ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਸਥਾਨਾਂ ਦੀ ਬਦਲੀ ਜਾਵੇਗੀ ਨੁਹਾਰ - ਈਟੀਓ
- ਬਾਬਾ ਬਕਾਲਾ ਸਾਹਿਬ ਹਲਕੇ ਦੀ ਕੋਈ ਵੀ ਸੜਕ ਕੱਚੀ ਨਹੀਂ ਰਹਿਣ ਦੇਵਾਂਗੇ - ਟੌਂਗ
- ਐਂਟੀ ਡਰੋਨ ਸਿਸਟਮ ਸਰਹੱਦ ਤੋਂ ਹੁੰਦੀ ਤਸਕਰੀ ਕਰਨਗੇ ਬੰਦ - ਧਾਲੀਵਾਲ
ਬਾਬਾ ਬਕਾਲਾ ਸਾਹਿਬ, 9 ਅਗਸਤ 2025 - ਸਾਚਾ ਗੁਰੂ ਲਾਧੋ ਰੇ ਦਿਵਸ ਅਤੇ ਰੱਖੜ ਪੁੰਨਿਆ ਦੇ ਮੌਕੇ ਉੱਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਸੰਗਤਾਂ ਨੂੰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ, ਸ੍ਰੀ ਅਰਵਿੰਦ ਕੇਜਰੀਵਾਲ, ਸ੍ਰੀ ਮਨੀਸ਼ ਸਿਸ਼ੋਦੀਆ ਅਤੇ ਪਾਰਟੀ ਪ੍ਰਧਾਨ ਸ੍ਰੀ ਅਮਨ ਅਰੋੜਾ ਵੱਲੋਂ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਗਰੰਟੀਆਂ ਵੋਟਾਂ ਤੋਂ ਪਹਿਲਾਂ ਲੋਕਾਂ ਨੂੰ ਦਿੱਤੀਆਂ ਸਨ, ਉਹ ਲਗਭਗ ਪੂਰੀਆਂ ਕਰ ਦਿੱਤੀਆਂ ਹਨ।
ਉਹਨਾਂ ਨੇ ਸਰਕਾਰ ਵੱਲੋਂ ਹਰ ਘਰ ਨੂੰ 600 ਯੂਨਿਟ ਮੁਫਤ ਬਿਜਲੀ ਸਪਲਾਈ, ਬਿਜਲੀ ਵਿੱਚ ਕੀਤੇ ਵੱਡੇ ਸੁਧਾਰ, ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਉਹ ਵੀ ਦਿਨ ਦੇ ਸਮੇਂ ਅਤੇ ਪੰਜਾਬ ਸਰਕਾਰ ਵੱਲੋਂ ਨਿਜੀ ਖੇਤਰ ਤੋਂ ਖਰੀਦੇ ਗਏ ਥਰਮਲ ਪਲਾਂਟ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਮੁਨਾਫੇ ਲਈ ਜੋ ਗੋਰਖ ਧੰਦਾ ਕੋਲੇ ਦੀ ਖਰੀਦ ਵਿੱਚ ਚਲਾਇਆ ਸੀ, ਨੂੰ ਬੰਦ ਕਰਕੇ ਅਸੀਂ ਆਪਣੀ ਕੋਲ ਖਾਣ ਸ਼ੁਰੂ ਕੀਤੀ ਹੈ, ਜਿਸ ਨਾਲ ਬਿਜਲੀ ਵਿਭਾਗ ਨੂੰ ਵੱਡਾ ਆਰਥਿਕ ਲਾਹਾ ਮਿਲਿਆ ਹੈ ਅਤੇ ਅੱਜ ਬਿਜਲੀ ਵਿਭਾਗ 2500 ਕਰੋੜ ਰੁਪਏ ਤੋਂ ਵੱਧ ਦੇ ਮੁਨਾਫੇ ਵਿੱਚ ਹੈ।
ਉਹਨਾਂ ਨੇ ਇਸ ਮੌਕੇ ਦੱਸਿਆ ਕਿ ਛੇਤੀ ਹੀ ਮੁੱਖ ਮੰਤਰੀ ਹਰ ਘਰ ਨੂੰ 10 ਲੱਖ ਰੁਪਏ ਦਾ ਮੈਡੀਕਲ ਬੀਮਾ ਦੇਣ ਜਾ ਰਹੇ ਹਨ, ਜਿਸ ਨਾਲ ਆਮ ਆਦਮੀ ਦੀ ਜੇਬ ਉੱਤੇ ਪੈਂਦਾ ਦਵਾਈਆਂ ਦਾ ਭਾਰ ਸਦਾ ਲਈ ਦੂਰ ਹੋ ਜਾਵੇਗਾ। ਯੁੱਧ ਨਸ਼ਿਆਂ ਵਿਰੁੱਧ ਦੀ ਗੱਲ ਕਰਦੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਸਾਡੇ ਮੰਤਰੀ, ਵਿਧਾਇਕ, ਹਲਕਾ ਇੰਚਾਰਜ ਅਤੇ ਹੋਰ ਪਾਰਟੀ ਆਗੂ 7000 ਤੋਂ ਵੱਧ ਪਿੰਡਾਂ ਤੇ ਸ਼ਹਿਰਾਂ ਵਿੱਚ ਨਸ਼ੇ ਨੂੰ ਰੋਕਣ ਲਈ ਘਰ ਘਰ ਦਸਤਕ ਦੇ ਚੁੱਕੇ ਹਨ। ਇਸ ਦਾ ਇਹ ਅਸਰ ਪਿਆ ਹੈ ਕਿ 4000 ਤੋਂ ਵੱਧ ਪੰਚਾਇਤਾਂ ਨੇ ਲਿਖ ਕੇ ਦੇ ਦਿੱਤਾ ਹੈ ਕਿ ਅਸੀਂ ਨਸ਼ੇ ਵੇਚਣ ਵਾਲਿਆਂ ਦਾ ਸਾਥ ਨਹੀਂ ਦੇਵਾਂਗੇ। ਉਹਨਾਂ ਕਿਹਾ ਕਿ ਇਹ ਯੁੱਧ ਲਗਾਤਾਰ ਜਾਰੀ ਹੈ ਅਤੇ ਨਸ਼ਾ ਤਸਕਰ ਚਾਹੇ ਉਹ ਕਿੰਨੀ ਵੀ ਵੱਡੀ ਪਹੁੰਚ ਰੱਖਦਾ ਹੋਵੇ ,ਨੂੰ ਸਜ਼ਾ ਦਿੱਤੀ ਜਾਵੇਗੀ।
ਉਹਨਾਂ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਦਾ ਜ਼ਿਕਰ ਕਰਦਿਆਂ ਵੱਧ ਤੋਂ ਵੱਧ ਸੰਗਤਾਂ ਨੂੰ ਇਹਨਾਂ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ 5 ਸਤੰਬਰ ਤੋਂ ਪਹਿਲਾਂ ਅਨੰਦਪੁਰ ਸਾਹਿਬ ਵਿੱਚ ਭਾਈ ਜੈਤਾ ਜੀ ਦੀ ਯਾਦਗਰ ਜੋ ਕਿ ਕਰੀਬ 20 ਕਰੋੜ ਰੁਪਏ ਨਾਲ ਬਣਾਈ ਜਾ ਰਹੀ ਹੈ, ਦਾ ਉਦਘਾਟਨ ਕਰਕੇ ਇਹਨਾਂ ਪ੍ਰੋਗਰਾਮਾਂ ਨੂੰ ਰਸਮੀ ਤੌਰ ਉਤੇ ਸ਼ੁਰੂ ਕਰ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਪਿੰਡਾਂ ਅਤੇ ਸ਼ਹਿਰਾਂ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾਵੇਗੀ। ਉਹਨਾਂ ਕਿਹਾ ਕਿ ਸਾਢੇ ਤਿੰਨ ਸਾਲ ਵਿੱਚ ਜਿੰਨੇ ਕੰਮ ਸ੍ਰ ਭਗਵੰਤ ਸਿੰਘ ਮਾਨ ਸਰਕਾਰ ਨੇ ਕੀਤੇ ਹਨ, ਉਨੇ ਕੰਮ 75 ਸਾਲਾਂ ਵਿੱਚ ਸਰਕਾਰਾਂ ਨਹੀਂ ਕਰ ਸਕੀਆਂ।
ਇਸ ਮੌਕੇ ਸੰਬੋਧਨ ਕਰਦੇ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਹੱਦ ਉੱਤੇ ਨਸ਼ੇ ਦੀ ਤਸਕਰੀ ਰੋਕਣ ਲਈ ਸ਼ੁਰੂ ਕੀਤੀ ਗਈ ਐਂਟੀ ਡਰੋਨ ਸਿਸਟਮ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸਾਡੇ ਪੰਜਾਬ ਵਿੱਚ ਹੁੰਦੀ ਤਸਕਰੀ ਬੰਦ ਹੋਵੇਗੀ ਅਤੇ ਜਿਸ ਨਾਲ ਨਸ਼ੇ ਦਾ ਕਾਰੋਬਾਰ ਸਦਾ ਲਈ ਬੰਦ ਹੋ ਜਾਵੇਗਾ।
