ਸਮੇਂ 'ਤੇ ਸਥਾਨ ਨਾਲ ਰੁੱਤਾਂ ਦਾ ਬਦਲਣਾ ਤਾਂ ਤਹਿ ਹੀ ਹੈ,ਪਰ ਹੈਰਾਨੀ ਤਾਂ ਆਪਣਿਆ ਨੂੰ ਬਦਲਦੇ ਦੇਖ ਕੇ ਹੁੰਦੀ ਹੈ। ਕਿਸੇ ਸਿਆਣੇ ਨੇ ਕਿਹਾ ਸੀ ਕਿ ਇਕ ਪਾਸਾ ਸਿੱਧਾ ਤੇ ਦੂਜਾ ਪੁੱਠਾ ਪਾਸਾ ਨਹੀ ਹੁੰਦਾ, ਇਕ ਸਿੱਧਾ ਤੇ ਦੂਜਾ ਦੂਸਰਾ ਪਾਸਾ ਹੁੰਦਾ ਹੈ। ਫਰਕ ਸੋਚ ਜਾਂ ਸਮਝ ਦਾ ਕਹਿ ਲਓ, ਪਰ ਕਦੇ ਕਦੇ ਜਦੋ ਮੈਂ ਇਕਾਂਤ ਵਿੱਚ ਬੈਠਾ ਹੁੰਦਾ ਹਾਂ, ਓਸ ਰੁੱਖ ਵੱਲ ਦੇਖਦਾ ਹਾਂ, ਜਿਸਨੂੰ ਆਏ ਹਵਾ ਦੇ ਬੁੱਲੇ ਨੇ ਰਤਾ ਕੁ ਹਿਲਾ ਦਿੱਤਾ, ਹਵਾ ਪੱਤਿਆ ਨੂੰ ਛੂਹ ਕੇ ਏਦਾਂ ਲੰਘ ਗਈ, ਜਿਵੇਂ ਗੂੜ੍ਹੀ ਨੀਂਦੇ ਸੁੱਤੇ ਮਜ਼ਦੂਰ ਨੂੰ ਕਿਸੇ ਮਜਬੂਰੀ ਨੇ ਹਲੂੰਣਾ ਦੇ ਕੇ ਉਠਾ ਦਿੱਤਾ ਹੋਵੇ। ਜਿਹੜੇ ਪੱਤੇ ਹਵਾ ਦੇ ਲੰਘ ਜਾਣ ਬਾਅਦ ਵੀ ਹਾਲੇ ਹਿੱਲ ਰਹੇ ਨੇ ਤੇ ਮੈਨੂੰ ਅਹਿਸਾਸ ਕਰਵਾਉਂਦੇ ਨੇ ਕਿ ਇਕ ਵਾਰ ਵੱਜਿਆ ਹਲੂੰਣੇ ਵਰਗਾ ਧੱਕਾ ਹੀ ਬਹੁਤ ਹੁੰਦਾ ਹੈ ਜ਼ਿੰਦਗੀ ਵਿਚ ਹਿੱਲ ਜੁਲ ਕਰਦੇ ਰਹਿਣ ਲਈ। ਚੱਲਦੇ ਫਿਰਦੇ ਰਹਿਣ ਦਾ ਨਾਂ ਹੀ ਜਿੰਦਗੀ ਹੈ, ਜੇ ਖੜ੍ਹ ਗਏ ਤਾਂ ਫਿਰ ਤਾਂ ਕਿਸੇ ਸਰਕਾਰੀ ਹਸਪਤਾਲ ਦੀ ਮੌਰਚਰੀ ਵਿਚ ਪਈ ਲੋਥ ਵਾਂਗ ਹੋ ਜਾਵਾਂਗੇ, ਜਿਹੜੀ ਆਪਣੇ ਅਖੀਰੀ ਵਾਰਸਾਂ ਦਾ ਇੰਤਜ਼ਾਰ ਕਰ ਰਹੀ ਹੈ।
