ਦੂਜੇ ਦਿਨ ਵੀ ਸ਼ਹਿਰ ਵਿੱਚ ਨਾਜਾਇਜ਼ ਲੱਗੇ ਹੋਰਡਿੰਗਜ਼ ਬੋਰਡ ਹਟਾਏ
ਆਵਾਜਾਈ ਨੂੰ ਸੁਖਾਲਾ ਰੱਖਣ ਲਈ ਦੁਕਾਨਦਾਰ ਸਹਿਯੋਗ ਕਰਨ
ਰੋਹਿਤ ਗੁਪਤਾ
ਬਟਾਲਾ, 13 ਜੁਲਾਈ ਬਟਾਲਾ ਸ਼ਹਿਰ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਅੱਜ ਦੂਜੇ ਦਿਨ ਵੀ ਨਾਜਾਇਜ਼ ਤੌਰ 'ਤੇ ਲਗਾਏ ਹੋਰਡਿੰਗਜ ਬੋਰਡ ਉਤਾਰੇ ਗਏ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਟਰੈਫਿਕ ਦੀ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਕੀਤੇ ਜਾਣ ਲਈ ਸਹਿਯੋਗ ਕਰਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੀਰਜ ਸ਼ਰਮਾ, ਫਾਇਰ ਬਿਰਗੇਡ ਅਫਸਰ ਨੇ ਦੱਸਿਆ ਕਿ ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਟਾਲਾ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿਖੇ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ, ਨਾਜਾਇਜ਼ ਤੌਰ ’ਤੇ ਲਗਾਏ ਹੋਰਡਿੰਗਜ/ਬੋਰਡ ਆਦਿ ਲਾਹੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਬਟਾਲਾ ਸ਼ਹਿਰ ਦੇ ਅੰਦਰੂਨੀ ਖੇਤਰ ਸਿਨੇਮਾ ਰੋਡ, ਸਮਾਧ ਰੋਡ, ਜੱਸਾ ਸਿੰਘ ਰਾਮਗੜ੍ਹੀਆ ਚੌਂਕ, ਖਜੂਰੀ ਗੇਟ ਅਤੇ ਲੁਵ-ਕੁਸ਼ ਚੌਂਕ ਵਿੱਚ ਨਾਜਾਇਜ਼ ਤੌਰ ’ਤੇ ਹੋਰਡਿੰਗਜ਼/ਬੋਰਡ ਅਤੇ ਸੜਕ ਦੇ ਕਿਨਾਰਿਆਂ 'ਤੇ ਫਲੈਕਸ ਬੋਰਡ ਲਗਾਏ ਗਏ ਸਨ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪੈਂਦਾ ਸੀ ਤੇ ਟਰੈਫਿਕ ਦੀ ਸਮੱਸਿਆ ਵੀ ਪੈਦਾ ਹੁੰਦੀ ਸੀ। ਉਨ੍ਹਾਂ ਕਿਹਾ ਕਿ ਟਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਮੱਦੇਨਜ਼ਰ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਵਿੱਚ ਨਜਾਇਜ਼ ਤੋਰ ’ਤੇ ਲਗਾਏ ਬੋਰਡ/ਹੋਰਡਿੰਗਜ ਅਤੇ ਕਬਜ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੁਕਾਨ ਦਾ ਸਮਾਨ ਨਿਰਧਾਰਤ ਹੱਦ ਅੰਦਰ ਹੀ ਰੱਖਣ ਤਾਂ ਜੋ ਪੈਦਲ ਅਤੇ ਵਹੀਕਲ ਚਲਾਉਣ ਵਾਲਿਆਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਨਹੀਂ ਤਾਂ ਨਗਰ ਨਿਗਮ ਵਲੋਂ ਸਖ਼ਤ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣਗੇ।