← ਪਿਛੇ ਪਰਤੋ
ਟੋਅ ਵੈਨਾਂ ਦੀ ਧੱਕੇਸ਼ਾਹੀ ਖਿਲਾਫ ਸੰਘਰਸ਼ ਦਾ ਮੁੱਢ ਬੱਝਦਿਆਂ ਮਿਲਣ ਲੱਗੀ ਡਟਵੀਂ ਹਮਾਇਤ
ਅਸ਼ੋਕ ਵਰਮਾ
ਬਠਿੰਡਾ,24 ਜੂਨ 2025 : ਮਲਟੀਸਟੋਰੀ ਪਾਰਕਿੰਗ ਪ੍ਰਜੈਕਟ ਦੇ ਠੇਕੇਦਾਰ ਵੱਲੋਂ ਚਲਾਈਆਂ ਟੋਅ ਵੈਨਾਂ ਦੀ ਕਥਿਤ ਧੱਕੇਸ਼ਾਹੀ ਖਿਲਾਫ ਵਪਾਰ ਮੰਡਲ ਬਠਿੰਡਾ ਦੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ 15 ਅਗਸਤ ਨੂੰ ਬਠਿੰਡਾ ਸ਼ਹਿਰ ਬੰਦ ਰੱਖਣ ਦੇ ਐਲਾਨ ਨੂੰ ਅਗੇਤਿਆਂ ਹੀ ਹਮਾਇਤ ਮਿਲਣੀ ਸ਼ੁਰੂ ਹੋ ਗਈ ਹੈ । ਅੱਜ ਹਿੰਦੂ ਮਹਾਂਗਠਬੰਧਨ ਅਤੇ ਗਊ ਸੇਵਾ ਦਲ ਟੀਮ ਗੋਨਿਆਣਾ ਦੇ ਆਗੂਆਂ ਨੇ ਨੌਜਵਾਨ ਵੈਲਫੇਅਰ ਟੀਮ ਦੇ ਪ੍ਰਧਾਨ ਸੋਨੂੰ ਮਹੇਸ਼ਵਵਰੀ ਦੀ ਹਾਜ਼ਰੀ ਵਿੱਚ ਵਪਾਰ ਮੰਡਲ ਬਠਿੰਡਾ ਦੇ ਪ੍ਰਧਾਨ ਜੀਵਨ ਗੋਇਲ ਨੂੰ ਹਮਾਇਤ ਸਬੰਧੀ ਪੱਤਰ ਸੌਂਪਿਆ। ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਬਠਿੰਡਾ ’ਚ ਅਜਿਹੀ ਗੁੰੰਡਾਗਰਦੀ ਕਦੇ ਨਹੀਂ ਦੇਖੀ ਸੀ । ਉਨ੍ਹਾਂ ਕਿਹਾ ਕਿ ਵਪਾਰ ਮੰਡਲ ਇਸ ਕੰਮ ਵਿੱਚ ਜੋ ਵੀ ਡਿਊਟੀ ਲਾਏਗਾ ਉਸ ਨੂੰ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਪ੍ਰਸ਼ਾਸ਼ਨ ਵੱਲੋਂ ਟੋਅ ਵੈਨਾਂ ਰਾਹੀਂ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਜਿਸ ਕਰਕੇ ਇਹ ਹਮਾਇਤ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਆਵਾਜਾਈ ਨੂੰ ਸਹੀ ਰੱਖਣ ਅਤੇ ਬਜ਼ਾਰਾਂ ਚੋਂ ਭੀੜਭਾੜ ਘਟਾਉਣ ਦੇ ਮਕਸਦ ਨਾਲ ਨਗਰ ਨਿਗਮ ਬਠਿੰਡਾ ਨੇ ਕਾਂਗਰਸ ਦੇ ਰਾਜ ’ਚ ਮਲਟੀਸਟੋਰੀ ਪਾਰਕਿੰਗ ਪ੍ਰਜੈਕਟ ਦੀ ਉਸਾਰੀ ਕਰਵਾਈ ਸੀ। ਜਦੋਂ ਇਹ ਪਾਰਕਿੰਗ ਤਿਆਰ ਹੋ ਗਈ ਤਾਂ ਇਸ ਦਾ ਠੇਕਾ ਦਿੱਤਾ ਗਿਆ ਸੀ। ਜਦੋਂ ਠੇਕੇਦਾਰ ਦੇ ਕਾਰਿੰਦਿਆਂ ਨੇ ਬਜ਼ਾਰਾਂ ਚੋਂ ਕਾਰਾ ਵਗੈਰਾ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਸ਼ੁਰੂ ’ਚ ਇਸ ਦਾ ਦਬੀ ਜੁਬਾਨ ’ਚ ਵਿਰੋਧ ਹੋਇਆ ਜੋ ਹੌਲੀ ਹੌਲੀ ਤੇਜ ਹੋ ਗਿਆ। ਜਦੋਂ ਕਾਰਾਂ ਟੋਅ ਕਰਨ ਦਾ ਅਸਰ ਦੁਕਾਨਦਾਰਾਂ ਦੇ ਕਾਰੋਬਾਰ ਤੇ ਪੈਣ ਲੱਗਿਆ ਤਾਂ ਵਪਾਰ ਮੰਡਲ ਦੀ ਪਹਿਲਕਦਮੀ ਤੇ ਐਕਸ਼ਨ ਕਮੇਟੀ ਬਣਾਕੇ ਸੰਘਰਸ਼ ਸ਼ੁਰੂ ਦਾ ਆਗਾਜ਼ ਕੀਤਾ ਗਿਆ ਸੀ। ਬਠਿੰਡਾ ’ਚ ਇਹ ਪਹਿਲੀ ਵਾਰ ਹੋਇਆ ਸੀ ਕਿ 15 ਅਗਸਤ 2024 ਨੂੰ ਜਦੋਂ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਜਾਦੀ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਟੋਅ ਵੈਨ ਮੁੱਦੇ ਤੇ ਵਪਾਰੀਆਂ ਨੇ ਬਠਿੰਡਾ ਮੁਕੰਮਲ ਬੰਦ ਕਰਕੇ ਰੋਸ ਧਰਨਾ ਲਾਇਆ ਸੀ। ਹਾਲਾਂਕਿ ਜਰਨਲ ਹਾਊਸ ਦੀ ਮੀਟਿੰਗ ਲੰਮੀ ਚਰਚਾ ਤੋਂ ਮਗਰੋਂ ਮੁੱਦਾ ਇਸ ਸਿੱਟੇ ’ਤੇ ਅੱਪੜਿਆ ਕਿ ਟੋਅ ਦਾ ਕੰਮ ਨਿਗਮ ਆਪਣੇ ਕਰਮਚਾਰੀਆਂ ਦੀ ਨਿਗਰਾਨੀ ’ਚ ਕਰੇਗਾ। ਅਣਜਾਣ ਲੋਕਾਂ ਨੂੰ ਸੂਚਨਾ ਦੇਣ ਲਈ ਸ਼ਹਿਰ ’ਚ ਬੋਰਡ ਲਾਏ ਜਾਣਗੇ ਅਤੇ ਫਾਇਰ ਬ੍ਰਿਗੇਡ ਚੌਕ ’ਚ ਬਿਜਲੀ ਨਾਲ ਚੱਲਣ ਵਾਲਾ ਡਿਜੀਟਲ ਸੂਚਨਾ ਬੋਰਡ ਵੀ ਚੌਵੀ ਘੰਟੇ ਚਾਲੂ ਰੱਖਿਆ ਜਾਵੇਗਾ। ਗ਼ਲਤ ਪਾਰਕਿੰਗ ਦੀ ਸ਼ਨਾਖ਼ਤ ਲਈ ਬਾਜ਼ਾਰਾਂ ਵਿੱਚ ਵੀ ਕੈਮਰੇ ਲਾਉਣ ਦਾ ਫ਼ੈਸਲਾ ਕੀਤਾ ਗਿਆ। ਟੋਅ ਕੀਤੀ ਗੱਡੀ ਦੇ ਮਾਲਕ ਵੱਲੋਂ ਚੁਣੌਤੀ ਦਿੱਤੇ ਜਾਣ ਦੀ ਸੂਰਤ ’ਚ ਅੰਤਿਮ ਨਿਰਣਾ ਲੈਣ ਲਈ ਕਮੇਟੀ ਦੇ ਗਠਨ ਦਾ ਵੀ ਫੈਸਲਾ ਹੋਇਆ ਪਰ ਮਸਲੇ ਦਾ ਕੋਈ ਠੋਸ ਹੱਲ ਨਾਂ ਨਿਕਲ ਸਕਿਆ ਬਲਕਿ ਕਾਰਾਂ ਚੁੱਕਣ ਦਾ ਸਿਲਸਿਲਾ ਜਾਰੀ ਰਿਹਾ। ਹੁਣ ਜਦੋਂ ਇੱਕ ਵਾਰ ਫਿਰ ਸਥਿਤੀ ਗੰਭੀਰ ਹੋਣ ਲੱਗੀ ਹੈ ਤਾਂ ਵਪਾਰ ਮੰਡਲ ਨੇ ਦੇ ਮਹੀਨੇ ਪਹਿਲਾਂ 