ਸਿਹਤ ਵਿਭਾਗ ਨੇ ਦਿੱਤੀ ਹੱਥ ਧੋਣ ਨਾਲ ਬਿਮਾਰੀਆਂ ਤੋਂ ਬਚਣ ਦੇ ਨੁਕਤਿਆਂ ਸਬੰਧੀ ਜਾਣਕਾਰੀ
ਅਸ਼ੋਕ ਵਰਮਾ
ਬਠਿੰਡਾ, 24 ਜੂਨ 2025 :ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਬਠਿੰਡਾ ਵੱਲੋਂ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ । ਇਸੇ ਤਹਿਤ ਡਾ ਰਮਨਦੀਪ ਸਿੰਗਲਾ ਸਿਵਲ ਸਰਜਨ ਨੇ ਹੱਥ ਧੋਂਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਹੱਥ ਧੋਣਾ — ਬਿਮਾਰੀਆਂ ਤੋਂ ਬਚਾਅ ਦਾ ਸਭ ਤੋਂ ਸੌਖਾ ਤੇ ਪ੍ਰਭਾਵਸ਼ਾਲੀ ਤਰੀਕਾ ਹੈ। ਨਿਯਮਤ ਤੌਰ 'ਤੇ ਸਾਬਣ ਅਤੇ ਸਾਫ ਪਾਣੀ ਨਾਲ ਹੱਥ ਧੋਣ ਨਾਲ ਟਾਈਫਾਈਡ, ਡਾਇਰੀਆ, ਫਲੂ, ਕੋਵਿਡ-19 ਵਰਗੀਆਂ ਬੀਮਾਰੀਆਂ ਤੋਂ ਰੋਕਥਾਮ ਕੀਤੀ ਜਾ ਸਕਦੀ ਹੈ।ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਬਹੁਤੇ ਲੋਕ ਖਾਣਾ ਖਾਣ ਤੋਂ ਅਤੇ ਖਾਣਾ ਪਰੋਸਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਨਹੀਂ ਧੋਂਦੇ, ਜਿਸ ਕਰਕੇ ਸਾਡੇ ਅੰਦਰ ਬਹੁਤ ਸਾਰੇ ਜਰਮ ਚਲੇ ਜਾਂਦੇ ਹਨ ਜਿਸ ਕਰਕੇ ਅਸੀਂ ਬਿਮਾਰੀਆਂ ਦੀ ਗ੍ਰਹਿਸਤ ਵਿੱਚ ਆ ਜਾਂਦੇ ਹਾਂ
ਉਹਨਾਂ ਕਿਹਾ ਕਿ ਸਾਡਾ ਸਮਾਂ, ਸਿਹਤ ਅਤੇ ਆਰਥਿਕ ਤੌਰ ਤੇ ਬਹੁਤ ਨੁਕਸਾਨ ਹੁੰਦਾ ਹੈ। ਉਹਨਾਂ ਅਧਿਆਪਕਾਂ ਅਤੇ ਬੱਚਿਆਂ ਨੂੰ ਦੱਸਿਆ ਕਿ 6 ਸਟੈਪਵਾਈਜ਼ ਨਾਲ 20 ਸੈਕਿੰਡ ਤੱਕ ਹੱਥ ਚੰਗੀ ਤਰ੍ਹਾ ਸਾਬਣ ਅਤੇ ਪਾਣੀ ਨਾਲ ਧੋਣੇ ਚਾਹੀਦੇ ਹਨ। ਖਾਸ ਕਰਕੇ ਖਾਣੇ ਤੋਂ ਪਹਿਲਾਂ ਅਤੇ ਬਾਅਦ, ਟਾਇਲਟ ਦੀ ਵਰਤੋਂ ਤੋਂ ਬਾਅਦ, ਬੱਚਿਆਂ ਦੀ ਸੰਭਾਲ ਤੋਂ ਬਾਅਦ, ਛਿਕਣ ਜਾਂ ਖੰਘਣ ਤੋਂ ਬਾਅਦ, ਜਾਨਵਰ ਨੂੰ ਛੂਹਣ ਤੋਂ ਬਾਅਦ ਤਾਂ ਜੋ ਅਸੀਂ ਆਪਣੇ ਆਪ, ਪਰਿਵਾਰ ਨੂੰ ਅਤੇ ਸਮਾਜ ਨੂੰ ਬਿਮਾਰੀਆਂ ਤੋਂ ਬਚਾ ਸਕੀਏ। ਸਿਹਤ ਵਿਭਾਗ ਵੱਲੋਂ ਸਕੂਲਾਂ, ਆਂਗਣਵਾੜੀਆਂ, ਪੰਚਾਇਤ ਘਰਾਂ, ਹਸਪਤਾਲਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਹੱਥ ਧੋਣ ਦੀ ਵਿਧੀ ਸਿਖਾਈ ਜਾਵੇ ਅਤੇ ਜਨਤਾ ਵਿੱਚ ਇਸ ਬਾਰੇ ਜਾਗਰੂਕਤਾ ਫੈਲਾਈ ਜਾਵੇ। ਸੱਚਮੁੱਚ, ਸਾਫ ਹੱਥ ਸਿਰਫ ਸਰੀਰਕ ਸਿਹਤ ਲਈ ਹੀ ਨਹੀਂ, ਇਕ ਜ਼ਿੰਮੇਵਾਰ ਸਮਾਜ ਦੀ ਨਿਸ਼ਾਨੀ ਵੀ ਹਨ। ਆਓ ਇਸ ਸੰਦੇਸ਼ ਨੂੰ ਘਰ-ਘਰ ਤਕ ਪਹੁੰਚਾਈਏ ।