ਖੇਤੀਬਾੜੀ ਵਿਭਾਗ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਕੀਟਨਾਸਕ ਵਿਕਰੇਤਾਵਾਂ ਦੀਆਂ ਦੁਕਾਨਾਂ ਤੋਂ 4 ਕੀਟ ਨਾਸ਼ਕਾਂ ਦੇ ਨਮੂਨੇ ਭਰੇ
ਰੋਹਿਤ ਗੁਪਤਾ
ਗੁਰਦਾਸਪੁਰ : 24 ਜੂਨ 2025 - ਕਿਸਾਨਾਂ ਨੂੰ ਚਾਲੂ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਲਈ ਲੋੜੀਂਦੀਆਂ ਖਾਦਾਂ ਅਤੇ ਨਦੀਨਨਾਸ਼ਕ ਮੁਹੱਈਆ ਕਰਵਾਉਣ ਦੇ ਮੰਤਵ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬਲਾਕ ਗੁਰਦਾਸਪੁਰ ਦੇ ਪਿੰਡ ਜੌੜਾ ਛਤਰਾਂ ਅਤੇ ਮੁਕੰਦਪੁਰ ਵਿੱਚ ਕੀਟਨਾਸ਼ਕ ਵਿਕ੍ਰੇਤਾਵਾਂ ਦੇ ਕਾਰੋਬਾਰੀ ਅਦਾਰਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੀ ਅਗਵਾਈ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਕੀਤੀ ।
ਟੀਮ ਵਿਚ ਹੋਰਨਾਂ ਤੋਂ ਇਲਾਵਾ ਡਾਕਟਰ ਗਗਨਦੀਪ ਸਿੰਘ ਖ਼ੇਤੀਬਾੜੀ ਅਫ਼ਸਰ ਡਾ.ਹਰਮਨਦੀਪ ਸਿੰਘ, ਡਾ.ਮਨਜੀਤ ਸਿੰਘ ਖ਼ੇਤੀਬਾੜੀ ਵਿਕਾਸ ਅਫ਼ਸਰ ਸ਼ਾਮਿਲ ਸਨ। ਟੀਮ ਵੱਲੋਂ ਵੱਖ ਵੱਖ ਦੁਕਾਨਾਂ ਤੋਂ ਕੀਟਨਾਸ਼ਕਾਂ ਦੇ 4 ਨਮੂਨੇ ਭਰ ਕੇ ਪਰਖ ਲਈ ਪ੍ਰਯੋਗਸ਼ਾਲਾ ਵਿਚ ਭੇਜ ਦਿੱਤੇ ਗਏ। ਇਸ ਤੋਂ ਇਲਾਵਾ ਬਲਾਕ ਫਤਿਹਗੜ੍ਚੂੜੀਆਂ ਕਲਾਨੌਰ ,ਦੀਨਾਨਗਰ ਅਤੇ ਡੇਰਾ ਬਾਬਾ ਨਾਨਕ ਵਿਚੋਂ ਖਾਦਾਂ ਦੇ 12 ਨਮੂਨੇ ਵੀ ਭਰੇ ਗਏ।
ਅੱਜ ਦੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿੱਚ ਝੋਨੇ ਦੀ ਫ਼ਸਲ ਦੀ ਪਨੀਰੀ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸਾਨਾਂ ਵਲੋ ਨਦੀਨ ਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ ,ਇਸ ਤੋਂ ਇਲਾਵਾ ਛੋਟੇ ਖੁਰਾਕੀ ਤੱਤਾਂ ਦੀ ਪੂਰਤੀ ਲਈ ਕਿਸਾਨਾਂ ਵੱਲੋਂ ਖਾਦਾਂ ਖਾਸ ਕਰਕੇ ਛੋਟੇ ਖੁਰਾਕੀ ਤੱਤਾਂ ਜਿਵੇਂ ਲੋਹਾ ਦਾ ਛਿੜਕਾਅ ਵੀ ਕੀਤਾ ਜਾਂਦਾ ਹੈ।ਉਨਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਨਦੀਨ ਨਾਸ਼ਕ ਅਤੇ ਹੋਰ ਖੇਤੀ ਸਮਗਰੀ ਮੁਹਈਆ ਕਰਵਾਉਣ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਦਾ ਮੁਢਲਾ ਫ਼ਰਜ਼ ਹੈ। ਉਨ੍ਹਾਂ ਦਸਿਆ ਕਿ ਝੋਨੇ ਦੀ ਫ਼ਸਲ ਵਿਚੋਂ ਨਦੀਨਾਂ ਦੀ ਰੋਕਥਾਮ ਲਈ ਪ੍ਰੇਟਿਲਾਕਲੋਰ ਨਾਮਕ ਨਦੀਨ ਨਾਸ਼ਕ ਦੀ ਵਰਤੋਂ ਕੀਤੀ ਜਾ ਰਹੀ ਹੈ ਜੋਂ ਦੋ ਤਾਕਤਾਂ ਵਿਚ ਬਾਜ਼ਾਰ ਵਿਚ ਉਪਲਬਧ ਹੈ ਅਤੇ ਪ੍ਰਤੀ ਏਕੜ ਮਾਤਰਾ ਵੀ ਅਲੱਗ ਅਲੱਗ ਹੈ। ਉਨ੍ਹਾਂ ਦਸਿਆ ਕਿ 750 ਮਿਲੀ ਲਿਟਰ ਪ੍ਰੇਟਿਲਾਕਲੋਰ 37 ਈ ਸੀ ਅਤੇ 600 ਮਿਲੀ ਲਿਟਰ ਪ੍ਰੇਟਿਲਾਕਲੋਰ 50 ਈ ਸੀ ਪ੍ਰਤੀ ਏਕੜ ਦੀ ਸਿਫਾਰਸ਼ ਕੀਤੀ ਜਾਂਦੀ ਹੈ ।
ਉਨ੍ਹਾਂ ਦਸਿਆ ਕਿ ਫੀਲਡ ਵਿਚ ਕੀਤੇ ਦੌਰਿਆਂ ਦੌਰਾਨ ਦੇਖਿਆ ਗਿਆ ਹੈ ਕਿ ਕਿਸਾਨਾਂ ਵਲੋਂ 750 ਮਿਲੀ ਲਿਟਰ ਪ੍ਰੇਟਿਲਾਕਲੋਰ 37 ਈ ਸੀ ਪ੍ਰਤੀ ਏਕੜ ਦੀ ਬਿਜਾਏ 600 ਮਿਲੀ ਲਿਟਰ ਪ੍ਰਤੀ ਏਕੜ ਹੀ ਵਰਤੀ ਜਾ ਰਹੀ ਹੈ ਜਿਸ ਨਾਲ ਨਦੀਨ ਪੂਰੀ ਤਰਾਂ ਖਤਮ ਨਹੀਂ ਹੋਣਗੇ ਅਤੇ ਝੋਨੇ ਦੀ ਪੈਦਾਵਾਰ ਪ੍ਰਭਾਵਤ ਹੋ ਸਕਦੀ ਹੈ । ਉਨ੍ਹਾਂ ਕਿਸਾਨਾਂ ਨੁੰ ਅਪੀਲ ਕੀਤੀ ਕਿ ਸਿਫਾਰਸ਼ਾਂ ਅਨੁਸਾਰ ਹੀ 750 ਮਿਲੀ ਲਿਟਰ ਪ੍ਰੇਟਿਲਾਕਲੋਰ 37 ਈ ਸੀ ਪ੍ਰਤੀ ਏਕੜ ਨੂੰ 60 ਕਿਲੋ ਰੇਤ ਜਾਂ ਮਿੱਟੀ ਵਿਚ ਰਲਾ ਕੇ ਇਕਸਾਰ ਛੱਟਾ ਦਿੱਤਾ ਜਾਵੇ ਤਾਂ ਜੋਂ ਨਦੀਨਾਂ ਦੀ ਸਹੀ ਰੋਕਥਾਮ ਹੋ ਸਕੇ ਨਾਂ ਕਿ ਬੋਤਲ ਵਿਚ ਪਾ ਕੇ। ਉਨ੍ਹਾਂ ਕੀਟਨਾਸ਼ਕ ਵਿਕ੍ਰੇਤਾਵਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਲਾਇਸੰਸ ਅਤੇ ਹੋਰ ਜਰੂਰੀ ਦਸਤਾਵੇਜ ਪੂਰੇ ਕਰਕੇ ਰੱਖਣ ਅਤੇ ਇਸ ਵਿੱਚ ਕਿਸੇ ਵੀ ਤਰ੍ਹਾ ਦੀ ਕੁਤਾਹੀ ਨਾ ਵਰਤੀ ਜਾਵੇ ਅਤੇ ਖਾਦ ਦੀ ਹੋਈ ਵਿਕਰੀ ਦਾ ਸਟਾਕ ਪੋਸ ਮਸ਼ੀਨਾਂ ਵਿਚੋਂ ਰੋਜਾਨਾ ਕਢਿਆ ਜਾਵੇ ਤਾਂ ਖਾਦ ਦੀ ਸਪਲਾਈ ਵਿਚ ਕੋਈ ਵਿਗਨ ਨਾ ਪਵੇ ।