ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਵਿਦਿਆਰਥੀ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਉਚੇਰੀ ਸਿੱਖਿਆ ਹਾਸਲ ਕਰਨਗੇ
ਲੁਧਿਆਣਾ 24 ਜੂਨ, 2025 - ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦੇ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਦਾ ਮੌਕਾ ਮਿਲ ਰਿਹਾ ਹੈ| ਇਹਨਾਂ ਵਿੱਚੋਂ 2019 ਬੈਚ ਦੇ ਗਿਆਰਾਂ ਵਿਦਿਆਰਥੀ ਜਿਨ੍ਹਾਂ ਨੇ 2023 ਵਿਚ ਡਿਗਰੀ ਮੁਕੰਮਲ ਕੀਤੀ ਅਤੇ 2020 ਵਿਚ ਦਾਖਲ ਹੋ ਕੇ 2024 ਵਿਚ ਪੜਾਈ ਪੂਰੀ ਕਰਨ ਵਾਲੇ ਪੰਜ ਵਿਦਿਆਰਥੀ ਅਮਰੀਕਾ, ਆਸਟਰੇਲੀਆ ਅਤੇ ਸਵੀਡਨ ਦੀਆਂ ਯੂਨੀਵਰਸਿਟੀਆਂ ਵਿਚ ਪੜਾਈ ਲਈ ਚੁਣੇ ਗਏ ਹਨ| ਪੀ.ਏ.ਯੂ. ਤੋਂ ਬੀ ਟੈੱਕ ਬਾਇਓਤਕਨਾਲੋਜੀ ਪ੍ਰੋਗਰਾਮ ਮੁਕੰਮਲ ਕਰਨ ਵਾਲੇ ਇਹਨਾਂ ਵਿਦਿਆਰਥੀਆਂ ਨੂੰ ਅਮਰੀਕਾ ਦੀ ਔਬਰਨ ਯੂਨੀਵਰਸਿਟੀ ਅਮਰੀਕਾ ਦੀ ਹੀ ਟੈਕਸਾਸ ਟੈੱਕ ਯੂਨੀਵਰਸਿਟੀ, ਅਮਰੀਕਾ ਦੀ ਦੱਖਣੀ ਡਿਕੋਤਾ ਯੂਨੀਵਰਸਿਟੀ, ਆਸਟਰੇਲੀਆ ਦੀ ਡੀਕਿੰਨ ਯੂਨੀਵਰਸਿਟੀ ਅਤੇ ਸਵੀਡਨ ਦੀ ਉਪਸਾਲਾ ਯੂਨੀਵਰਸਿਟੀ ਵਿਚ ਪੜਾਈ ਲਈ ਚੁਣਿਆ ਗਿਆ ਹੈ| ਸਾਲ 2008-09 ਵਿਚ ਸਥਾਪਿਤ ਹੋਏ ਖੇਤੀ ਬਾਇਓਤਕਨਾਲੋਜੀ ਸਕੂਲ ਵੱਲੋਂ ਵਿਦਿਆਰਥੀਆਂ ਦੀ ਅਕਾਦਮਿਕ ਅਤੇ ਵਿਦਿਅਕ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਯਤਨਾਂ ਦੇ ਸਿੱਟੇ ਵਜੋਂ ਇਹਨਾਂ ਦਾਖਲਿਆਂ ਨੂੰ ਦੇਖਿਆ ਜਾ ਰਿਹਾ ਹੈ|
ਜ਼ਿਕਰਯੋਗ ਹੈ ਕਿ ਬੀ ਟੈੱਕ ਦੇ ਵਿਦਿਆਰਥੀ ਸਿਧਾਂਤਕ ਪੜਾਈ ਤੋਂ ਬਾਅਦ ਇਕ ਸਾਲ ਬਾਇਓਤਕਨਾਲੋਜੀ ਪ੍ਰਯੋਗਸ਼ਲਾਵਾਂ ਵਿਚ ਹੱਥੀਂ ਤਜਰਬਾ ਹਾਸਲ ਕਰਦੇ ਹਨ| ਇਸ ਨਾਲ ਉਹਨਾਂ ਦੀ ਵਿਗਿਆਨਕ ਮੁਹਾਰਤ ਅਤੇ ਕਾਰਜ ਸਮਰਥਾ ਵਿਚ ਨਿਖਾਰ ਆਉਂਦਾ ਹੈ| ਇਹ ਵਿਦਿਆਰਥੀ ਨਾ ਸਿਰਫ ਬਾਇਓਤਕਨਾਲੋਜੀ ਉਦਯੋਗ, ਖੇਤੀ ਅਤੇ ਅਪਲਾਈਡ ਖੋਜ ਦੇ ਖੇਤਰ ਵਿਚ ਆਪਣਾ ਭਵਿੱਖ ਬਨਾਉਣਗੇ ਬਲਕਿ ਜੇ ਇਹ ਚਾਹੁਣ ਤਾਂ ਬਾਇਓਤਕਨਾਲੋਜੀ ਦੇ ਉੱਦਮੀਆਂ ਵਜੋਂ ਵੀ ਕਾਰਜ ਕਰ ਸਕਦੇ ਹਨ| ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹੁਣ ਤੱਕ ਤੇਰ੍ਹਾਂ ਬੈਚ ਆਪਣੀ ਡਿਗਰੀ ਪੂਰੀ ਕਰ ਚੁੱਕੇ ਹਨ| ਪਿਛਲੇ ਸੱਤਾਂ ਸਾਲਾਂ ਦੌਰਾਨ 102 ਵਿਦਿਆਰਥੀਆਂ ਨੂੰ ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿਚ ਦਾਖਲਾ ਮਿਲਿਆ ਅਤੇ 92 ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਭਾਰਤ ਦੀਆਂ ਸਿਖਲਰੀਆਂ ਸੰਸਥਾਵਾਂ ਨੂੰ ਚੁਣਿਆ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਹੋਰ ਉੱਚ ਅਧਿਕਾਰੀਆਂ ਨੇ ਇਹਨਾਂ ਵਿਦਿਆਰਥੀਆਂ ਅਤੇ ਬਾਇਓਤਕਨਾਲੋਜੀ ਸਕੂਲ ਦੇ ਮਾਹਿਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ|