ਘਨੌਰ ਦੇ 40 ਪਿੰਡਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ
- ਕੋਹਲੇ ਮਾਜਰਾ ਸਮੇਤ ਵੱਖ-ਵੱਖ ਥਾਈ ਚੱਲ ਰਹੇ ਪ੍ਰੋਜੈਕਟ ਦਾ ਵਿਭਾਗੀ ਟੀਮ ਨੇ ਲਿਆ ਜਾਇਜ਼ਾ
- ਵਿਧਾਇਕ ਗੁਰਲਾਲ ਘਨੌਰ ਵੱਲੋਂ ਸਿੰਚਾਈ ਲਈ ਜਲਦੀ ਨਹਿਰੀ ਪਾਣੀ ਉਪਲਬਧ ਕਰਾਉਣ ਦੇ ਨਿਰਦੇਸ਼
ਘਨੌਰ, 12 ਜੁਲਾਈ 2025 - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਕਿਸਾਨਾਂ ਨੂੰ ਖੇਤੀ ਸਿੰਚਾਈ ਲਈ ਨਹਿਰੀ ਪਾਣੀ ਉਪਲਬਧ ਕਰਵਾਉਣ ਦੀ ਯੋਜਨਾ ਤਹਿਤ ਹਲਕਾ ਘਨੌਰ ਵਿੱਚ ਚੱਲ ਰਹੇ ਪ੍ਰੋਜੈਕਟ ਦਾ ਵਿਭਾਗੀ ਐਕਸੀਅਨ ਗੁਰਸ਼ਰਨ ਸਿੰਘ ਵਿਰਕ ਅਤੇ ਜ਼ਿਲ੍ਹਾ ਜ਼ੈਲਦਾਰ ਗੁਰਸ਼ਰਨ ਸਿੰਘ ਨੇ ਆਪਣੀ ਟੀਮ ਐਸ ਡੀ ਓ, ਜੇਈ ਆਦਿ ਨਾਲ ਦੌਰਾ ਕਰਕੇ ਕੰਮਾਂ ਦਾ ਜਾਇਜ਼ਾ ਲਿਆ।
ਉਹਨਾਂ ਕੋਹਲੇ ਮਾਜਰਾ ਸਮੇਤ ਕਈ ਪਿੰਡਾਂ ਵਿੱਚ ਚੱਲ ਰਹੇ ਨਵੀਨੀਕਰਨ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਕੰਮ ਤੇਜ਼ ਕਰਨ ਦੇ ਆਦੇਸ਼ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਐਕਸੀਅਨ ਗੁਰਸ਼ਰਨ ਸਿੰਘ ਵਿਰਕ ਨੇ ਦੱਸਿਆ ਕਿ ਘਨੌਰ ਹਲਕੇ ਦੇ 40 ਪਿੰਡਾਂ ਨੂੰ ਖੇਤਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਉਪਲਬਧ ਕਰਵਾਉਣ ਦੇ ਪ੍ਰੋਜੈਕਟ ਤਹਿਤ ਪਾਈਪ ਲਾਈਨਾਂ, ਸੂਏ, ਕੱਸੀਆਂ ਅਤੇ ਨਵੀਂਆਂ ਪੁਲੀਆਂ ਝਾਲਾ (ਮੈਨਰਾ) ਦਾ ਨਵੀਨੀਕਰਨ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਮਐਲਏ ਗੁਰਲਾਲ ਘਨੌਰ ਦੀ ਅਗਵਾਈ ਹੇਠ ਇਹ ਯਤਨ ਕਿਸਾਨਾਂ ਲਈ ਵੱਡੀ ਰਾਹਤ ਵਾਲਾ ਸਾਬਤ ਹੋਵੇਗਾ। ਇਸ ਨਾਲ ਧਰਤੀ ਹੇਠਲੇ ਪਾਣੀ ਦੀ ਬੇਹਿਸਾਬ ਖਪਤ ਨੂੰ ਰੋਕਣ ਅਤੇ ਖੇਤਾਂ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ਵਿੱਚ ਮਦਦ ਮਿਲੇਗੀ।