ਉਨਾਂ ਕਿਹਾ ਕਿ ਡੀਲਰਾਂ /ਸਹਿਕਾਰੀ ਸਭਾਵਾਂ ਵੱਲੋਂ ਕਿਸਾਨਾਂ ਨੂੰ ਜੋ ਵੀ ਖੇਤੀ ਸਮੱਗਰੀ ਦੀ ਵਿਕਰੀ ਕੀਤੀ ਜਾਂਦੀ ਹੈ , ਉਸ ਦਾ ਪੱਕਾ ਬਿੱਲ ਕੱਟ ਕੇ ਦਿੱਤਾ ਜਾਵੇ ਅਤੇ ਕੇਵਲ ਲੋੜੀਂਦੀ ਸਮੱਗਰੀ ਹੀ ਕਿਸਾਨਾਂ ਨੂੰ ਵਿਕਰੀ ਕੀਤੀ ਜਾਵੇ ਅਤੇ ਕੋਈ ਹੋਰ ਬੇਲੋੜੀਆਂ ਵਸਤਾਂ ਕਿਸਾਨਾਂ ਨੂੰ ਨਾ ਦਿੱਤੀਆਂ ਜਾਣ ।
ਉਨਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਕੋਈ ਦੁਕਾਨਦਾਰ ਬਗੈਰ ਬਿੱਲ ਤੋਂ ਖਾਦ,ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਫ਼ਸਲਾਂ ਵਿਚ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਅਨੁਸਾਰ ਹੀ ਕਰਨੀ ਚਾਹੀਦੀ ਹੈ। ਉਨਾਂ ਕਿਹਾ ਯੂਰੀਆ ਖਾਦ ਦੀ ਕਾਲਾਬਜ਼ਾਰੀ ਅਤੇ ਜਮਾਂ ਖੋਰੀ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋਂ ਕਿਸਾਨਾਂ ਨੂੰ ਯੂਰੀਆ ਖਾਦ ਜ਼ਰੂਰਤ ਅਨੁਸਾਰ ਮਿਲਣ ਵਿਚ ਕੋਈ ਮੁਸ਼ਕਲ ਪੇਸ਼ ਨਾਂ ਆਵੇ।ਉਨਾਂ ਦੱਸਿਆ ਕਿ ਖਾਦ ਵਿਕਰੇਤਾਵਾਂ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਰੋਜ਼ਾਨਾ ਦੁਕਾਨ ਤੇ ਯੂਰੀਆ ਖਾਦ ਦਾ ਸਟਾਕ ਬੋਰਡ ਵਿਚ ਸਟਾਕ ਵਿਚ ਮੌਜੂਦ ਖਾਦ ਦੀ ਮਾਤਰਾ ਅਤੇ ਕੀਮਤ ਲਿਖੀ ਹੋਣੀ ਚਾਹੀਦੀ ਹੈ ਡਾਕਟਰ ਗਗਨਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦ,ਕੀਟਨਾਸ਼ਕ ਰਸਾਇਣ ਜਾਂ ਬੀਜ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਦੀ ਲਿਖਤੀ ਤੌਰ ਤੇ ਸ਼ਿਕਾਇਤ ਸੰਬੰਧਤ ਖੇਤੀਬਾੜੀ ਅਧਿਕਾਰੀ ਜਾਂ ਮੁੱਖ ਖੇਤੀਬਾੜੀ ਅਫਸਰ ਨੂੰ ਕਰਨ।