ਟੈਕਸੀ ਭਾੜੇ 'ਤੇ ਲੈ ਕੇ ਲੁੱਟ-ਖੋਹ ਦੀ ਨੀਅਤ ਨਾਲ ਟੈਕਸੀ ਡਰਾਈਵਰ ਦਾ ਕਤਲ, ਤਿੰਨ ਗ੍ਰਿਫਤਾਰ
- ਟੈਕਸੀ ਡਰਾਈਵਰ ਦੇ ਤਿੰਨ ਕਾਤਲ ਕੁਝ ਘੰਟਿਆਂ ਵਿੱਚ ਕਾਬੂ,
- ਡਰਾਈਵਰ ਦੀ ਲਾਸ਼ ਤੁਗਲ ਨੇੜਿਓ ਨਹਿਰ ਵਿੱਚੋਂ ਬਰਾਮਦ
ਦੀਪਕ ਜੈਨ
ਜਗਰਾਉਂ, 24 ਜੂਨ 2025 - ਬੀਤੇ ਦਿਨੀ ਲੁਧਿਆਣਾ ਦੇ ਗ੍ਰੈਂਡ ਵਾਕ ਦੇ ਨਜ਼ਦੀਕ ਤਿੰਨ ਲੁਟੇਰਿਆਂ ਵੱਲੋਂ ਇੱਕ ਟੈਕਸੀ ਭਾੜੇ ਉੱਤੇ ਲੈ ਕੇ ਅਤੇ ਲੁੱਟ ਖੋਹ ਦੀ ਨੀਅਤ ਨਾਲ ਟੈਕਸੀ ਡਰਾਈਵਰ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ। ਲੁਧਿਆਣਾ ਦਿਹਾਤੀ ਪੁਲਿਸ ਨੂੰ ਇਸ ਵਾਰਦਾਤ ਬਾਰੇ ਜਦੋਂ ਸ਼ਿਕਾਇਤ ਮਿਲੀ ਤਾਂ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਵੱਲੋਂ ਪੜਤਾਲ ਆਰੰਭ ਕਰਨ ਮਗਰੋਂ ਡਰਾਈਵਰ ਦਾ ਕਤਲ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਆਈਪੀਐਸ ਨੇ ਦੱਸਿਆ ਕਿ ਥਾਣਾ ਸੁਧਾਰ ਵਿਖੇ ਇੱਕ ਗੁਮਸ਼ੁਦਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਅੱਗੇ ਦੱਸਿਆ ਕਿ ਨਰਿੰਦਰ ਕੌਰ ਪਤਨੀ ਗੁਰਮੀਤ ਸਿੰਘ ਉਰਫ ਬਿੱਟੂ ਵਾਸੀ ਅਗਰ ਨਗਰ ਲੁਧਿਆਣਾ ਦੇ ਮੁਤਾਬਕ ਗੁਰਮੀਤ ਸਿੰਘ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ, ਜਿਸ ਕੋਲ ਇੱਕ ਸਵਿਫਟ ਡਿਜ਼ਾਇਰ ਕਾਰ ਨੰਬਰ ਪੀਵੀ01 ਸੀ 55 56 ਸੀ. ਇਹ ਟੈਕਸੀ ਡਰਾਈਵਰ ਆਪਣੀ ਟੈਕਸੀ ਗਰੈਂਡ ਵਾਕ ਦੇ ਨਜਦੀਕ ਇੱਕ ਟੈਕਸੀ ਸਟੈਂਡ ਉੱਪਰ ਖੜੀ ਕਰਦਾ ਸੀ ਅਤੇ 23 ਜੂਨ ਨੂੰ ਸਵੇਰੇ ਸਵਾ ਦੋ ਵਜੇ ਗੁਰਮੀਤ ਆਪਣੀ ਉਕਤ ਕਾਰ ਲੈ ਕੇ ਗਰੈਂਡ ਵਾਕ ਦੇ ਨਜਦੀਕ ਟੈਕਸੀ ਸਟੈਂਡ ਉੱਪਰ ਚਲਾ ਗਿਆ ਸੀ ਅਤੇ ਪੌਣੇ ਤਿੰਨ ਵਜੇ ਦੇ ਕਰੀਬ ਉਸਦੇ ਸਾਥੀ ਰਵਿੰਦਰ ਸਿੰਘ ਉਰਫ ਲਾਡੀ ਪੁੱਤਰ ਸੁਖਬੀਰ ਸਿੰਘ ਵਾਸੀ ਕੈਲਾਸ਼ ਕਲੋਨੀ ਵੱਲੋਂ ਗੁਰਮੀਤ ਨੂੰ ਫੋਨ ਕੀਤਾ ਗਿਆ ਸੀ ਤਾਂ ਉਸਨੇ ਦੱਸਿਆ ਕਿ ਉਹ ਆਪਣੀ ਕਾਰ ਕਿਰਾਏ ਉੱਪਰ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਬਲਜਿੰਦਰ ਸਿੰਘ, ਗੁਰਤੇਜ ਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਗੁਰਵੀਨ ਮਾਨ ਸਿੰਘ ਵਾਸੀਆਨ ਮੋਹੀ ਅਤੇ ਗੁਰਵੰਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਦਾਖਾ ਨੂੰ ਲੈ ਕੇ ਰਾਏਕੋਟ ਵੱਲ ਨੂੰ ਜਾ ਰਿਹਾ ਹੈ। ਉਸ ਤੋਂ ਬਾਅਦ ਫਿਰ ਤਿੰਨ ਵਜੇ ਦੇ ਕਰੀਬ ਰਮਿੰਦਰ ਸਿੰਘ ਉਰਫਲਾਡੀ ਨੇ ਉਸਦੇ ਫੋਨ ਉੱਪਰ ਫੋਨ ਕੀਤਾ ਕਿ ਉਹ ਆਪਣੀ ਲਾਈਵ ਲੋਕੇਸ਼ਨ ਸੈਂਡ ਕਰੇ।
ਜਿਸ ਤੇ ਗੁਰਮੀਤ ਸਿੰਘ ਉਰਫ ਬਿੱਟੂ ਨੇ ਆਪਣੀ ਲਾਈਵ ਲੋਕੇਸ਼ਨ ਰਵਿੰਦਰ ਸਿੰਘ ਨੂੰ ਭੇਜ ਦਿੱਤੀ। ਇਸ ਮਗਰੋਂ ਪੌਣੇ ਚਾਰ ਵਜੇ ਦੇ ਕਰੀਬ ਰਮਿੰਦਰ ਸਿੰਘ ਨੇ ਲੋਕੇਸ਼ਨ ਚੈੱਕ ਕੀਤੀ ਤਾਂ ਲੋਕੇਸ਼ਨ ਤੇ ਫੋਨ ਬੰਦ ਆ ਰਿਹਾ ਸੀ। ਗੁਰਮੀਤ ਦੀ ਲੋਕੇਸ਼ਨ ਮਹਿਲ ਮੁਬਾਰਕ ਪੈਲਸ ਵਾਹਦ ਪਿੰਡ ਹਿਸੋਵਾਲ ਕੋਲ ਬੰਦ ਹੋਈ। ਜਿਸ ਤੇ ਸ਼ੱਕ ਹੋਇਆ ਕੀ ਹਰਪ੍ਰੀਤ ਸਿੰਘ ਉਰਫ ਹੈਪੀ, ਗੁਰਤੇਜ ਪ੍ਰੀਤ ਸਿੰਘ ਉਰਫ ਗੁਰੀ ਅਤੇ ਗੁਰਵੰਤ ਸਿੰਘ ਉਕਤ ਗੁਰਮੀਤ ਸਿੰਘ ਉਰਫ ਬਿੱਟੂ ਨੂੰ ਅਗਵਾਹ ਕਰਕੇ ਕਿਤੇ ਅਣਜਾਨ ਜਗਹਾ ਤੇ ਲੈ ਗਏ ਹਨ। ਇਸ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਤੇ ਪੁਲਿਸ ਨੇ ਗੁਮਸ਼ੁਦਗੀ ਦਾ ਮੁਕਦਮਾ ਦਰਜ ਕੀਤਾ। ਪੁਲਿਸ ਵੱਲੋਂ ਗਰੈਂਡ ਵਾਕ ਦੇ ਨਜ਼ਦੀਕ ਦੋ ਲਵਾਰਸ ਮੋਟਰਸਾਈਕਲ ਬਰਾਮਦ ਕੀਤੇ ਜਿਨਾਂ ਦੇ ਆਧਾਰ ਤੇ ਦੋਸ਼ੀਆਂ ਦੀ ਪਛਾਣ ਹੋਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਨੇ ਮੰਨਿਆ ਕਿ ਉਹਨਾਂ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ ਉਕਤ ਟੈਕਸੀ ਡਰਾਈਵਰ ਗੁਰਮੀਤ ਸਿੰਘ ਦਾ ਕਤਲ ਕੀਤਾ ਹੈ ਅਤੇ ਉਸ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ।