ਮੈਨੂੰ ਯਾਦ ਹੈ, ਨਿੱਕੇ ਹੁੰਦੇ ਜਦੋ ਮੇਰੇ ਤੋਂ ਕੁਛ ਸਮਾਨ ਖਿੱਲਰ ਜਾਣਾ, ਤਾਂ ਮੈਂ ਕੋਸ਼ਿਸ ਕਰਨੀ ਫ਼ੇਰ ਤੋਂ ਇਕੱਠਾ ਕਰਨ ਦੀ ਪਰ ਇਹ ਸਭ ਕਰਦੇ ਮਾਂ ਨੇ ਦੇਖਣਾ ਤੇ ਕਹਿਣਾ, " ਤੂੰ ਰਹਿਣ ਦੇ, ਹੋਰ ਖਿਲਾਰਾ ਪਾਏਂਗਾ ਮੈਂ ਆਪੇ ਕਰਦੂੰ ਇਕੱਠਾ ਸਭ।"
ਅੱਜ ਵੀ ਕਦੇ ਕਦੇ ਲੱਗਦਾ ਹੈ ਕਿ ਮੈਂ ਸਭ ਸਮੇਟਣ ਦੀ ਜਗ੍ਹਾ ਕਿਤੇ ਸਭ ਖਿਲਾਰ ਤਾਂ ਨੀ ਰਿਹਾ ਤੇ ਲੱਗਦਾ ਹੈ, ਜ਼ਿੰਦਗੀ ਵਿਚ ਛੋਟੀਆਂ ਛੋਟੀਆਂ ਗਲਤੀਆਂ ਕਰਦੇ ਕਰਦੇ ਇੰਨੇ ਅੱਗੇ ਨਿਕਲ ਗਏ ਕਿ ਹੁਣ ਪਾਇਆ ਖਿਲਾਰਾ ਮਾਂ ਤੋਂ ਵੀ ਸਮੇਟਿਆ ਨਹੀਂ ਜਾਣਾ। ਜੇ ਖੁਦ ਦੀ ਗੱਲ ਕਰਾਂ, ਤਾਂ ਏਨਾਂ ਪਿੱਛੇ ਰਹਿ ਗਿਆ, ਜਿੱਥੇ ਸੋਨੇ ਦੀਆਂ ਮੋਹਰਾਂ ਦੇਕੇ ਤਾਂ ਕੀ, ਮੈਂ ਸ਼ਾਇਦ ਉਮਰ ਭਰ ਦੀਆ ਕਿਸ਼ਤਾਂ ਭਰਕੇ ਵੀ ਖਰੀਦ ਨਹੀਂ ਸਕਦਾ। ਉਹ ਸਮਾਂ, ਜੋ ਮੈਨੂੰ ਚਾਹੀਦਾ ਸੀ, ਉਹ ਕੁਛ ਦੋਸਤ, ਜਿੰਨ੍ਹਾਂ ਵਿਚ ਮੇਰੇ ਹਾਸੇ ਗੂੰਜਦੇ, ਉਹ ਸੁੰਨਸਾਨ ਜਗ੍ਹਾ, ਜਿੱਥੇ ਮੇਰੇ ਰੋਣ ਦੀ ਆਵਾਜ਼ ਅਸਮਾਨ 'ਚ ਉੱਡਦੀਆਂ ਇੱਲਾਂ ਦੀ ਅਵਾਜ਼ ਵਾਂਗ ਸੁਣਦੀ, ਇਕ ਸ਼ਖਸ, ਜੋ ਮੈਨੂੰ ਓਵੇਂ ਨਾ ਜਾਣਦਾ, ਜਿਵੇਂ ਦੁਨੀਆਂ ਜਾਣਦੀ ਹੈ, ਤੇ ਉਹ ਪਿਆਰ, ਜਿਸ ਤੋਂ ਮੈਂ ਵਾਂਝਾ ਰਹਿ ਗਿਆ ਤੇ ਰਹਿੰਦੀ ਜ਼ਿੰਦਗੀ ਸੁਲਘਦੇ ਰਹਿਣ ਦਾ ਅਹਿਸਾਸ ਜਾਗਦਾ ਰਹੇਗਾ।

-
ਦੀਪ ਬਰਾੜ, ਲੇਖਕ
******
8847530513
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.