ਝੋਨੇ ਦੀ ਸੁਪਰੀਮ 110 ਕਿਸਮ ਦੇ ਪੱਤਿਆਂ ਦਾ ਰੰਗ ਵੇਖ ਕੇ ਵੱਧ ਯੂਰੀਆ ਨਾਂ ਵਰਤੀ ਜਾਵੇ: ਮੁੱਖ ਖੇਤੀਬਾੜੀ ਅਫ਼ਸਰ
ਸਿਫਾਰਸ਼ ਤੋਂ ਵੱਧ ਯੂਰੀਆ ਵਰਤਣ ਨਾਲ ਫ਼ਸਲ ਦਾ ਪ੍ਰਾਲ਼ ਵਧਦਾ ਹੈ ਅਤੇ ਝਾੜ ਘਟਦਾ ਹੈ
ਰੋਹਿਤ ਗੁਪਤਾ
ਗੁਰਦਾਸਪੁਰ: 13 ਜੁਲਾਈ
ਝੋਨੇ ਅਤੇ ਬਾਸਮਤੀ ਦੀ ਲਵਾਈ ਦਾ ਕੰਮ ਤਕਰੀਬਨ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਇੱਕ ਲੱਖ ਬਹੱਤਰ ਹਜ਼ਾਰ ਹੈਕਟੇਅਰ ਰਕਬੇ ਵਿੱਚ ਲਵਾਈ ਹੋਈ ਹੈ । ਇਸ ਬਾਰੇ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਰੀਕ ਸਿੰਘ ਨੇ ਦਸਿਆ ਕਿ ਕਿਸਾਨਾਂ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ਸ਼ੁਦਾ ਕਿਸਮਾਂ ਜਿਵੇਂ ਪੀ ਆਰ 128,132,126 ਦੀ ਲਵਾਈ ਕੀਤੀ ਹੈ ,ਇਸ ਤੋਂ ਇਲਾਵਾ ਬਾਸਮਤੀ ਦੀ ਕਾਸ਼ਤ ਵੀ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਪਾਬੰਦੀਸ਼ੁਦਾ ਕਿਸਮਾਂ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਲਵਾਈ ਕਿਸਾਨਾਂ ਵਲੋਂ ਨਹੀਂ ਕੀਤੀ ਗਈ ਹੈ ।
ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਵਲੋਂ ਸੁਪਰੀਮ 110 ਕਿਸਮ ਦੀ ਲਵਾਈ ਵੱਡੇ ਪੱਧਰ ਤੇ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਝੋਨੇ ਦੀ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਕੁਝ ਪੀਲੇ ਦਿਖਾਈ ਦੇ ਰਹੇ ਹਨ ਕਿਉਂਕਿ ਝੋਨੇ ਦੀ 110 ਕਿਸਮ ਦਾ ਸੁਭਾਅ ਹੈ ਕਿ ਉਸ ਦੇ ਪੱਤੇ ਲਵਾਈ ਤੋਂ 45-50 ਦਿਨਾਂ ਤੱਕ ਪਲੱਤਣ ਵਿਚ ਰਹਿੰਦੇ ਹਨ ਜੋਂ ਜ਼ਿੰਕ ਦੀ ਘਾਟ ਦਾ ਭੁਲੇਖਾ ਪਾਉਂਦੇ ਹਨ। ਉਨ੍ਹਾਂ ਦਸਿਆ ਕਿਸਾਨ ਆਮ ਕਰਕੇ ਚਾਹੁੰਦੇ ਹਨ ਕਿ ਝੋਨੇ ਦੀ ਫ਼ਸਲ ਦਾ ਰੰਗ ਗੂੜ੍ਹਾ ਹਰਾ ਦਿਖਾਈ ਦੇਵੇ ਅਤੇ ਸੁਪਰੀਮ 110 ਕਿਸਮ ਪੱਤਿਆਂ ਦੇ ਪੀਲੇ ਰਹਿਣ ਕਾਰਨ ਕਿਸਾਨ ਆਮ ਕਰਕੇ 3-5 ਬੋਰੀਆਂ ਪ੍ਰਤੀ ਏਕੜ ਵਰਤ ਰਹੇ ਹਨ ਜਿਸ ਨਾਲ ਖੇਤੀ ਲਾਗਤ ਖਰਚੇ ਵਧਣ ਦੇ ਨਾਲ ਨਾਲ ਨਾਲ ਫ਼ਸਲ ਉੱਪਰ ਕੀੜਿਆਂ ਦੇ ਹਮਲੇ ਦਾ ਕਾਰਨ ਵੀ ਬਣਦਾ ਹੈ। ਉਨ੍ਹਾਂ ਦਸਿਆ ਕਿ ਵੱਧ ਯੂਰੀਆ ਖਾਦ ਦੀ ਵਰਤੋਂ ਨਾਲ ਫ਼ਸਲ ਦਾ ਪ੍ਰਾਲ ਵਧਦਾ ਹੈ ਅਤੇ ਝਾੜ ਵੀ ਘਟਦਾ ਹੈ। ਉਨ੍ਹਾਂ ਦਸਿਆ ਕਿ ਯੂਰੀਆ ਦੀ ਸਿਫਾਰਸ਼ ਤੋਂ ਵੱਧ ਵਰਤੋਂ ਕਈ ਮੁਸ਼ਕਲਾਂ ਪੈਦਾ ਕਰਦੀ ਹੈ। ਉਨ੍ਹਾਂ ਦਸਿਆ ਕਿ ਜ਼ਿਲਾ ਗੁਰਦਾਸਪੁਰ ਵਿਚ ਜ਼ਰੂਰਤ ਅਨੁਸਾਰ ਯੂਰੀਆ ਖਾਦ ਆ ਰਹੀ ਹੈ ਪ੍ਰੰਤੂ ਕਿਸਾਨਾਂ ਵਲੋਂ ਸਿਫਾਰਸ਼ ਤੋਂ ਵੱਧ ਵਰਤੋਂ ਕਰਨ ਨਾਲ ਛੋਟੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਉਪਲਬਧਤਾ ਵਿਚ ਕੁਝ ਮੁਸ਼ਕਲ ਆ ਰਹੀ ਹੈ ਜਿਸ ਨੂੰ ਛੇਤੀ ਹੀ ਦੂਰ ਕਰ ਦਿੱਤਾ ਜਾਵੇਗਾ। ਉਨ੍ਹਾਂ ਦਸਿਆ ਕਿ 31 ਜੁਲਾਈ ਤੱਕ ਜ਼ਿਲੇ ਅੰਦਰ ਸਾਉਣੀ ਦੀਆਂ ਫ਼ਸਲਾਂ ਨੂੰ ਪਾਉਣ ਲਈ 77 ਹਜ਼ਾਰ ਮੀਟ੍ਰਿਕ ਟਨ ਯੂਰੀਆ ਖਾਦ ਦੀ ਜ਼ਰੂਰਤ ਹੈ ਜਦ ਕਿ 13 ਜੁਲਾਈ ਤੱਕ ਕਰੀਬ 69 ਹਜ਼ਾਰ ਟਨ ਯੂਰੀਆ ਖਾਦ ਆ ਚੁੱਕੀ ਹੈ। ਉਨ੍ਹਾਂ ਦਸਿਆ ਕਿ ਇਹ ਖਾਦ 60 ਫੀਸਦੀ ਸਹਿਕਾਰੀ ਸਭਾਵਾਂ ਅਤੇ 40 ਫੀਸਦੀ ਨਿੱਜੀ ਖਾਦ ਵਿਕਰੇਤਾਵਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਦਸਿਆ ਕਿ ਆਉਂਦੇ ਦਿਨਾਂ ਦੌਰਾਨ ਬਕਾਇਆ ਯੂਰੀਆ ਦੀ ਸਪਲਾਈ ਹੋ ਜਾਵੇਗੀ। ਉਨ੍ਹਾਂ ਸਮੂਹ ਕਿਸਾਨਾਂ ਨੁੰ ਬੇਨਤੀ ਕੀਤੀ ਕਿ ਝੋਨੇ ਦੀ ਫ਼ਸਲ ਵਿੱਚ ਸਿਫਾਰਸ਼ਾਂ ਅਨੁਸਾਰ ਪ੍ਰਤੀ ਏਕੜ 90 ਕਿਲੋ ਯੂਰੀਆ ਹੀ ਵਰਤੀ ਜਾਵੇ ਅਤੇ ਇਹ ਖਾਦ 45 ਦਿਨਾਂ ਤੱਕ ਤਿੰਨ ਬਰਾਬਰ ਕਿਸ਼ਤਾਂ ਵਿਚ ਪਾਈ ਜਾਵੇ। ਉਨ੍ਹਾਂ ਦਸਿਆ ਕਿ ਸੁਪਰੀਮ 110 ਕਿਸਮ ਦੇ ਪੱਤਿਆਂ ਦਾ ਰੰਗ ਕੁਝ ਪੀਲਾ ਦੇਖ ਕੇ ਯੂਰੀਆ ਖਾਦ ਨਹੀਂ ਪਾਉਣੀ ਚਾਹੀਦੀ । ਉਨ੍ਹਾਂ ਦਸਿਆ ਕਿ ਲਵਾਈ ਤੋਂ 45-50 ਦਿਨਾਂ ਬਾਅਦ ਇਸ ਕਿਸਮ ਦੇ ਪੱਤਿਆਂ ਦਾ ਰੰਗ ਆਪਣੇ ਆਪ ਹੀ ਗਾੜ੍ਹਾ ਹਰਾ ਹੋ ਜਾਵੇਗਾ । ਉਨ੍ਹਾਂ ਦਸਿਆ ਕਿ ਝੋਨੇ ਦੀ ਫ਼ਸਲ ਨੂੰ ਕੋਈ ਗੈਰ ਸਿਫਾਰਸ਼ਸ਼ੁਦਾ ਖੇਤੀ ਸਮਗਰੀ ਪਾਉਣ ਦੀ ਜ਼ਰੂਰਤ ਨਹੀਂ।