ਪੁਲਿਸ ਨੇ ਗੋਤਾ ਖੋਰਾਂ ਦੀਆਂ ਟੀਮਾਂ ਨੂੰ ਲਗਾ ਕੇ ਮ੍ਰਿਤਕ ਗੁਰਮੀਤ ਦੀ ਲਾਸ਼ ਨੂੰ ਪਿੰਡ ਤੁਗਲ ਦੇ ਨਜ਼ਦੀਕ ਨਹਿਰ ਵਿੱਚੋਂ ਬਰਾਮਦ ਕਰ ਲਿੱਤਾ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਐਸਐਸਪੀ ਅੰਕੁਰ ਗੁਪਤਾ ਨੇ ਅੱਗੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਇਸ ਮਾਮਲੇ ਵਿੱਚ ਤਿੰਨ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਬਲਜਿੰਦਰ ਸਿੰਘ, ਗੁਰਤੇਜ ਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਗੁਰਵੀਰ ਮਾਨ ਸਿੰਘ ਵਾਸੀਆਨ ਮੋਹੀ ਅਤੇ ਗੁਰਵੰਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਬੂੜਾਪਤੀ ਦਾਖਾ ਦੇ ਖਿਲਾਫ ਬੀਐਨਐਸ ਦੀਆਂ ਅਲੱਗ ਅਲੱਗ ਧਰਾਵਾਂ ਅਧੀਨ ਥਾਣਾ ਸੁਧਾਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਗੁਰਮੀਤ ਸਿੰਘ ਦੀ ਉਕਤ ਸਵਿਫਟ ਡਜਾਇਰ ਕਾਰ ਨੰਬਰ ਪੀਵੀ 01 ਸੀ 55 56 ਵੀ ਬਰਾਮਦ ਕਰ ਲਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਦੋਸ਼ੀਆਂ ਵੱਲੋਂ ਵਾਰਦਾਤ ਵਿੱਚ ਵਰਤੇ ਗਏ ਦੋ ਮੋਟਰਸਾਈਕਲ ਮਾਰਕਾ ਸਪਲੈਂਡਰ ਨੰਬਰ ਪੀਵੀ 10 ਐਫਜੈਡ 77 79 ਅਤੇ ਮੋਟਰਸਾਈਕਲ ਮਾਰਕਾ ਐਚ ਐਫ ਡੀਲਕਸ ਪੀਵੀ 65 ਕਿਯੂ 9007 ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਮੁਤਾਬਕ ਕਤਲ ਕਰਨ ਵਾਲੇ ਤਿੰਨੇ ਦੋਸ਼ੀ 22 ਸਾਲ ਤੋਂ 24 ਸਾਲ ਤੱਕ ਦੇ ਨੌਜਵਾਨ ਹਨ ਅਤੇ ਇਹਨਾਂ ਦੀ ਮੰਸ਼ਾ ਸਿਰਫ ਡਰਾਈਵਰ ਦੀ ਲੁੱਟ ਖੋਹ ਕਰਨਾ ਹੀ ਸੀ। ਪਰ ਡਰਾਈਵਰ ਵੱਲੋਂ ਲੁਟੇਰਿਆਂ ਦਾ ਮੁਕਾਬਲਾ ਕਰਨ ਅਤੇ ਲੁਟੇਰਿਆਂ ਦੀ ਪਹਿਚਾਣ ਕੀਤੇ ਜਾਣ ਕਾਰਨ ਉਕਤ ਲੁਟੇਰਿਆਂ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ।