ਗੱਤੇ ਦੇ ਡੱਬੇ ਦਾ ਵਜ਼ਨ ਮਿਠਾਈਆਂ ਸਣੇ ਤੋਲ ਕੇ ਗਾਹਕਾਂ ਦੀ ਅੰਨ੍ਹੀ ਲੁੱਟ ਕਰ ਰਹੇ ਦੁਕਾਨਦਾਰ
ਨਾਪ ਤੋਲ ਵਿਭਾਗ ਦੀ ਟੀਮ ਕੁੰਭਕਰਨੀ ਨੀਂਦ ਸੁੱਤੀ, ਸਮਾਜ ਸੇਵੀ ਨੇ ਉੱਚ ਅਧਿਕਾਰੀਆਂ ਨੂੰ ਭੇਜੀ ਸ਼ਿਕਾਇਤ
ਸੁਖਮਿੰਦਰ ਭੰਗੂ
ਲੁਧਿਆਣਾ, 9 ਅਗਸਤ 2025
ਰੱਖੜੀ, ਦੁਸਹਿਰਾ ਅਤੇ ਦੀਵਾਲੀ ਵਰਗੇ ਵੱਡੇ ਤਿਉਹਾਰਾਂ ਦੇ ਨਾਲ ਹੀ ਵਿਆਹ-ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਜਿਸ ਦਾ ਫਾਇਦਾ ਚੁਕ ਕਈ ਹਲਵਾਈ ਅਤੇ ਦੁਕਾਨਦਾਰ ਮਹਿੰਗੀ ਕੀਮਤ ਵਾਲੀਆਂ ਮਠਿਆਈਆਂ ਦੇ ਨਾਲ ਗੱਤੇ ਦੇ ਡੱਬੇ ਦਾ ਵਜ਼ਨ ਤੋਲ ਕੇ ਗਾਹਕਾਂ ਦੀ ਅੰਨ੍ਹੀ ਲੁੱਟ ਕਰਨ ਲਈ ਸਰਗਰਮ ਹੋ ਚੁੱਕੇ ਹਨ।
ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਸਮੇਂ ਭਾਈ ਦੂਜ , ਰੱਖੜੀ, ਕ੍ਰਿਸ਼ਨ ਜਨਮ ਅਸ਼ਟਮੀ, ਦੁਸਹਿਰਾ ਤੇ ਦੀਵਾਲੀ ਦੇ ਸ਼ੁਭ ਮੌਕੇ 'ਤੇ, ਤੋਲਿਆ ਜਾਂਦਾ ਹੈ । ਬਹੁਤ ਸਾਰੀਆਂ ਚੀਜ਼ਾਂ ਖਾਸ ਕਰਕੇ ਮਿਠਾਈਆਂ ਦਾ ਤੋਲ ਕੀਤਾ ਜਾਂਦਾ ਹੈ, ਭਾਵੇਂ ਉਹ ਕਿੰਨੀਆਂ ਵੀ ਮਹਿੰਗੀਆਂ ਕਿਉਂ ਨਾ ਹੋਣ। ਮਠਿਆਈਆਂ ਅਤੇ ਵੱਧ ਰੇਟ ਵਾਲੀਆਂ ਮਠਿਆਈਆਂ (1000/1200 ਅਤੇ ਇਸ ਤੋਂ ਵੱਧ ਜੋ ਡੱਬਿਆਂ ਵਿੱਚ ਪੈਕ ਕੀਤੀਆਂ ਜਾਂਦੀਆਂ ਹਨ, ਮੌਕੇ 'ਤੇ ਹੀ ਤੋਲੀਆਂ ਜਾਂਦੀਆਂ ਹਨ। ਗਾਹਕਾਂ ਨੂੰ ਖੁੱਲ੍ਹੇਆਮ ਲੁੱਟਿਆ ਜਾ ਰਿਹਾ ਹੈ।
ਹਾਲਾਂਕਿ ਜ਼ਿਆਦਾਤਰ ਦੁਕਾਨਦਾਰਾਂ ਅਤੇ ਹਲਵਾਈਆਂ ਵਲੋਂ ਆਪਣੀ ਦੁਕਾਨਾਂ 'ਤੇ ਸਪੈਸ਼ਲ ਬੋਰਡ ਲਗਾ ਕੇ ਖਰੀਦਦਾਰਾਂ ਨੂੰ ਪੈਕਿੰਗ ਵਾਲੇ ਡੱਬੇ ਦੀ ਵੱਖਰੇ ਤੌਰ 'ਤੇ ਕੀਮਤ ਦੱਸੀ ਜਾ ਰਹੀ ਹੈ, ਜਿਸ 'ਚ ਮਿਠਾਈ ਦਾ ਪੂਰਾ ਵਜ਼ਨ ਤੋਲ ਕੇ ਦਿੱਤਾ ਜਾ ਰਿਹਾ ਹੈ ਪਰ ਕਈ ਦੁਕਾਨਦਾਰ ਗਾਹਕਾਂ ਨੂੰ ਜਾਗਰੂਕ ਕਰਨ ਅਤੇ ਗਾਹਕਾਂ ਨੂੰ ਇਸ ਅਹਿਮ ਮਾਮਲੇ ਦੀ ਜਾਣਕਾਰੀ ਨਾ ਹੋਣ ਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਉਨ੍ਹਾਂ ਦੀ ਜੇਬ ਕੱਟਣ ਦੀ ਸਾਜ਼ਿਸ਼ ਰਚ ਰਹੇ ਹਨ।
