ਅਕਾਲੀ ਦਲ ਵਾਰਸ ਪੰਜਾਬ ਦੀ ਕਾਨਫ਼ਰੰਸ: ਸਰਕਾਰਾਂ ਸਿੱਖਾਂ 'ਤੇ ਕਰ ਰਹੀਆਂ ਜ਼ੁਲਮ - ਤਰਸੇਮ ਸਿੰਘ
- ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ, 9 ਅਗਸਤ 2025 - ਪੰਜਾਬ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਸਿੱਖਾਂ ਤੇ ਜ਼ੁਲਮ ਕਰ ਰਹੀ ਹੈ ਅਤੇ ਸਿੱਖਾਂ ਨੂੰ ਬਿਨਾਂ ਵਜਾ ਜੇਲ੍ਹਾਂ ਵਿਚ ਬੰਦ ਕਰਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਇਹ ਸਬਦ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਅਕਾਲੀ ਫਾਰਮ ਦੇ ਕੋਲ ਰੱਖੀ ਕਾਨਫ਼ਰੰਸ ਵਿਚ ਸੰਬੋਧਨ ਕਰਦਿਆਂ ਕਹੇ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਪੰਜਾਬ ਭਰ ਤੋ ਸੰਗਤਾਂ ਵੱਡੇ ਇਕੱਠ ਵਜੋਂ ਇੱਥੇ ਪਹੁੰਚੀਆਂ ਹਨ।
ਇਸ ਭਾਰੀ ਇਕੱਠ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਜਿੰਨਾ ਜ਼ੁਲਮ ਹੋਵੇਗਾ, ਉਨ੍ਹਾਂ ਹੀ ਵਿਰੋਧ ਹੋਵੇਗਾ ਅਤੇ ਲੋਕਾਂ ਦੇ ਵੱਡੇ ਇਕੱਠੇ ਹੋਣਗੇ। ਉਹਨਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਸਿੱਖ ਕੌਮ ਦੇ ਮਾਣ ਹੈ, ਜਿਨ੍ਹਾਂ ਨੇ ਕੌਮ ਦੀ ਇੱਜ਼ਤ ਲਈ ਵੱਡੀ ਕੁਰਬਾਨੀਆਂ ਦਿੱਤੀਆਂ। ਇਸ ਲਈ ਪੂਰੀ ਕੌਮ ਉਹਨਾਂ ਦੇ ਨਾਲ ਖੜੀ ਹੈ। ਪੰਜਾਬ ਦੇ ਮਸਲਿਆਂ 'ਤੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੋ ਇਲਾਵਾ ਬੇਅਦਬੀ ਦੇ ਮਾਮਲੇ, ਲੈਂਡ ਪੂਲਿੰਗ ਦੇ ਮਸਲੇ ਅਤੇ ਨੌਜਵਾਨਾਂ 'ਤੇ ਝੂਠੇ ਕੇਸ ਦਰਜ ਕਰਕੇ ਸਾਲਾਂ ਜੇਲਾਂ ਵਿੱਚ ਬੰਦ ਰੱਖਣਾ ਇਹ ਸਭ ਮੁੱਦੇ ਸਾਡੇ ਸਾਹਮਣੇ ਹਨ।
ਇਸ ਮੌਕੇ ਫ਼ਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰ ਕੇ ਸ਼ਰੇਆਮ ਸਿੱਖਾਂ ਨਾਲ ਧੱਕਾ ਕਰ ਰਹੀ ਹੈ ਪਰ ਇਹ ਹੁਣ ਛੋਟੀ ਜਿਹੀ ਗੱਲ ਨਹੀਂ ਰਹੀ ਇਹ ਹੁਣ ਬਹੁਤ ਜਲਦੀ ਲੋਕ ਸੰਘਰਸ਼ ਦਾ ਰੂਪ ਧਾਰਨ ਕਰੇਗਾ। ਇਸ ਮੌਕੇ ਸਾਬਕਾ ਅਕਾਲ ਤਖ਼ਤ ਦੇ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ।
ਇਸ ਮੌਕੇ ਪਰਮਜੀਤ ਸਿੰਘ ਜੋਹਲ, ਜਰਮਨਜੀਤ ਸਿੰਘ ,ਚਰਨਜੀਤ ਸਿੰਘ ਭਿੰਡਰ, ਸੁਖਚੈਨ ਸਿੰਘ ਚਾਚਾ, ਪ੍ਰਗਟ ਸਿੰਘ,ਭਗਵੰਤ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਆਗੂਆਂ ਨੇ ਸੰਬੋਧਨ ਕੀਤਾ।