ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਤਸਕਰ ਕਾਬੂ
ਦੀਪਕ ਜੈਨ
ਜਗਰਾਓ, 24 ਜੂਨ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸ ਐਸ ਪੀ ਡਾਕਟਰ ਅੰਕੁਰ ਗੁਪਤਾ ਆਈਪੀਐਸ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਅੱਜ ਥਾਣਾ ਸਿਟੀ ਜਗਰਾਉਂ ਦੀ ਪੁਲਿਸ ਪਾਰਟੀ ਵੱਲੋਂ ਦੋ ਨਸ਼ਾ ਤਸਕਰਾਂ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਵਰਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਆਈਏ ਸਟਾਫ ਜਗਰਾਉਂ ਦੇ ਸਬ ਇੰਸਪੈਕਟਰ ਗੁਰਸੇਵਕ ਸਿੰਘ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਬਰਾਏ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਮਲਕ ਚੌਂਕ ਜਗਰਾਉ ਮੌਜੂਦ ਸਨ ਤਾਂ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੰਗਲ ਸਿੰਘ ਉਰਫ ਜੱਗਾ ਪੁੱਤਰ ਹੰਸ ਰਾਜ ਸਿੰਘ ਵਾਸੀ ਬੋਣਾ ਚੌਂਕ ਮੋਗਾ ਅਤੇ ਗਗਨਦੀਪ ਸਿੰਘ ਉਰਫ ਚੀਨੀ ਪੁੱਤਰ ਬਲਜੀਤ ਸਿੰਘ ਵਾਸੀ ਚੁੰਗੀ ਨੰਬਰ ਸੱਤ ਰਾਣੀਵਾਲਾ ਖੂਹ ਜਗਰਾਉਂ ਜੋ ਕਿ ਜਗਰਾਉਂ ਇਲਾਕੇ ਵਿੱਚ ਹੈਰੋਇਨ ਸਪਲਾਈ ਕਰਨ ਦਾ ਗੈਰ ਕਾਨੂੰਨੀ ਧੰਦਾ ਕਰਦੇ ਹਨ ਅਤੇ ਜੋ ਅੱਜ ਵੀ ਹੈਰੋਇਨ ਦੀ ਸਪਲਾਈ ਦੇਣ ਲਈ ਆਪਣੇ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਪਲਸ ਨੰਬਰ ਪੀਬੀ 08 ਸੀ ਡਬਲਯੂ 0591 ਉੱਤੇ ਸਵਾਰ ਹੋ ਕੇ ਸ਼ਹਿਰ ਜਗਰਾਉਂ ਤੋਂ ਪਿੰਡ ਅਲੀਗੜ ਵੱਲ ਨੂੰ ਆ ਰਹੇ ਹਨ। ਜਿਨਾਂ ਨੂੰ ਚੈਕਿੰਗ ਦੌਰਾਨ ਕਾਬੂ ਕੀਤਾ ਗਿਆ ਅਤੇ ਉਹਨਾਂ ਪਾਸੋਂ 30 ਗ੍ਰਾਮ ਹੈਰੋਇਨ, ਇੱਕ ਮੋਟਰਸਾਈਕਲ ਰੰਗ ਕਾਲਾ ਬਰਾਮਦ ਕੀਤਾ ਗਿਆ। ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।