ਉਕਤ ਮਾਮਲੇ ਨੂੰ ਲੈ ਕੇ ਆਰ. ਟੀ. ਆਈ. ਐਕਟੀਵਿਸਟ ਅਤੇ ਉੱਘੇ ਸਮਾਜ ਸੇਵੀ ਅਰਵਿੰਦ ਸ਼ਰਮਾ ਵਲੋਂ ਨਾਪ ਤੋਲ ਵਿਭਾਗ ਦੇ ਮੁਲਾਜ਼ਮਾਂ ਦੇ ਕੁੰਭਕਰਨੀ ਨੀਂਦ 'ਚ ਸੁੱਤੇ ਹੋਣ ਦਾ ਹਵਾਲਾ ਦਿੰਦੇ ਹੋਏ ਵਿਭਾਗ ਦੇ ਅਸਿਟੈਂਟ ਕੰਟਰੋਲਰ ਨੂੰ ਵਿਆਹ-ਸ਼ਾਦੀਆਂ ਦੇ ਸੀਜ਼ਨ 'ਚ ਵੱਖ-ਵੱਖ ਟੀਮਾਂ ਗਠਿਤ ਕਰ ਕੇ ਸ਼ਹਿਰ ਵਾਸੀਆਂ ਦੀ ਲੁੱਟ-ਖਸੁੱਟ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਸਮੇਤ ਦੁਕਾਨਾਂ 'ਤੇ ਨੋਟਿਸ ਬੋਰਡ ਲਗਾਉਣ ਦੇ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ, ਤਾਂ ਕਿ ਆਮ ਜਨਤਾ ਨੂੰ ਇਸ ਗੱਲ ਦੀ ਸਹੀ ਜਾਣਕਾਰੀ ਮਿਲ ਸਕੇ ਕਿ ਵੱਖਰੇ ਤੌਰ 'ਤੇ ਡੱਬੇ ਦੀ ਕੀਮਤ ਚੁਕਾਉਣ 'ਤੇ ਉਨ੍ਹਾਂ ਨੂੰ ਕਿੰਨੀ ਬੱਚਤ ਹੋ ਸਕਦੀ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਇਸ ਮਹੱਤਵਪੂਰਨ ਮਾਮਲੇ 'ਚ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਕਿ ਠੱਗੀ ਦਾ ਸ਼ਿਕਾਰ ਨਾ ਬਣਨ। ਕੀ ਤੋਲ ਅਤੇ ਨਾਪ ਵਿਭਾਗ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਸ ਸਭ ਦੀ ਜਾਂਚ ਕਰੇਗਾ? ਕੀ ਕਾਨੂੰਨ ਲਾਗੂ ਕੀਤਾ ਜਾਵੇਗਾ?
ਇਸ ਬਾਰੇ ਜਦੋਂ ਅਸਿਸਟੈਂਟ ਕੰਟਰੋਲਰ ਵੇਟ ਐਂਡ ਮਈਰਮੈਂਟ ਮਨੋਹਰ ਸਿੰਘ ਲੁਧਿਆਣਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇਸ ਬਾਰੇ ਇਹ ਸ਼ਿਕਾਇਤ ਅੱਗੇ ਆਪਣੇ ਹੈਡ ਆਫਿਸ ਪਟਿਆਲਾ ਡਿਵੀਜ਼ਨ ਭੇਜ ਦਿੱਤੀ ਹੈ। ਇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।