ਐਕਸੀਅਨ ਵਿਰਕ ਨੇ ਕਿਹਾ ਕਿ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ ਨਹਿਰੀ ਪਾਣੀ ਵੱਲ ਮੋੜ ਰਹੀ ਹੈ। ਉਹਨਾਂ ਅਪੀਲ ਕੀਤੀ ਕਿ ਕਿਸਾਨ ਡ੍ਰਿਪ ਸਿਸਟਮ, ਫੁਹਾਰਾ ਸਿਸਟਮ ਅਤੇ ਬੈੱਡ ਪ੍ਰਣਾਲੀ ਵਰਗੀਆਂ ਤਕਨੀਕਾਂ ਅਪਣਾਉਣ ਨਾਲ ਪਾਣੀ ਦੀ ਬਚਤ ਕਰਨ ਅਤੇ ਮੀਂਹ ਵਾਲੇ ਪਾਣੀ ਨੂੰ ਸੁਰੱਖਿਅਤ ਕਰਨ ਵੱਲ ਵੀ ਧਿਆਨ ਦੇਣ।
ਇਸ ਮੌਕੇ ਐਮ ਐਲ ਏ ਗੁਰਲਾਲ ਘਨੌਰ ਦੇ ਪੀ ਏ ਗੁਰਤਾਜ ਸਿੰਘ ਸੰਧੂ ਸ਼ਾਹਪੁਰ ਅਫਗਾਨਾ ਨੇ ਕਿਹਾ ਕਿ ਹਲਕਾ ਵਿਧਾਇਕ ਗੁਰਲਾਲ ਘਨੌਰ ਵੱਲੋਂ ਹਰੇਕ ਪਿੰਡ ਦੇ ਕਿਸਾਨਾਂ ਤੱਕ ਸਿੰਚਾਈ ਲਈ ਨਹਿਰੀ ਪਾਣੀ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਪ੍ਰਾਜੈਕਟ ਰਾਹੀਂ ਘਨੌਰ ਦੇ ਚਾਲੀ ਪਿੰਡਾ ਨੂੰ ਖੇਤੀਬਾੜੀ ਲਈ ਨਹਿਰੀ ਪਾਣੀ ਜਲਦੀ ਪੁੱਜਦਾ ਕਰਨ ਲਈ ਵਿਧਾਇਕ ਗੁਰਲਾਲ ਘਨੌਰ ਵੱਲੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਉਕਤ ਪ੍ਰੋਜੈਕਟ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ।ਜਦ ਕਿ ਹਲਕਾ ਘਨੌਰ ਦੇ ਸ਼ੰਭੂ ਬਲਾਕ ਦੇ ਪਿੰਡਾਂ ਨੂੰ ਬਨੂੰੜ ਕਨਾਲ ਰਾਹੀ ਭੂਰੀਮਾਜਰਾ, ਸ਼ੰਭੂ, ਖੈਰਪੁਰ, ਹਸਨਪੁਰ ਮੈਨਰ ਤੋਂ ਰਜਵਾਹਾ ਚਤਰਨਗਰ, ਨੋਗਾਵਾ, ਸਲੇਮਪੁਰ ਅਤੇ ਮੇਨ ਸੂਏ ਰਾਹੀ ਬੀਪੁਰ, ਜਖੇਪਲ, ਬਠੌਣੀਆ, ਮੰਡਿਆਣਾ, ਸੁਹਰੋ ਆਦਿ ਪਿੰਡਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਾ ਚੁੱਕਾ ਹੈ।
ਗੁਰਤਾਜ ਸਿੰਘ ਸੰਧੂ ਨੇ ਕਿਹਾ ਕਿ ਇਹ ਸਾਰਾ ਕੰਮ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਕਿਸਾਨਾਂ ਨੂੰ ਆਗਾਮੀ ਖੇਤੀ ਮੌਸਮ ਤੋਂ ਪਹਿਲਾਂ ਹੀ ਪੂਰੀ ਤਰ੍ਹਾਂ ਨਹਿਰੀ ਪਾਣੀ ਉਪਲਬਧ ਹੋਵੇਗਾ।ਇਸ ਮੌਕੇ ਵੱਖ -ਵੱਖ ਪਿੰਡਾਂ ਦੇ ਕਿਸਾਨਾਂ ਨੇ ਮਾਨ ਸਰਕਾਰ ਅਤੇ ਵਿਧਾਇਕ ਗੁਰਲਾਲ ਘਨੌਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਯਤਨਾਂ ਨਾਲ ਘਨੌਰ ਹਲਕੇ ਦੇ ਕਿਸਾਨਾਂ ਦੀਆਂ ਪੁਰਾਣੀਆਂ ਮੰਗਾਂ ਪੂਰੀਆਂ ਹੋ ਰਹੀਆਂ ਹਨ।ਇਸ ਮੌਕੇ ਵਿਭਾਗ ਦੇ ਐਸਡੀਓ, ਜੇ ਈ ਅਤੇ ਸਬੰਧਤ ਵਿਭਾਗ ਦੇ ਪਟਵਾਰੀ ਆਦਿ ਮੌਜੂਦ ਸਨ।