15 ਅਗਸਤ ਨੂੰ ਬਠਿੰਡਾ ਬੰਦ ਕਰਕੇ ਮੁੜ ਤੋਂ ਵੱਡਾ ਧਰਨਾ ਲਾਉਣ ਦਾ ਫੈਸਲਾ ਲਿਆ ਹੈ। ਲੁੱਟ ਦਾ ਅੱਡਾ ਬਣਿਆ ਬਠਿੰਡਾ ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਦਾ ਕਹਿਣਾ ਸੀ ਕਿ ਬਠਿੰਡਾ ਇਕਲੌਤਾ ਅਜਿਹਾ ਸ਼ਹਿਰ ਹੈ ਜਿਸ ਸ਼ਹਿਰ ਦੀ ਪਾਰਕਿੰਗ ਦੇ ਅੰਦਰੋਂ ਕਾਰਾਂ ਟੋਅ ਕਰਕੇ ਭਾਰੀ ਜੁਰਮਾਨੇ ਵਸੂਲਣ ਰਾਹੀਂ ਲੋਕਾਂ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਪੀਲੀ ਪੱਟੀ ਅੰਦਰ ਕਾਰਾਂ ਖੜ੍ਹਾਉਣ ਤੋਂ ਰੋਕਣ ਲਈ ਰੇਹੜੀਆਂ ਵਾਲਿਆਂ ਤੋਂ ਕਬਜੇ ਕਰਵਾਏ ਹੋਏ ਹਨ ਤਾਂ ਜੋ ਬਾਹਰ ਖਲੋਤੀ ਕਾਰ ਨੂੰ ਚੁੱਕਕੇ ਮੋਟਾ ਜੁਰਮਾਨਾ ਵਸੂਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਲਈ ਹੁਣ ਇਹ ਫੈਸਲਾ ਲਿਆ ਹੈ ਜੇਕਰ ਅਲਟੀਮੇਟਮ ਦੇ ਅੰਦਰ ਅੰਦਰ ਟੋਅ ਵੈਨਾਂ ਨਾਂ ਬੰਦ ਕੀਤੀਆਂ ਤਾਂ 15 ਅਗਸਤ ਨੂੰ ਤਿੱਖੇ ਸੰਘਰਸ਼ ਦਾ ਬਿਗੁਲ ਵਜਾਇਆ ਜਾਏਗਾ ਜਿਸ ਦੀ ਸਮਾਪਤੀ ਮੰਗਾਂ ਪੂਰੀਆਂ ਕਰਨ ਤੇ ਹੀ ਕੀਤੀ ਜਾਏਗੀ। ਪੁਤਲੇ ਸਾੜਨ ਦਾ ਵੀ ਫੈਸਲਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਜੇਕਰ ਸਮੱਸਿਆ ਦਾ ਹੱਲ ਨਾਂ ਕੀਤਾ ਗਿਆ ਤਾਂ ਅਫਸਰਸ਼ਾਹੀ ਅਤੇ ਸਿਆਸੀ ਲੋਕਾਂ ਦੇ ਪੁਤਲਿਆਂ ਨੂੰ ਲਾਂਬੂ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਬਠਿੰਡਾ ਅਤੇ ਠੇਕੇਦਾਰ ਨੇ ਸ਼ਹਿਰ ’ਚ ਬਣੀ ਮਲਟੀ ਸਟੋਰੀ ਪਾਰਕਿੰਗ ਨੂੰ ਸਹੂਲਤ ਬਨਾਉਣ ਦੀ ਥਾਂ ਵੱਖ ਵੱਖ ਬਜ਼ਾਰਾਂ ਚੋਂ ਕਾਰਾਂ ਟੋਅ ਕਰਨ ਰਾਹੀਂ ਲੋਕਾਂ ਦੀ ਲੁੱਟ ਕਰਕੇ ਆਪਣਾ ਬੋਝਾ ਭਰਨ ਦਾ ਸਾਧਨ ਬਣਾ ਲਿਆ ਹੈ ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਏਗਾ।
Total Responses : 2975