ਕੌਣ ਹੋਵੇਗਾ ਰਾਜ ਸਭਾ ਲਈ AAP ਦਾ ਉਮੀਦਵਾਰ ?
ਚੰਡੀਗੜ੍ਹ, 24 ਜੂਨ 2025 - ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਨ ਸਭਾ ਚੋਣ ਜਿੱਤਣ ਮਗਰੋਂ ਸੰਜੀਵ ਅਰੋੜਾ ਜਿੱਥੇ ਆਪਣੀ ਰਾਜਸਭਾ ਮੈਂਬਰੀ ਛੱਡ ਦੇਣਗੇ, ਉੱਥੇ ਹੀ ਚਰਚਾਵਾਂ ਹੁਣ ਇਹ ਚੱਲ ਰਹੀਆਂ ਹਨ ਕਿ ਰਾਜ ਸਭਾ ਦਾ ਅਗਲਾ ਮੈਂਬਰ ਆਮ ਆਦਮੀ ਪਾਰਟੀ ਦੀ ਤਰਫੋਂ ਕੌਣ ਹੋਵੇਗਾ? ਦੱਸ ਦੇਈਏ ਕਿ ਰਾਜ ਸਭਾ ਲਈ ਨਾਮ ਤਾਂ ਕਈ ਚੱਲ ਰਹੇ ਨੇ, ਪਰ ਇਸ ਵੇਲੇ ਚਰਚਾਵਾਂ ਇਹ ਹਨ ਕਿ ਕੋਈ ਪੰਜਾਬ ਦਾ ਹੀ ਉਦਯੋਗਪਤੀ ਹੋਵੇਗਾ, ਜਿਸ ਨੂੰ ਇਹ ਰਾਜਸਭਾ ਮੈਂਬਰੀ ਮਿਲ ਸਕਦੀ ਹੈ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੀਤੇ ਦਿਨ ਇਹ ਗੱਲ ਸਾਫ ਸ਼ਬਦਾਂ ਵਿੱਚ ਆਖ ਚੁੱਕੇ ਹਨ ਕਿ ਉਹ ਰਾਜ ਸਭਾ ਵਿੱਚ ਮੈਂਬਰ ਦੇ ਵਜੋਂ ਨਹੀਂ ਜਾਣਗੇ। ਕੇਜਰੀਵਾਲ ਦੇ ਇਸ ਬਿਆਨ ਤੋਂ ਇਹ ਤਾਂ ਸਪਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਲਈ ਨਹੀਂ ਜਾਣਗੇ।
ਕੇਜਰੀਵਾਲ ਦੇ ਬਿਆਨ ਤੋਂ ਬਾਅਦ ਪੰਜਾਬ ਦੇ ਲੁਧਿਆਣਾ ਤੋਂ ਹੀ ਇੱਕ ਉੱਘੇ ਬਿਜਨਸਮੈਨ ਦਾ ਨਾਮ ਸਭ ਤੋਂ ਵੱਧ ਚਰਚਾ ਵਿੱਚ ਹੈ ਕਿ, ਉਸਨੂੰ ਆਮ ਆਦਮੀ ਪਾਰਟੀ ਰਾਜ ਸਭਾ ਉਮੀਦਵਾਰ ਬਣਾ ਸਕਦੀ ਹੈ।
ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਇੱਕ ਲੁਧਿਆਣਾ ਦੇ ਬਿਜਨਸਮੈਨ ਨੂੰ ਰਾਜ ਸਭਾ ਵਿੱਚ ਭੇਜਣ ਜਾ ਰਹੀ ਹੈ। ਦੱਸ ਦੇਈਏ ਕਿ ਆਪ ਦੀ ਲੀਡਰਸ਼ਿਪ ਹਮੇਸ਼ਾ ਸਰਪਰਾਈਜ਼ ਹੀ ਦਿੰਦੀ ਹੈ, ਪਰ ਹਾਲੇ ਇਹ ਵੀ ਕਨਫਰਮ ਹੋਣਾ ਬਾਕੀ ਹੈ ਕਿ ਉਹ ਕੌਣ ਹੈ, ਜਿਸਨੂੰ ਆਪ ਰਾਜ ਸਭਾ ਭੇਜਣਾ ਚਾਹੁੰਦੀ ਹੈ?