ਹਲਕਾ ਵਿਧਾਇਕ ਸ ਦਲਬੀਰ ਸਿੰਘ ਟੌਂਗ ਨੇ ਕਾਨਫਰੰਸ ਵਿੱਚ ਪਹੁੰਚੇ ਹਲਕੇ ਦੇ ਲੀਡਰਾਂ, ਸੰਗਤ ਅਤੇ ਆਗੂਆਂ ਦਾ ਧੰਨਵਾਦ ਕਰਦੇ ਦੱਸਿਆ ਕਿ ਕਿਸ ਤਰ੍ਹਾਂ ਸਿੱਖਿਆ ਅਤੇ ਸਿਹਤ ਵਿੱਚ ਵੱਡੇ ਸੁਧਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਹਲਕੇ ਦੀਆਂ 60% ਤੋਂ ਵੱਧ ਸੜਕਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਬਾਕੀ ਰਹਿੰਦੀਆਂ ਸੜਕਾਂ ਵੀ ਜਲਦੀ ਬਣਾ ਦਿੱਤੀਆਂ ਜਾਣਗੀਆਂ। ਉਹਨਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਵੱਡੇ ਪ੍ਰੋਗਰਾਮ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਮੈਂ ਆਪਣੇ ਹਲਕੇ ਵਿੱਚ 200 ਤੋਂ ਵੱਧ ਸਕੂਲਾਂ ਵਿੱਚੋਂ 130 ਸਕੂਲਾਂ ਵਿੱਚ ਲੋਂੜੀਦਾ ਮੁਢਲਾ ਢਾਂਚਾ ਪੂਰਾ ਕਰਨ ਲਈ ਵਿਕਾਸ ਕੰਮ ਕਰਵਾ ਚੁੱਕਾ ਹਾਂ ਅਤੇ ਬਾਕੀ ਸਕੂਲਾਂ ਵਿੱਚ ਵੀ ਛੇਤੀ ਕੰਮ ਪੂਰੇ ਕਰਕੇ ਉਦਘਾਟਨ ਕੀਤੇ ਜਾਣਗੇ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਤੇ ਵਿਧਾਇਕ ਸਾਹਿਬਾਨ ਨੇ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਿਆ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ ਜਸਵਿੰਦਰ ਸਿਘ ਰਮਦਾਸ, ਵਿਧਾਇਕ ਸ ਅਮਰਪਾਲ ਸਿੰਘ ਸ੍ਰੀ ਹਰਗੋਬਿੰਦਪੁਰ ਸਾਹਿਬ, ਵਿਧਾਇਕ ਸ ਗੁਰਦੀਪ ਸਿੰਘ ਰੰਧਾਵਾ, ਚੇਅਰਮੈਨ ਸ੍ਰੀ ਰਮਨ ਬਹਿਲ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ, ਐਸਡੀਐਮ ਸ ਅਮਨਪ੍ਰੀਤ ਸਿੰਘ, ਸ੍ਰੀ ਗੁਰਪ੍ਰਤਾਪ ਸਿੰਘ ਸੰਧੂ, ਸ ਜਸਬੀਰ ਸਿੰਘ ਸੁਰ ਸਿੰਘ, ਸ ਜਗਰੂਪ ਸਿੰਘ ਸੇਖਵਾਂ ਹਲਕਾ ਇੰਚਾਰਜ ਕਾਦੀਆਂ, ਸ ਤਲਬੀਰ ਸਿੰਘ ਗਿੱਲ, ਪ੍ਰਧਾਨ ਸੁਰਜੀਤ ਸਿੰਘ ਕੰਗ, ਸ੍ਰੀ ਸੰਜੀਵ ਭੰਡਾਰੀ, ਸ੍ਰੀ ਸ਼ਮਸ਼ੇਰ ਸਿੰਘ ਦੀਨਾਨਗਰ, ਬਲਬੀਰ ਸਿੰਘ ਪੰਨੂ ਫਤਿਹਗੜ੍ਹ ਚੂੜੀਆਂ, ਸ ਕੁਲਦੀਪ ਸਿੰਘ ਮਥਰੇਵਾਲ, ਸ ਤਰਸੇਮ ਸਿੰਘ ਸਿਆਲਕਾ ਅਤੇ ਹੋਰ ਆਗੂ ਵੀ ਹਾਜ਼ਰ ਸਨ।