾਰ-ਚਰਚਾ ਹੋਏਗੀ। ਜਿਸ ਵਿੱਚ 'ਫਾਸ਼ੀਵਾਦ ਅਤੇ ਭਾਰਤੀ ਲੋਕਤੰਤਰ' ਅਤੇ 'ਸਾਮਰਾਜ ਅਤੇ ਵਿਸ਼ਵ ਵਪਾਰ ਦਾ ਦੁਨੀਆਂ ਭਰ ਦੇ ਲੋਕਾਂ ਉਪਰ ਹੱਲਾ' ਵਿਸ਼ੇ ਉਪਰ ਚਰਚਾ ਹੋਏਗੀ ਜਿਸ ਨੂੰ ਮੁਲਕ ਦੇ ਚੋਟੀ ਦੇ ਵਿਦਵਾਨ ਸੰਬੋਧਨ ਕਰਨਗੇ। ਇਸ ਸ਼ਾਮ ਹੋਏਗਾ ਕਵੀ ਦਰਬਾਰ ਜੋ ਔਰਤ ਮੁੱਦਿਆਂ ਅਤੇ ਔਰਤ ਸ਼ਕਤੀ 'ਤੇ ਕੇਂਦਰਤ ਹੋਏਗਾ।
31 ਅਕਤੂਬਰ ਸ਼ਾਮ: 'ਫ਼ਲਸਤੀਨ ਅਤੇ ਕਬਾਇਲੀ ਲੋਕਾਂ ਦੇ ਨਾਮ' ਦਸਤਾਵੇਜ਼ੀ ਫ਼ਿਲਮਾਂ ਦੀ ਸਕਰੀਨਿੰਗ ਹੋਏਗੀ।
ਤਿੰਨ ਰੋਜ਼ਾ ਮੇਲੇ ਮੌਕੇ ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ਗ਼ਦਰੀ ਸ਼ਹੀਦ ਹਾਫ਼ਿਜ਼ ਅਬਦੁੱਲਾ ਨਗਰ ਦਾ ਨਾਮ ਦਿੱਤਾ ਜਾਏਗਾ ਜੋ ਕਿ ਗ਼ਦਰੀ ਗੁਲਾਬ ਕੌਰ ਅਤੇ ਹੋਰ ਗ਼ਦਰੀਆਂ ਨਾਲ ਸਰਗਰਮ ਯੋਗਦਾਨ ਪਾਉਂਦਾ ਰਿਹਾ।
ਪੁਸਤਕ ਪ੍ਰਦਰਸ਼ਨੀ ਦੇ ਪੰਡਾਲ ਨੂੰ 'ਗ਼ਦਰੀ ਸ਼ਹੀਦ ਰਹਿਮਤ ਅਲੀ ਵਜ਼ੀਦਕੇ ਨਗਰ' ਅਤੇ ਪ੍ਰਮੁੱਖ ਪੰਡਾਲ ਨੂੰ 'ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਕੋਟਲਾ ਨੌਧ ਸਿੰਘ ਪੰਡਾਲ' ਦਾ ਨਾਮ ਦਿੱਤਾ ਜਾਏਗਾ।
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਦਫ਼ਤਰ ਵਿੱਚ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਹੋਈ ਮੀਟਿੰਗ 'ਚ ਲਏ ਮਹੱਤਵਪੂਰਣ ਫੈਸਲਿਆਂ ਦੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ 'ਚ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਬੰਦ ਕਰਨ, ਗਾਜ਼ਾ 'ਚੋਂ ਫੌਜਾਂ ਬਾਹਰ ਕੱਢਣ ਅਤੇ ਫ਼ਲਸਤੀਨ, ''ਫ਼ਲਸਤੀਨ ਦੇ ਲੋਕਾਂ ਦਾ, ਨਹੀਂ ਇਜ਼ਰਾਇਲੀ ਅਤੇ ਅਮਰੀਕੀ ਜੋਕਾਂ ਦਾ'' ਆਵਾਜ਼ ਬੁਲੰਦ ਕੀਤੀ ਗਈ। ਇੱਕ ਹੋਰ ਮਤੇ ਰਾਹੀਂ ਆਦਿਵਾਸੀ ਇਲਾਕਿਆਂ, ਜੰਗਲ, ਜਲ, ਜ਼ਮੀਨ, ਕੁਦਰਤੀ ਸਰੋਤਾਂ ਨੂੰ ਖੋਹਣ ਪਏ ਕਾਰਪੋਰੇਟ ਘਰਾਣਿਆਂ ਦਾ ਡਟਵਾਂ ਵਿਰੋਧ ਕਰਦੇ ਹੋਏ ਆਦਿਵਾਸੀਆਂ ਅਤੇ ਕਮਿਊਨਿਸਟ ਇਨਕਲਾਬੀਆਂ ਦੇ ਕਤਲੇਆਮ ਬੰਦ ਕਰਨ ਦਾ ਮਤਾ ਪਾਸ ਕੀਤਾ ਗਿਆ।
ਜੰਮੂ-ਕਸ਼ਮੀਰ ਅਤੇ ਮੁਲਕ ਦੇ ਹੋਰਨਾਂ ਖੇਤਰਾਂ ਅੰਦਰ ਖਾਸ ਕਰਕੇ ਨਾਮਵਰ ਵਿਦਵਾਨਾਂ ਦੀਆਂ 25 ਕਿਤਾਬਾਂ ਉਪਰ ਮੜ੍ਹੀ ਪਾਬੰਦੀ ਦਾ ਵਿਰੋਧ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ। ਭਾਸ਼ਾ, ਲੋਕ ਸਾਹਿਤ ਉਪਰ ਹੱਲੇ ਅਤੇ ਆਧਾਰ ਕਾਰਡਾਂ ਉਪਰੋਂ ਪੰਜਾਬੀ ਬੋਲੀ ਦੀ ਫੱਟੀ ਪੋਚਣ ਦਾ ਵੀ ਜਨਰਲ ਬਾਡੀ ਨੇ ਤਿੱਖਾ ਵਿਰੋਧ ਕੀਤਾ।
ਜਨਰਲ ਬਾਡੀ ਮੀਟਿੰਗ 'ਚ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਤੋਂ ਇਲਾਵਾ ਕਮੇਟੀ ਮੈਂਬਰ ਹਾਜ਼ਰ ਸਨ।
ਮੀਟਿੰਗ ਦਾ ਆਗਾਜ਼ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ, ਕਾਮਰੇਡ ਗੁਰਦਿਆਲ ਸਿੰਘ ਪਹਾੜਪੁਰ, ਕਾਕੋਰੀ ਕਾਂਢ ਦੇ ਸ਼ਹੀਦਾਂ (9 ਅਗਸਤ 1925), ਕਾਲ਼ਿਆਂ ਵਾਲਾ ਖੂਹ ਦੇ ਸ਼ਹੀਦਾਂ, ਸ਼ਹੀਦ ਊਧਮ ਸਿੰਘ ਅਤੇ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੀ ਵਿਛੋੜਾ ਸ਼ਤਾਬਦੀ ਨੂੰ ਖੜ੍ਹੇ ਹੋ ਕੇ ਸਲਾਮ ਕਰਨ ਨਾਲ ਹੋਇਆ।