Chandigarh Schools Closed: ਚੰਡੀਗੜ੍ਹ ਦੇ ਸਾਰੇ ਸਕੂਲ ਅੱਜ 3 ਸਤੰਬਰ ਨੂੰ ਰਹਿਣਗੇ ਬੰਦ
Babushahi Bureau
ਚੰਡੀਗੜ੍ਹ, 3 ਸਤੰਬਰ 2025 : ਮੌਸਮ ਵਿਭਾਗ ਵੱਲੋਂ ਜਾਰੀ 'ਰੈੱਡ ਅਲਰਟ' ਦੇ ਚੱਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਸਭ ਤੋਂ ਉੱਪਰ ਰੱਖਦਿਆਂ ਇੱਕ ਵੱਡਾ ਫੈਸਲਾ ਲਿਆ ਹੈ। ਇਸ ਫ਼ੈਸਲੇ ਤਹਿਤ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਅੱਜ, ਬੁੱਧਵਾਰ 3 ਸਤੰਬਰ 2025, ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਸੁਰੱਖਿਆ ਦੇ ਮੱਦੇਨਜ਼ਰ ਚੁੱਕਿਆ ਗਿਆ ਕਦਮ
ਇਹ ਫੈਸਲਾ ਸਕੂਲ ਸਿੱਖਿਆ ਡਾਇਰੈਕਟੋਰੇਟ ਵੱਲੋਂ ਮੰਗਲਵਾਰ ਦੇਰ ਸ਼ਾਮ, ਵਿਗੜਦੇ ਮੌਸਮ ਦੀ ਭਵਿੱਖਬਾਣੀ ਤੋਂ ਬਾਅਦ ਲਿਆ ਗਿਆ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਜਾਰੀ ਲਗਾਤਾਰ ਬਾਰਿਸ਼ ਅਤੇ ਮੰਗਲਵਾਰ ਸ਼ਾਮ ਨੂੰ ਹੋਈ ਬੂੰਦਾ-ਬਾਂਦੀ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਸੀ।
ਜਿਸਦੇ ਚੱਲਦਿਆਂ ਅਧਿਕਾਰੀਆਂ ਅਨੁਸਾਰ, ਇਹ ਇੱਕ ਇਹਤਿਹਾਤੀ ਕਦਮ ਹੈ ਤਾਂ ਜੋ ਖਰਾਬ ਮੌਸਮ ਕਾਰਨ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਜਾਂ ਖ਼ਤਰੇ ਦਾ ਸਾਹਮਣਾ ਨਾ ਕਰਨਾ ਪਵੇ।
ਪ੍ਰਸ਼ਾਸਨ ਦੀ ਅਪੀਲ ਅਤੇ ਅਗਲੇ ਨਿਰਦੇਸ਼
ਪ੍ਰਸ਼ਾਸਨ ਨੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਘਰ ਵਿੱਚ ਹੀ ਸੁਰੱਖਿਅਤ ਰੱਖਣ ਅਤੇ ਮੌਸਮ ਦੇ ਆਮ ਹੋਣ ਤੱਕ ਬਾਹਰ ਨਿਕਲਣ ਤੋਂ ਬਚਣ। ਸਿੱਖਿਆ ਵਿਭਾਗ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਮੌਸਮ ਦੇ ਮਿਜਾਜ਼ ਅਤੇ ਅਗਲੇ ਅਧਿਕਾਰਤ ਨਿਰਦੇਸ਼ਾਂ ਦੇ ਆਧਾਰ 'ਤੇ ਹੀ ਲਿਆ ਜਾਵੇਗਾ। ਵਸਨੀਕਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਚੌਕਸ ਰਹਿਣ ਅਤੇ ਪਾਣੀ ਭਰੇ ਇਲਾਕਿਆਂ ਵਿੱਚ ਜਾਣ ਤੋਂ ਬਚਣ।
MA