ਬਠਿੰਡਾ ਜ਼ਿਲ੍ਹੇ ਵਿੱਚ ਮੱਕੀ ਦੀ ਬਿਜਾਈ ਹੇਠ ਰਕਬੇ ‘ਚ ਹਰ ਸਾਲ ਹੋ ਰਿਹਾ ਵਾਧਾ : ਮੁੱਖ ਖੇਤੀਬਾੜੀ ਅਫਸਰ
ਅਸ਼ੋਕ ਵਰਮਾ
ਬਠਿੰਡਾ, 24 ਜੂਨ 2025 : ਬਠਿੰਡਾ ਜ਼ਿਲ੍ਹੇ ‘ਚ ਮੱਕੀ ਦੀ ਬਿਜਾਈ ਹੇਠ ਰਕਬੇ ‘ਚ ਹਰ ਸਾਲ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਤਹਿਤ ਸਾਲ 2025 ਦੌਰਾਨ 1500 ਹੈਕਟੇਅਰ (ਕਰੀਬ 3750 ਏਕੜ) ਰਕਬੇ ‘ਚ ਸਾਉਣੀ ਮੱਕੀ ਦੀ ਬਿਜਾਂਦ ਕਰਕੇ ਕਿਸਾਨਾਂ ਵਲੋਂ ਧਰਤੀ ਹੇਠਲੇ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਸਾਂਝੀ ਕੀਤੀ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਤਹਿਤ ਖੇਤੀ ਨੂੰ ਟਿਕਾਊ ਬਣਾਉਣ ਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਝੋਨੇ ਹੇਠਲਾ ਰਕਬਾ ਕੱਢ ਕੇ ਮੱਕੀ ਹੇਠ ਲਿਆਉਣ ਲਈ ਜ਼ਿਲ੍ਹੇ ‘ਚ 1500 ਹੈਕਟੇਅਰ ਰਕਬੇ ਵਿੱਚ ਸਾਉਣੀ ਮੱਕੀ ਦੀ ਕਾਸ਼ਤ ਕਰਵਾਈ ਜਾ ਰਹੀ ਹੈ, ਜਿਸ ਦੀ ਬਿਜਾਈ ਜੂਨ ਮਹੀਨੇ ਦੇ ਆਖੀਰ ਤੱਕ ਕੀਤੀ ਜਾ ਸਕਦੀ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਜ਼ਿਲ੍ਹੇ ਦਾ ਜੋ ਵੀ ਕਿਸਾਨ ਝੋਨੇ ਦੀ ਕਾਸ਼ਤ ਕਰਨ ਦੀ ਬਜਾਏ, ਸਾਉਣੀ ਮੱਕੀ ਦੀ ਕਾਸ਼ਤ ਕਰੇਗਾ, ਉਨ੍ਹਾਂ ਨੂੰ ਪ੍ਰਤੀ ਹੈਕਟੇਅਰ 17,500 ਰੁਪਏ ਪ੍ਰੋਤਸਾਹਨ ਰਾਸ਼ੀ ਸਿੱਧੇ ਬੈਂਕ ਖਾਤਿਆਂ ਵਿੱਚ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੱਕੀ ਦੀ ਖਰੀਦ ਘੱਟੋਂ-ਘੱਟ ਸਮਰਥਨ ਮੁੱਲ ‘ਤੇ ਖਰੀਦਣਾ ਯਕੀਨੀ ਬਣਾਇਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਅਤੇ ਖੇਤੀਬਾੜੀ ਅਧਿਕਾਰੀਆਂ ‘ਚ ਤਾਲਮੇਲ ਵਧਾਉਣ ਲਈ ਵੱਖ-ਵੱਖ ਪਿੰਡਾਂ ਦੇ 40 ਅਗਾਂਹਵਧੂ ਨੌਜਵਾਨ ਬਤੌਰ ਕਿਸਾਨ ਮਿੱਤਰ ਨਿਯੁਕਤ ਕੀਤੇ ਗਏ ਹਨ, ਇਹ ਕਿਸਾਨ ਮਿੱਤਰ ਕਿਸਾਨਾਂ ਨਾਲ ਤਾਲਮੇਲ ਕਰਕੇ ਮੱਕੀ ਦੀ ਬਿਜਾਂਦ ਦਾ ਦਿੱਤਾ ਗਿਆ ਟੀਚਾ ਪੂਰਾ ਕਰਨ ਵਿੱਚ ਸਹਿਯੋਗ ਦੇਣਗੇ।
ਉਨ੍ਹਾਂ ਦੱਸਿਆ ਕਿ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਪੋਰਟਲ ‘ਤੇ ਰਜਿਸਟਰਡ ਕਰਨ ਅਤੇ ਹੋਰ ਤਕਨੀਕੀ ਸਹਾਇਤਾ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਦੇ ਅਧਿਕਾਰੀਆਂ ⁄ ਕਰਮਚਾਰੀਆਂ ਵੱਲੋਂ ਕਿਸਾਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਹਰੇਕ ਕਿਸਾਨ ਵਲੋਂ ਘੱਟੋਂ-ਘੱਟ ਇੱਕ ਏਕੜ ਰਕਬੇ ਵਿੱਚ ਮੱਕੀ ਦੀ ਬਿਜਾਂਦ ਜ਼ਰੂਰ ਕਰਨ ਤਾਂ ਜੋ ਝੋਨੇ ਦੀ ਕਾਸ਼ਤ ਕਰਨ ਨਾਲ ਆਉਣ ਵਾਲੀਆਂ ਸਮੱਸਿਆਵਾਂ ਘੱਟ ਕੀਤੀਆਂ ਜਾ ਸਕਣ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ।
ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਮੱਕੀ ਦੀ ਬਿਜਾਈ ਨੂੰ ਪ੍ਰਫੁਲਿਤ ਕਰਨ ਲਈ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਅਤੇ ਅਗਾਂਹਵਧੂ ਕਿਸਾਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲੈਣ ਲਈ ਆਪਣੇ ਨੇੜਲੇ ਬਲਾਕ ਖੇਤੀਬਾੜੀ ਅਫ਼ਸਰ ਨਾਲ ਤਾਲਮੇਲ ਕੀਤਾ ਜਾਵੇ।